
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ CCTV ਕੈਮਰੇ ਦੀ ਫੁਟੇਜ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਵਿਅਕਤੀ ਟੋਲ ਟੈਕਸ ਦੇਣ ਤੋਂ ਬਚਦਾ ਨਜ਼ਰ ਆ ਰਿਹਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਜੱਜ ਆਪਣੇ ਅਹੁਦੇ ਦਾ ਰੁਤਬਾ ਦਿਖਾਉਂਦੇ ਹੋਏ ਟੋਲ ਟੈਕਸ ਦੇਣ ਤੋਂ ਬਚ ਰਿਹਾ ਹੈ। ਇਸ ਵੀਡੀਓ ਵਿਚ ਟੋਲ ਪਲਾਜ਼ਾ ਕਰਮਚਾਰੀ ਕਾਨੂੰਨ ਅਤੇ ਨਿਯਮਾਂ ਦਾ ਪਾਠ ਪੜ੍ਹਾਉਂਦਾ ਸੁਣਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਹਾਲੀਆ ਦਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Chatha Sanjeev" ਨੇ 5 ਨਵੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਟੋਲ ਪਲਾਜ਼ਾ ਵਾਲਿਆਂ ਨੇ ਕੀਤਾ ਕਮਾਲ, ਜੱਜ ਸਾਹਿਬ ਨੂੰ ਪੜ੍ਹਾਇਆ ਇਨਸਾਫ਼ ਦਾ ਸਬਕ, 80 ਰੁਪਏ 'ਚ ਜੱਜ ਸਾਹਿਬ ਦੀ ਹਾਲਤ ਖਰਾਬ, ਹਰ ਗੱਲ ਕਮਾਲ ਦੀ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਵਿਚ ਸੀਸੀਟੀਵੀ ਫੁਟੇਜ਼ ਮਿਤੀ 5 ਸਤੰਬਰ 2020 ਲਿਖੀ ਹੋਈ ਹੈ।
ਇਸਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ CCTV ਹਾਲੀਆ ਨਹੀਂ ਹੈ। ਅੱਗੇ ਵੱਧਦਿਆਂ ਮਾਮਲੇ ਨੂੰ ਲੈ ਕੇ ਅਸੀਂ ਕੀਵਰਡ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।ਸਰਚ ਦੌਰਾਨ ਸਾਨੂੰ ਇਸ ਮਾਮਲੇ ਨੂੰ ਲੈ ਕੇ ਮਾਰਚ 2021 ਵਿੱਚ ਪ੍ਰਕਾਸ਼ਿਤ ਕਈ ਮੀਡੀਆ ਰਿਪੋਰਟਾਂ ਮਿਲੀਆਂ। ABP Live ਦੁਆਰਾ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਮਾਮਲਾ ਉੱਤਰ ਪ੍ਰਦੇਸ਼ ਵਿਚ ਬਰੇਲੀ ਅਤੇ ਮੁਰਾਦਾਬਾਦ ਵਿਚਕਾਰ ਟੋਲ ਪਲਾਜ਼ਾ ਦਾ ਹੈ। ABP Live
ਰਿਪੋਰਟ ਮੁਤਾਬਕ "ਟੋਲ ਪਲਾਜ਼ਾ 'ਤੇ ਜਿਵੇਂ ਹੀ ਗੱਡੀ ਰੁਕਦੀ ਹੈ ਤਾਂ ਡਰਾਈਵਰ ਪਲਾਜ਼ਾ ਦੇ ਬੂਥ ਆਪਰੇਟਰ ਨੂੰ ਆਪਣਾ ਪਛਾਣ ਪੱਤਰ ਸੌਂਪਦਾ ਹੈ। ਆਪਰੇਟਰ ਉਸਨੂੰ ਸੂਚਿਤ ਕਰਦਾ ਹੈ ਕਿ ਉਹ ਭੁਗਤਾਨ ਤੋਂ ਛੂਟ ਲਈ ਯੋਗ ਨਹੀਂ ਹੈ। ਫੇਰ ਕਾਰ ਵਿੱਚ ਬੈਠਾ ਵਿਅਕਤੀ ਸੁਪਰਵਾਈਜ਼ਰ ਨੂੰ ਫ਼ੋਨ ਕਰਦਾ ਹੈ ਅਤੇ ID ਚੈਕ ਕਰਦਾ ਹੈ। ਇਸ ਤੋਂ ਬਾਅਦ ਟੋਲ ਮੈਨੇਜਰ ਉਥੇ ਆਉਂਦਾ ਹੈ ਅਤੇ ਕਾਰ ਦੇ ਅੰਦਰ ਬੈਠਾ ਵਿਅਕਤੀ ਉਸ ਨੂੰ ਕਹਿੰਦਾ ਹੈ ਕਿ ਉਹ ਏ.ਡੀ.ਜੇ. ਹੈ ਪਰ ਫਿਰ ਵੀ ਪ੍ਰਟੋਲ ਸੰਚਾਲਕ ਉਨ੍ਹਾਂ ਨੂੰ ਬਿਨਾਂ ਟੋਲ ਟੈਕਸ ਦਿੱਤੇ ਜਾਣ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਨਿਯਮਾਂ ਦਾ ਹਵਾਲਾ ਦਿੰਦੇ ਹੋਏ ਟੋਲ ਮੈਨੇਜਰ ਦਾ ਕਹਿਣਾ ਹੈ ਕਿ ਹਾਈਕੋਰਟ ਦੇ ਜੱਜ ਨੂੰ ਟੋਲ ਟੈਕਸ ਭਰਨ ਤੋਂ ਛੋਟ ਹੈ ਪਰ ਤੁਸੀਂ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਹੋ ਇਸ ਲਈ 80 ਰੁਪਏ ਟੋਲ ਟੈਕਸ ਦੇਣਾ ਪਵੇਗਾ।"
ਨਵਭਾਰਤ ਟਾਈਮਜ਼ ਦੁਆਰਾ 16 ਮਾਰਚ 2021 ਨੂੰ ਪ੍ਰਕਾਸ਼ਿਤ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੀ ਹੈ ਅਤੇ ਸਤੰਬਰ 2020 ਦਾ ਹੈ।
ਇਸ ਦੇ ਨਾਲ ਹੀ ਸਾਨੂੰ ਆਜਤਕ ਦੇ ਕਰਾਈਮ ਚੈਨਲ ਕਰਾਈਮ ਤਕ 'ਤੇ 17 ਮਾਰਚ 2021 ਨੂੰ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਮਿਲੀ। ਰਿਪੋਰਟ ਦੇ ਵਿੱਚ ਸਾਨੂੰ ਟੋਲ ਪਲਾਜ਼ਾ ਦੇ ਮੈਨੇਜਰ ਸਰਵੇਸ਼ ਸ਼ਰਮਾ ਦਾ ਬਿਆਨ ਵੀ ਮਿਲਿਆ। ਰਿਪੋਰਟਰ ਨਾਲ ਗੱਲ ਕਰਦਿਆਂ ਸਰਵੇਸ਼ ਸ਼ਰਮਾ ਨੇ ਦੱਸਿਆ ਕਿ ਵਾਇਰਲ ਵੀਡੀਓ ਕਾਫੀ ਪੁਰਾਣਾ ਹੈ। ਰਿਪੋਰਟ ਦੇ ਵਿੱਚ ਬਾਈਟ ਦੀ ਲੋਕੇਸ਼ਨ ਗਵਾਲੀਅਰ ਲਿਖੀ ਹੋਈ ਹੈ।
ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਥਾਂ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੀ ਘਟਨਾ ਨੂੰ ਮੁੜ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।