
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਬਠਿੰਡਾ ਦੇ ਬੀਰ ਤਾਲਾਬ ਚਿੜੀਆਘਰ ਦੀ ਨਹੀਂ ਬਲਕਿ ਸੁਡਾਨ ਦੇ ਇੱਕ ਚਿੜੀਆਘਰ ਦੀ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਪਿੰਜਰੇ 'ਚ ਬੰਦ ਸ਼ੇਰਾਂ ਨੂੰ ਵੇਖਿਆ ਜਾ ਸਕਦਾ ਹੈ। ਪਿੰਜਰੇ 'ਚ ਬੰਦ ਇਨ੍ਹਾਂ ਜਾਨਵਰਾਂ ਦੀ ਹਾਲਤ ਤਰਸਯੋਗ ਦਿੱਸ ਰਹੀ ਹੈ। ਇਸ ਤਸਵੀਰ ਨੂੰ ਪੰਜਾਬ ਦੇ ਬਠਿੰਡਾ ਵਿਖੇ ਪੈਂਦੇ ਬੀਰ ਤਾਲਾਬ ਚਿੜੀਆਘਰ ਦਾ ਦਸਦਿਆਂ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਪੰਜਾਬ ਦੀ ਨਹੀਂ ਬਲਕਿ ਸੁਡਾਨ ਦੇ ਇੱਕ ਚਿੜੀਆਘਰ ਦੀ ਹੈ। ਹੁਣ ਸੁਡਾਨ ਦੀ ਪੁਰਾਣੀ ਤਸਵੀਰ ਨੂੰ ਫ਼ਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Ninder Singh Gill" ਨੇ 13 ਜੂਨ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਬਹੁਤ ਅਫਸੋਸ ਆ ਵੀ ਬੀੜ ਤਲਾਬ ਬਠਿੰਡਾ ਵਿੱਚ ਸ਼ੇਰ ਜੋ ਪਿੰਜਰੇ ਚ ਬੰਦ ਨੇ ਉਹਨਾ ਦੀ ਹਾਲਤ ਅਵਾਰਾ ਕੁੱਤਿਆ ਨਾਲੋ ਵੀ ਮਾੜੀ ਆ , ਤੇ ਕੋਈ ਕੁੱਝ ਬੋਲ ਈ ਨੀ ਰਿਹਾ , ਆਖਿਰ ਆਪਾ ਨੂੰ ਕਿਸਨੇ ਹੱਕ ਦਿੱਤਾ , ਬੇਜੁਬਾਨਾ ਜਾਨਵਰਾ ਨੂੰ ਇਸ ਤਰਾਹ ਕੈਦ ਕਰਨ ਦਾ , ਕੀ ਉਹਨਾ ਨੇ ਕੋਈ ਗੁਨਾਹ ਕਰਿਆ ! ਸ਼ਰਮ ਕਰੋ ਸ਼ਰਮ ! ਲੋਕੋ ਮਰ ਜਾਓ ਕੁੱਝ ਖਾ ਕੇ ਬੀੜ ਤਲਾਬ ਦੇ ਮਾਲਕੋ !???????????????????????? ਰੱਬਾ ਕੋਈ ਇਹੋ ਜੀ ਬਿਮਾਰੀ ਚਲਾ ਜਿਸ ਚ ਬੱਸ ਇਹੋ ਜੇ ਲੋਕ ਈ ਮਾਰੇ ਜਾਣ ਜਿਹਨਾ ਨੂੰ ਜਾਨਵਰਾ ਦੀ ਜਿੰਦਗੀ ਜਿੰਦਗੀ ਹੀ ਨੀ ਲੱਗਦੀ ! ਸ਼ਾਇਦ ਪਤਾ ਚੱਲੇ ਇਹਨਾ ਨੂੰ ਵੀ"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਪੁਰਾਣੀਆਂ ਖਬਰਾਂ ਵਿਚ ਅਪਲੋਡ ਮਿਲੀ।
ਇਹ ਤਸਵੀਰ ਸੁਡਾਨ ਦੀ ਹੈ
ਦੱਸ ਦਈਏ ਕਿ ਇਹ ਤਸਵੀਰਾਂ ਅਫਰੀਕਨ ਦੇਸ਼ ਸੁਡਾਨ ਦੇ ਇੱਕ ਚਿੜੀਆਘਰ ਦੀਆਂ ਹਨ ਜਿੱਥੇ ਸ਼ੇਰਾਂ ਦੀ ਇਹ ਤਰਸਯੋਗ ਹਾਲਤ ਦੇਖਣ ਨੂੰ ਮਿਲੀ ਅਤੇ ਇੱਕ ਸ਼ੇਰਨੀ ਦੀ ਇਸ ਦੌਰਾਨ ਮੌਤ ਵੀ ਹੋ ਜਾਂਦੀ ਹੈ।
ਇਸ ਮਾਮਲੇ ਦਾ ਵੀਡੀਓ ਸਾਨੂੰ stuff.co.nz ਦੀ 22 ਜਨਵਰੀ 2020 ਨੂੰ ਖਬਰ ਵਿਚ ਅਪਲੋਡ ਮਿਲਿਆ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।
ਹੁਣ ਤੱਕ ਦੀ ਪੜਤਾਲ ਤੋਂ ਇਹ ਸਾਫ ਹੋਇਆ ਕਿ ਮਾਮਲੇ ਪੰਜਾਬ ਦਾ ਨਹੀਂ ਬਲਕਿ ਸੁਡਾਨ ਦਾ ਹੈ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲਭਨੀ ਸ਼ੁਰੂ ਕੀਤੀ। ਸਾਨੂੰ ਇਸ ਮਾਮਲੇ ਨੂੰ ਲੈ ਕੇ Animal welfare board of india ਦੇ ਸਦੱਸ Gurvinder Sharma ਦਾ ਇੱਕ ਫੇਸਬੁੱਕ ਪੋਸਟ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਲਿਖਿਆ, "ਸੋਸ਼ਲ ਮੀਡੀਆ ਨੂੰ ਅਫਵਾਹਾਂ ਫੈਲਾਉਣ ਲਈ ਨਾ ਵਰਤੋ, ਕੋਈ ਵੀ ਖਬਰ ਜਾਂ ਘਟਨਾ ਹੁੰਦੀ ਹੈ ਤਾਂ ਪਹਿਲਾਂ ਪੜਤਾਲ ਕਰ ਲਿਆ ਕਰੋ ਦੋਸਤੋ, ਬੱਸ ਏਵੇਂ ਦੀ ਏਵੇਂ ਅੱਗੇ ਪੱਤਰਕਾਰ ਨਾ ਬਣਿਆ ਕਰੋ। ਕੱਲ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਕਿ ਬਠਿੰਡਾ ਦੇ ਚਿੜੀਆਘਰ ਚ ਸ਼ੇਰਾਂ ਦੀ ਹਾਲਤ ਤਰਸਯੋਗ ਹੈ ਤੇ ਉਹ ਭੁੱਖਮਰੀ ਦਾ ਸ਼ਿਕਾਰ ਨੇ। ਪਤਾ ਨਹੀਂ ਕਿਸ ਸਿਆਣੇ ਨੇ ਇਹ ਸ਼ੁਰਲੀ ਛੱਡੀ ਹੈ ਤੇ ਆਪਣੇ ਸਿਆਣੇ ਲੋਕ ਅੱਗੇ ਦੀ ਅੱਗੇ ਉਸਨੂੰ ਆਪਣੀ ਫੇਸਬੁੱਕ ਅਤੇ ਵਟਸਐੱਪ ਤੇ ਵਾਇਰਲ ਕਰ ਰਹੇ ਨੇ। ਅਸਲ ਸੱਚਾਈ ਇਹ ਹੈ ਕਿ ਬਠਿੰਡਾ ਦੇ ਚਿੜੀਆਘਰ ਚ ਸ਼ੇਰ ਨਹੀਂ, ਲੈਪਰਡ ( ਤੇਂਦੂਆ ) ਨੇ। ਇਹ ਤਿੰਨੇ ਲੈਪਰਡ ਬਿਲਕੁੱਲ ਠੀਕ ਅਤੇ ਤੰਦਰੁਸਤ ਹਨ। ਅੱਜ ਸਵੇਰੇ ਹੀ ਉਸ ਵਾਇਰਲ ਪੋਸਟ ਚ ਤਹਿਕੀਕਾਤ ਲਈ ਚਿੜੀਆਘਰ ਦੇ ਉੱਚ ਅਫਸਰ ਨਾਲ ਗੱਲਬਾਤ ਹੋਈ ਹੈ ਅਤੇ ਲੈਪਰਡਜ ਦੀਆਂ ਤਾਜੀਆਂ ਫੋਟੋਆਂ ਲਈਆਂ ਹਨ। ਤੁਸੀ ਵੀ ਖੁਦ ਦੇਖ ਸਕਦੇ ਹੋ ਚਿੜੀਆਘਰ ਜਾ ਕੇ। ਸੋ ਦੋਸਤੋ ਏਵੇਂ ਬਿਨਾ ਪੁਸ਼ਟੀ ਕੀਤੇ ਕੋਈ ਖ਼ਬਰ ਵਾਇਰਲ ਨਾ ਕਰਿਆ ਕਰੋ। ਕਿਸੇ ਅਦਾਰੇ ਜਾਂ ਵਿਅਕਤੀ ਵਾਰੇ ਏਵੇਂ ਈ ਨਾ ਅਫਵਾਹ ਫੈਲਾਇਆ ਕਰੋ ਕਿਉਕਿ ਕਾਨੂੰਨੀ ਕਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।"
ਇਸ ਪੋਸਟ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਇਸਦੇ ਬਾਅਦ ਅਸੀਂ ਪੜਤਾਲ ਦੇ ਅਗਲੇ ਚਰਣ ਵਿਚ ਰੋਜ਼ਾਨਾ ਸਪੋਕਸਮੈਨ ਦੇ ਬਠਿੰਡਾ ਦੇ ਰਿਪੋਰਟਰ ਜੱਬਾਰ ਖਾਨ ਨਾਲ ਗੱਲ ਕੀਤੀ। ਜੱਬਾਰ ਨੇ ਵੀ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ ਅਤੇ ਚਿੜੀਆਘਰ ਵਿਚ ਜਾ ਕੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ। ਜੱਬਾਰ ਖਾਨ ਦੀ ਇਹ ਸਪੈਸ਼ਲ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।
ਮਤਲਬ ਸਾਫ ਸੀ ਕਿ ਵਾਇਰਲ ਪੋਸਟ ਫਰਜ਼ੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਬਠਿੰਡਾ ਦੇ ਬੀਰ ਤਾਲਾਬ ਚਿੜੀਆਘਰ ਦੀ ਨਹੀਂ ਬਲਕਿ ਸੁਡਾਨ ਦੇ ਇੱਕ ਚਿੜੀਆਘਰ ਦੀ ਹੈ। ਹੁਣ ਸੁਡਾਨ ਦੀ ਪੁਰਾਣੀ ਤਸਵੀਰ ਨੂੰ ਫ਼ਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Image of starving/dying lions is from Bir Talab Zoo Bathinda
Claimed By- FB User Ninder Singh Gill
Fact Check- Fake