
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਖ਼ਬਰ ਇਕ ਸਾਲ ਪੁਰਾਣੀ ਹੈ, ਜਿਸ ਨੂੰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਕੋਰੋਨਾ ਵਾਇਰਸ ਦੇ ਕੇਸਾਂ ਵਿਚ ਇਕ ਵਾਰ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਮੁਤਾਬਕ ਪੰਜਾਬ , ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਸੇ ਕ੍ਰਮ ਵਿਚ ਸੋਸ਼ਲ ਮੀਡੀਆ 'ਤੇ ਇਕ ਖ਼ਬਰ ਵਾਇਰਲ ਹੋ ਰਹੀ ਹੈ। ਖ਼ਬਰ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੂਨ ਦੇ ਅਖੀਰ ਤਕ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੋਣ ਦੀ ਸੰਭਾਵਨਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਖ਼ਬਰ ਇਕ ਸਾਲ ਪੁਰਾਣੀ ਹੈ, ਜਿਸ ਨੂੰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਵਟਸਐੱਪ 'ਤੇ ਇਹ ਖ਼ਬਰ ਕਾਫ਼ੀ ਵਾਇਰਲ ਹੋ ਰਹੀ ਹੈ। ਖ਼ਬਰ ਵਿਚ ਲਿਖਿਆ ਹੋਇਆ ਹੈ, ''ਜੂਨ ਦੇ ਅਖੀਰ ਤਕ ਦਿੱਲੀ 'ਚ 1 ਲੱਖ ਕੋਰੋਨਾ ਮਰੀਜ਼ ਹੋਣ ਦੀ ਸੰਭਾਵਨਾ''
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵਾਇਰਲ ਖ਼ਬਰ ਨੂੰ ਲੈ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ ਕਿ ਕੀ ਹਾਲ ਹੀ ਵਿਚ ਦਿੱਲੀ 'ਚ ਜੂਨ ਦੇ ਅਖ਼ੀਰ ਤੱਕ 1 ਲੱਖ ਤੋਂ ਵੱਧ ਕੇਸ ਆਉਣ ਬਾਰੇ ਜਾਣਕਾਰੀ ਆਈ ਹੈ ਜਾਂ ਨਹੀਂ। ਸਰਚ ਦੌਰਾਨ ਸਾਨੂੰ ਹਾਲੀਆ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜਿਸ ਵਿਚ ਜੂਨ ਮਹੀਨੇ ਦੇ ਅਖ਼ੀਰ ਤੱਕ ਦਿੱਲੀ ਵਿਚ 1 ਲੱਖ ਤੋਂ ਵੱਧ ਕੋਰੋਨਾ ਕੇਸ ਆਉਣ ਦੀ ਸੰਭਾਵਨਾ ਦੱਸੀ ਗਈ ਹੋਵੇ।
ਹਾਲਾਂਕਿ ਸਰਚ ਦੌਰਾਨ ਸਾਨੂੰ 2020 ਵਿਚ ਅਪਲੋਡ ਕੀਤੀਆਂ ਅਜਿਹੀਆਂ ਕਈ ਖ਼ਬਰਾਂ ਮਿਲੀਆਂ। ਜਿਸ ਵਿਚ 2020 ਦੇ ਜੂਨ ਮਹੀਨੇ ਦੇ ਅਖ਼ੀਰ ਤੱਕ ਦਿੱਲੀ ਵਿਚ 1 ਲੱਖ ਤੋਂ ਵੱਧ ਕੋਰੋਨਾ ਕੇਸ ਆਉਣ ਦੀ ਸੰਭਾਵਨਾ ਬਾਰੇ ਦੱਸਿਆ ਗਿਆ ਸੀ। ਸਰਚ ਦੌਰਾਨ ਸਾਨੂੰ punjabi.hindustantimes.com ਦੀ ਵੈੱਬਸਾਈਟ 'ਤੇ 7 ਜੂਨ 2020 ਨੂੰ ਅਪਲੋਡ ਕੀਤੀ ਇਕ ਰਿਪੋਰਟ ਮਿਲੀ। ਰਿਪੋਰਟ ਦੀ ਹੈੱਡਲਾਈਨ ਸੀ, ''ਜੂਨ ਦੇ ਅਖੀਰ ਤਕ ਦਿੱਲੀ 'ਚ 1 ਲੱਖ ਕੋਰੋਨਾ ਮਰੀਜ਼ ਹੋਣ ਦੀ ਸੰਭਾਵਨਾ''
ਰਿਪੋਰਟ ਅਨੁਸਾਰ 2020 ਦੇ ਜੂਨ ਮਹੀਨੇ ਦੇ ਅਖ਼ੀਰ ਤਕ ਦਿੱਲੀ 'ਚ 1 ਲੱਖ ਕੋਰੋਨਾ ਮਰੀਜ਼ ਹੋਣ ਦੀ ਸੰਭਾਵਨਾ ਹੈ ਇਹ ਗੱਲ ਦਿੱਲੀ ਸਰਕਾਰ ਦੀ ਆਪਣੀ ਕੋਵਿਡ-19 ਕਮੇਟੀ ਨੇ ਕਹੀ ਸੀ। ਦਿੱਲੀ ਸਰਕਾਰ ਵੱਲੋਂ 2 ਮਈ 2020 ਨੂੰ ਗਠਿਤ ਕੀਤੀ ਗਈ ਡਾਕਟਰਾਂ ਦੀ ਪੰਜ ਮੈਂਬਰੀ ਟੀਮ ਅਨੁਸਾਰ ਜੂਨ ਦੇ ਆਖ਼ਰੀ ਤਕ ਦਿੱਲੀ 'ਚ ਘੱਟ ਤੋਂ ਘੱਟ 1 ਲੱਖ ਕੋਵਿਡ-19 ਮਾਮਲੇ ਹੋਣ ਦੀ ਸੰਭਾਵਨਾ ਹੈ। ਡਾ. ਮਹੇਸ਼ ਸ਼ਰਮਾ ਨੇ ਦੱਸਿਆ ਕਿ ਕਮੇਟੀ ਨੇ ਦਿੱਲੀ ਸਰਕਾਰ ਨੂੰ ਆਪਣੀ ਰਿਪੋਰਟ ਦੇ ਦਿੱਤੀ ਹੈ। ਰਿਪੋਰਟ ਅਨੁਸਾਰ ਦਿੱਲੀ 'ਚ 15 ਹਜ਼ਾਰ ਬੈੱਡ ਦਾ ਪ੍ਰਬੰਧ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ 'ਚ ਮਰੀਜਾਂ ਦੀ ਗਿਣਤੀ ਨੂੰ ਦੇਖਦੇ ਹੋਏ ਕਰੀਬ 25% ਮਰੀਜ਼ਾਂ ਨੂੰ ਹਸਪਤਾਲ 'ਚ ਭਰਤੀ ਕਰਨ ਦੀ ਜ਼ਰੂਰਤ ਪਵੇਗੀ। ਡਾ. ਮਹੇਸ਼ ਵਰਮਾ ਨੇ ਕਿਹਾ ਸੀ ਕਿ ਦਿੱਲੀ 'ਚ 15 ਜੁਲਾਈ ਤੱਕ 42 ਹਜ਼ਾਰ ਬੈੱਡ ਦੀ ਜ਼ਰੂਰਤ ਪਵੇਗੀ।
ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਪੰਜਾਬੀ ਜਾਗਰਣ ਦੀ ਰਿਪੋਰਟ ਵੀ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। ਇਹ ਰਿਪੋਰਟ ਵੀ 7 ਜੂਨ 2020 ਨੂੰ ਅਪਲੋਡ ਕੀਤੀ ਹੋਈ ਸੀ। ਰਿਪੋਰਟ ਵਿਚ ਨਿਊਜ਼ ਏਜੰਸੀ ਏਐੱਨਆਈ ਦਾ ਟਵੀਟ ਵੀ ਅਪਲੋਡ ਕੀਤਾ ਗਿਆ ਸੀ ਜਿਸ ਵਿਚ ਵੀ ਇਹੀ ਕਿਹਾ ਗਿਆ ਸੀ ਕਿ ਜੂਨ ਦੇ ਅਖੀਰ ਤੱਕ 1 ਲੱਖ ਮਰੀਜ਼ ਆਉਣ ਦੀ ਸੰਭਾਵਨਾ ਹੈ।
ਇਸ ਤੋਂ ਬਾਅਦ ਅਸੀਂ ਦਿੱਲੀ ਸਰਕਾਰ ਦੀ ਅਧਿਕਾਰਕ ਵੈੱਬਸਾਈਟ ਵੀ ਖੰਗਾਲੀ ਪਰ ਸਾਨੂੰ ਹਾਲ ਵਿਚ ਸਾਂਝੀ ਕੀਤੀ ਗਈ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ।
ਦੱਸ ਦਈਏ ਕਿ ਸ਼ਨੀਵਾਰ ਨੂੰ ਦਿੱਲੀ ਵਿਚ ਫਿਰ 400 ਤੋਂ ਵੱਧ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 419 ਮਾਮਲੇ ਸਾਹਮਣੇ ਆਏ ਅਤੇ 3 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੰਕਰਮਿਤ ਲੋਕਾਂ ਦੀ ਸੰਖਿਆ 6,43,289 ਹੋ ਗਈ ਹੈ ਤੇ ਹੁਣ ਤੱਕ 10,939 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਖ਼ਬਰ ਤਕਰੀਬਨ ਇਕ ਸਾਲ ਪੁਰਾਣੀ ਹੈ। ਜਿਸ ਨੂੰ ਮੁੜ ਤੋਂ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Claim: ਜੂਨ ਦੇ ਅਖੀਰ ਤਕ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੋਣ ਦੀ ਸੰਭਾਵਨਾ
Claimed By: whatsapp user, sharechat user
Fact Check : ਫਰਜ਼ੀ