
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ 5 ਸਾਲ ਪੁਰਾਣਾ ਹੈ ਤੇ ਇਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
Rozana Spokesman ( ਪੰਜਾਬ, ਮੋਹਾਲੀ ਟੀਮ) - ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਵਿਚ ਕੁੱਝ ਲੋਕਾਂ ਦੇ ਸਮੂਹ ਪਾਕਿਸਤਾਨ ਦੇ ਹੱਕ ਵਿਚ ਨਾਅਰੇ ਲਗਾ ਰਹੇ ਹਨ। ਇਹ ਵੀਡੀਓ ਕਿਸਾਨ ਅੰਦੋਲਨ ਦਾ ਦੱਸਿਆ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਕਿਸਾਨ ਆਪਣੇ ਅੰਦੋਲਨ ਵਿਚ ਪਾਕਿਸਤਾਨ ਦੇ ਹੱਕ ਵਿਚ ਨਾਅਰੇ ਸ਼ਰੇਆਮ ਲਗਾ ਰਹੇ ਹਨ। ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ 5 ਸਾਲ ਪੁਰਾਣਾ ਹੈ ਤੇ ਇਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਵਾਇਰਲ ਪੋਸਟ ਦਾ ਦਾਅਵਾ
ਫੇਸਬੁੱਕ ਦੇ ਇਕ ਯੂਜ਼ਰ ਸ਼ੁਕਲਾ ਰਾਹੁਲ ਨੇ 9 ਦਸੰਬਰ ਨੂੰ ਇਕ ਵੀਡੀਓ ਪੋਸਟ ਕੀਤਾ ਸੀ ਜਿਸ ਵਿਚ ਕਿਸਾਨ ਅੰਦੋਲਨ ਦੀ ਦੇਸ਼ ਵਿਰੋਧ ਝਲਕ ਦਿਖਾਈ ਗਈ ਹੈ। ਇਸ 1 ਮਿੰਟ ਦੇ ਵੀਡੀਓ ਵਿਚ ਕਸ਼ਮੀਰ ਬਣੇਗਾ ਖਾਲਿਸਤਾਨ, ਪੰਜਾਬ ਬਣੇਗਾ ਖਾਲਿਸਤਾਨ ਦੇ ਨਾਅਰੇ ਲਗਾਏ ਜਾ ਰਹੇ ਹਨ।
ਸਪੋਕਸਮੈਨ ਵੱਲੋਂ ਕੀਤੀ ਪੜਤਾਲ
ਜਦੋਂ ਸਪੋਕਸਮੈਨ ਨੇ ਇਸ ਵੀਡੀਓ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਇਸ ਵੀਡੀਓ ਵਿਚ ਅਸੀਂ ਦੇਖਿਆ ਕਿ ਵੀਡੀਓ ਵਿਚ ਕੁੱਝ ਪਹਾੜ ਦਿਖ ਰਹੇ ਹਨ ਫਿਰ ਜਦੋਂ ਅਸੀਂ ਯੂਟਿਊਬ 'ਤੇ kashmir Bnega Khalistan ਸਰਚ ਕੀਤਾ ਤਾਂ ਇਸਦਾ ਅਸਲੀ ਵੀਡੀਓ Kashmir Pulse Tv ਤੇ ਮਿਲਿਆ ਤੇ ਇਹ ਵੀਡੀਓ ਪੂਰ 3 ਮਿੰਟ ਦਾ ਤੇ 19 ਅਕਤੂਬਰ 2015 ਨੂੰ ਅਪਲੋਡ ਕੀਤਾ ਗਿਆ ਸੀ ਤੇ ਅਸੀਂ ਪਾਇਆ ਕਿ ਇਹ ਵੀਡੀਓ ਪੰਜਾਬ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਕੀਤਾ ਗਿਆ ਹੈ। ਇਸ ਵੀਡੀਓ ਵਿਚ ਇਕ ਸਿੱਖ ਵਿਅਕਤੀ ਇਸ ਪ੍ਰਦਰਸ਼ਨ ਬਾਰੇ ਪੂਰੀ ਜਾਣਕਾਰੀ ਦੇ ਰਿਹਾ ਹੈ। ਤੁਸੀਂ ਇਸ ਵੀਡੀਓ ਨੂੰ The Kashmir Pulse ਟੀਵੀ ਦੇ ਯੂਟਿਊਬ ਪੇਜ਼ 'ਤੇ ਦੇਖ ਸਕਦੇ ਹੋ।
ਜਦੋਂ ਅਸੀਂ ਇਸ ਵੀਡੀਓ ਬਾਰੇ ਹੋਰ ਖਬਰਾਂ ਵੀ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਸ ਪ੍ਰਦਰਸ਼ਨ ਦੀ ਇਕ ਖ਼ਬਰ DECCAN CHRONICLE 'ਤੇ ਮਿਲੀ ਅਤੇ ਇਹ ਖ਼ਬਰ ਵੀ 19 ਅਕਤੂਬਰ 2015 ਨੂੰ ਅਪਲੋਡ ਕੀਤੀ ਗਈ ਸੀ। ਖਬਰ ਅਨੁਸਾਰ ਇਹ ਪ੍ਰਦਰਸ਼ਨ ਪੰਜਾਬ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਹੀ ਕੀਤਾ ਜਾ ਰਿਹਾ ਸੀ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਫਰਜ਼ੀ ਹੈ ਤੇ ਇਸ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ ਜੋ ਕਿ 5 ਸਾਲ ਪੁਰਾਣਾ ਹੈ ਜਦੋਂ ਕਸ਼ਮੀਰ ਦੇ ਬਾਰਾਮੂਲਾ ਵਿਚ ਪੰਜਾਬ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
Claim - ਵਾਇਰਲ ਵੀਡੀਓ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਆਪਣੇ ਪ੍ਰਦਰਸ਼ਨ ਵਿਚ ਖਾਲਿਸਤਾਨ ਤੇ ਪਾਕਿਸਤਾਨ ਦੇ ਹੱਕ ਵਿਚ ਨਾਅਰੇ ਲਗਾ ਰਹੇ ਹਨ।
Claimed By - Shukla rahul
Fact Check - ਗਲਤ