
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਹੀਆਂ ਕਾਰਾਂ ਮਹਿੰਦਾ ਰਾਜਪਕਸ਼ੇ ਦੇ ਮੁੰਡੇ ਦੀਆਂ ਨਹੀਂ ਬਲਕਿ ਇੱਕ ਕਰੋੜਪਤੀ ਹੋਟਲ ਦੇ ਮਾਲਕ ਦੀਆਂ ਸਨ।
RSFC (Team Mohali)- ਸ਼੍ਰੀਲੰਕਾ ਵਿਚ ਚੱਲ ਰਹੇ ਆਰਥਿਕ ਸੰਕਟ ਅਤੇ ਸਿਆਸੀ ਸੰਕਟ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਵਿਚਕਾਰ ਬੀਤੇ ਮੰਗਲਵਾਰ ਨੂੰ ਮਹਿੰਦਾ ਰਾਜਪਕਸ਼ੇ ਨੇ ਚੁਣੀ ਹੋਈ ਸਰਕਾਰ ਨੂੰ ਹਟਾ ਕੇ ਅਸਤੀਫ਼ਾ ਦੇ ਦਿੱਤਾ। ਅਸਤੀਫੇ ਤੋਂ ਬਾਅਦ ਰਾਨਿਲ ਵਿਕਰਮਸਿੰਘੇ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਹੁਣ ਸੋਸ਼ਲ ਮੀਡੀਆ 'ਤੇ ਮਹਿੰਦਾ ਰਾਜਪਕਸ਼ੇ ਦੇ ਮੁੰਡੇ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਇੱਕ ਵੀਡੀਓ ਹੈ ਜਿਸਦੇ ਵਿਚ ਪਹਿਲਾਂ ਲਗਜ਼ਰੀ ਕਾਰਾਂ ਦੇ ਗੈਰਾਜ ਨੂੰ ਵੇਖਿਆ ਜਾ ਸਕਦਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਕਰੋੜਾਂ ਦੀ ਗੱਡੀਆਂ ਨੂੰ ਸੜ ਕੇ ਸੁਆਹ ਹੁੰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੱਡੀਆਂ ਮਹਿੰਦਾ ਰਾਜਪਕਸ਼ੇ ਦੇ ਪੁੱਤਰ ਦੀਆਂ ਸਨ ਜਿਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਸਾੜ ਦਿੱਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀਆਂ ਕਾਰਾਂ ਮਹਿੰਦਾ ਰਾਜਪਕਸ਼ੇ ਦੇ ਮੁੰਡੇ ਦੀਆਂ ਨਹੀਂ ਬਲਕਿ ਇੱਕ ਕਰੋੜਪਤੀ ਹੋਟਲ ਦੇ ਮਾਲਕ ਦੀਆਂ ਸਨ। ਕੁਝ ਰਿਪੋਰਟਾਂ ਅਨੁਸਾਰ ਦਾਅਵਾ ਕੀਤਾ ਗਿਆ ਹੈ ਕਿ ਹੋਟਲ ਮਾਲਕ ਦੀਆਂ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨਾਲ ਨੇੜਤਾ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ 'Life Coach Randeep Singh' ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਦੇਖੋ ਸ਼੍ਰੀ ਲੰਕਾ ਦੇ ਸਭ ਤੋ ਅਮੀਰ ਬੰਦੇ ਦਾ ਹਾਲ Prime Minister ਦੇ ਮੁੰਡੇ ਦਾ Lifestyle ਕੀ ਸੀ ਪਹਿਲਾ ਤੇ ਅੱਜ ਉਹਦਾ ਕੀ ਹਾਲ ਹੈ।"
ਇਸ ਵੀਡੀਓ ਨੂੰ ਹੋਰ ਭਾਸ਼ਾਵਾਂ ਵਿਚ ਵੀ ਸਮਾਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Rajapaksa sons had Rolls Royce, Lamborghini, Ferrari and Mclaren etc.
— Gabbar (@Gabbar0099) May 11, 2022
See what happened to them yesterday. pic.twitter.com/O1Rpw8loor
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ ਕਈ ਵੀਡੀਓਜ਼ ਮਿਲੀਆਂ ਜਿਨ੍ਹਾਂ ਵਿਚ ਇਨ੍ਹਾਂ ਮਹਿੰਗੀਆਂ ਕਾਰਾਂ ਨੂੰ ਅੱਗ ਦੀ ਲਪੇਟ 'ਚ ਦੇਖਿਆ ਜਾ ਸਕਦਾ ਸੀ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਨ੍ਹਾਂ ਵੀਡੀਓਜ਼ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰ ਨੇ ਦਾਅਵੇ ਨੂੰ ਗ਼ਲਤ ਦੱਸਿਆ ਅਤੇ ਇਨ੍ਹਾਂ ਕਾਰਾਂ ਨੂੰ ਸ੍ਰੀ ਲੰਕਾ ਦੇ ਅਵੈਨਰਾ ਗਾਰਡਨ ਹੋਟਲ ਦੇ ਕਰੋੜਪਤੀ ਮਾਲਕ ਦਾ ਦੱਸਿਆ।
ਅੱਗੇ ਵਧਦੇ ਹੋਏ ਅਸੀਂ ਗੂਗਲ 'ਤੇ 'ਅਵੈਨਰਾ ਗਾਰਡਨ' ਸਣੇ ਕਈ ਹੋਰ ਕੀਵਰਡ ਦੀ ਮਦਦ ਨਾਲ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਘਟਨਾ ਬਾਰੇ ਕਈ ਰਿਪੋਰਟ ਮਿਲੀਆਂ। Thetalkstoday ਵੈੱਬਸਾਈਟ ਦੀ ਰਿਪੋਰਟ ਮੁਤਾਬਕ ਸ੍ਰੀਲੰਕਾ ਦੇ ਨੇਗੋਂਬੋ ਸਥਿਤ ਅਵੈਨਰਾ ਗਾਰਡਨ ਹੋਟਲ ਵਿਚ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਅਗਜ਼ਨੀ ਕੀਤੀ ਗਈ ਜਿਸ ਦੌਰਾਨ ਉੱਥੇ ਖੜ੍ਹੀਆਂ ਮਹਿੰਗੀਆਂ ਕਾਰਾਂ ਨੂੰ ਅੱਗ ਲਾ ਕੇ ਖਤਮ ਕਰ ਦਿੱਤਾ ਗਿਆ। ਰਿਪੋਰਟ ਮੁਤਾਬਕ ਇਸ ਹੋਟਲ ਦੇ ਮਾਲਿਕ ਸਚਿਤ ਦ ਸਿਲਵਾ ਹੈ।
The Talks Today
ਸਚਿਥ ਦਿ ਸਿਲਵਾ ਬਾਰੇ ਸਰਚ ਕਰਨ 'ਤੇ ਮਾਲੂਮ ਚਲਦਾ ਹੈ ਕਿ ਸਚਿਥ ਦਿ ਸਿਲਵਾ ਨੇ ਆਸਟ੍ਰੇਲੀਆ ਵਿਖੇ ਹਾਸਪੀਟੈਲਿਟੀ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਸੀ ਅਤੇ ਉਹ ਅਵੈਨਰਾ ਗਰੁੱਪ ਦੇ ਸਾਲ 2016 ਤੋਂ ਡਾਇਰੈਕਟਰ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਪਤਾ ਚਲਦਾ ਹੈ ਕਿ ਸਚਿਥ ਨੂੰ ਮਹਿੰਗੀਆਂ ਕਾਰਾਂ ਦਾ ਕਾਫੀ ਸ਼ੌਂਕ ਹੈ।
ਸਾਨੂੰ ਆਪਣੀ ਸਰਚ ਦੌਰਾਨ ਸ਼੍ਰੀਲੰਕਾ ਦੇ ਪੱਤਰਕਾਰ Kavinthan ਦੇ ਟਵਿੱਟਰ ਹੈਂਡਲ 'ਤੇ ਇਨ੍ਹਾਂ ਗੱਡੀਆਂ ਦੇ ਸੜਨ ਦਾ ਵੀਡੀਓ ਅਪਲੋਡ ਮਿਲਿਆ। ਇਥੇ ਮੌਜੂਦ ਜਾਣਕਾਰੀ ਅਨੁਸਾਰ ਵੀ ਇਨ੍ਹਾਂ ਕਾਰਾਂ ਨੂੰ ਅਵੈਨਰਾ ਗਾਰਡਨ ਹੋਟਲ ਦਾ ਦੱਸਿਆ ਗਿਆ।
Footage showing the Lamborghini cars that belong to the Avenra Garden Hotel in Negombo have been set fire. #SriLanka pic.twitter.com/hXCJ9r90xE
— Kavinthan (@Kavinthans) May 9, 2022
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀਆਂ ਕਾਰਾਂ ਮਹਿੰਦਾ ਰਾਜਪਕਸ਼ੇ ਦੇ ਮੁੰਡੇ ਦੀਆਂ ਨਹੀਂ ਬਲਕਿ ਇੱਕ ਕਰੋੜਪਤੀ ਹੋਟਲ ਦੇ ਮਾਲਕ ਦੀਆਂ ਸਨ।
Claim- Video of Luxury Cars burned by protesters is of Sri Lanka EX Pm's Son
Claimed By- FB User Life Coach Randeep Singh
Fact Check- Misleading