
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਵੀਡੀਓ ਫਰਜ਼ੀ ਪਾਇਆ ਹੈ
ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਝੂਠੇ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ ਕਿ ਉਨ੍ਹਾਂ ਨੇ ਖ਼ੁਦ ਨੂੰ ਦਰਜੀ ਦੱਸਿਆ ਹੈ।
ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਾਇਰਲ ਹੋ ਰਹੀਆਂ ਹਨ ਜਿਹਨਾਂ ਵਿਚ ਯੂਜਰਸ ਨੇ ਲਿਖਿਆ ਹੈ ਕਿ "ਸਤਿਕਾਰਯੋਗ ਰਾਹੁਲ ਗਾਂਧੀ ਜੀ: "ਮੈਂ ਇੱਕ ਦਰਜ਼ੀ ਹਾਂ।
ਸਪੋਕਸਮੈਨ ਦੀ ਜਾਂਚ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੂਰਾ ਨਹੀਂ ਹੈ, ਵੀਡੀਓ ਦਾ ਇਕ ਛੋਟਾ ਹਿੱਸਾ ਜਾਣਬੁੱਝ ਕੇ ਵਾਇਰਲ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਅਸੀਂ ਕੁੱਝ ਕੀਵਰਡ ਸਰਚ ਕੀਤੇ ਜਿਸ ਦੌਰਾਨ ਸਾਨੂੰ ਰਾਹੁਲ ਗਾਂਧੀ ਦੀਆਂ ਦਰਜੀ ਬਾਰੇ ਗੱਲ ਕਰਦਿਆਂ ਦੀਆਂ ਕਈ ਵੀਡੀਓਜ਼ ਮਿਲੀਆਂ, ਇਸੇ ਦੌਰਾਨ ਸਾਨੂੰ ਇਕ ਵੀਡੀਓ ਅਜਿਹੀ ਵੀ ਮਿਲੀ ਜਿਸ ਵਿਚ ਵੀਡੀਓ ਦੀ ਬੈਕਗਰਾਊਂਡ ਤੇ ਰਾਹੁਲ ਗਾਂਧੀ ਦੇ ਬੋਲਣ ਦਾ ਸਟਾਈਲ ਹੂਬਹੂ ਸੀ। ਜਿਵੇਂ ਕਿ ਰਾਹੁਲ ਗਾਂਧੀ ਦੇ ਪਿੱਛੇ ਜੋ ਸਕਿਊਰਟੀ ਗਾਰਡ ਖੜ੍ਹਾ ਹੈ ਤੇ ਰਾਹੁਲ ਗਾਂਧੀ ਦੇ ਵਾਲਾਂ ਦਾ ਸਟਾਈਲ ਤੇ ਉਹਨਾਂ ਦੀ ਸਟੇਜ ਦਾ ਸਾਰਾ ਬੈਕਗਰਾਊਂਡ, ਸਭ ਕੁੱਝ ਵਾਇਰਲ ਵੀਡੀਓ ਨਾਲ ਮਿਲ ਰਿਹਾ ਸੀ।
ਜਦੋਂ ਅਸੀਂ ਵੀਡੀਓ ਨੂੰ ਪੂਰੀ ਸੁਣਿਆ ਤਾਂ ਇਸ ਵਿਚ ਰਾਹੁਲ ਗਾਂਧੀ ਦਰਜੀ ਬਾਰੇ ਗੱਲ ਕਰ ਰਹੇ ਸਨ। ਦਰਜੀ ਬਾਰੇ ਗੱਲ ਕਰਦਿਆਂ ਰਾਹੁਲ ਗਾਂਧੀ ਕਹਿ ਰਹੇ ਹਨ ਕਿ "ਦੁਨੀਆ ਮੈਨੂੰ ਫੈਸ਼ਨ ਡਿਜ਼ਾਈਨਰ ਕਹਿੰਦੀ ਹੈ, ਪਰ ਮੈਂ ਫੈਸ਼ਨ ਡਿਜ਼ਾਈਨਰ ਨਹੀਂ ਹਾਂ, ਮੈਂ ਇੱਕ ਦਰਜ਼ੀ ਹਾਂ ਅਤੇ ਜਦੋਂ ਮੈਂ ਕੱਪੜੇ ਨੂੰ ਦੇਖਦਾ ਹਾਂ, ਮੈਨੂੰ ਕੋਈ ਵੀ ਕੱਪੜਾ, ਕੋਈ ਵੀ ਰੰਗ ਦਿਖਾਓ, ਜਿਵੇਂ ਹੀ ਮੈਂ ਕੱਪੜਾ ਦੇਖਦਾ ਹਾਂ, ਮੈਂ ਕੱਪੜੇ ਨੂੰ ਸਮਝ ਜਾਂਦਾ ਹਾਂ, ਇਸ ਨੂੰ ਕਿਵੇਂ ਕੱਟਣਾ ਹੈ, ਇਸ ਨੂੰ ਵਿਅਕਤੀ ਦੇ ਮੋਢਿਆਂ 'ਤੇ ਕਿਵੇਂ ਰੱਖਣਾ ਹੈ, ਕਿਹੜਾ ਰੰਗ ਕਿੱਥੇ ਜਾਣਾ ਚਾਹੀਦਾ ਹੈ।, ਇਹ ਮੇਰਾ ਹੁਨਰ ਹੈ, ਇਹ ਮੇਰਾ ਕੰਮ ਹੈ, ਮੈਂ ਇਸ ਨੂੰ ਸਮਝਦਾ ਹਾਂ। ਅਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਆਪਣੇ ਕੰਮ ਅਤੇ ਆਪਣੇ ਹੁਨਰ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ, ਮੈਂ ਉਨ੍ਹਾਂ ਨੂੰ ਡੂੰਘਾਈ ਨਾਲ ਸਮਝਦਾ ਹਾਂ। ਹੁਣ ਧਿਆਨ ਨਾਲ ਸੁਣੋ, ਉਹ ਕੱਪੜਾ ਇੱਕ ਦਰਜ਼ੀ ਨੇ ਬਣਾਇਆ ਸੀ, ਉਹ ਦਰਜ਼ੀ ਇਸ ਵਿਅਕਤੀ ਦੇ ਪਿਛਲੇ ਕਮਰੇ ਵਿਚ ਲੁਕਿਆ ਹੋਇਆ ਹੈ। ਤੁਸੀਂ ਉਸ ਦਰਜ਼ੀ ਨੂੰ ਬਾਹਰ ਕੱਢੋ, ਉਸ ਨੂੰ ਪੈਰਿਸ, ਫਰਾਂਸ ਭੇਜੋ, ਅਸੀਂ ਤਾੜੀ ਮਾਰਾਂਗੇ।''
ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਤੁਸੀਂ ਇਸ ਵੀਡੀਓ ਵਿਚ 2.33 ਤੋਂ ਲੈ ਕੇ ਸੁਣ ਸਕਦੇ ਹੋ।
ਰਾਹੁਲ ਗਾਂਧੀ ਨੇ ਇਹ ਬਿਆਨ 11 ਜੁਲਾਈ 2018 ਵਿਚ ਦਿੱਤਾ ਸੀ ਜਦੋਂ ਉਹ OBC Sammelan ਨੂੰ ਸੰਬੋਧਨ ਕਰ ਰਹੇ ਸਨ।
ਇਸ ਵੀਡੀਓ ਨੂੰ ਕਾਂਗਰਸ ਨੇ ਆਪਣੇ ਯੂਟਿਊਬ ਪੇਜ 'ਤੇ ਵੀ ਅਪਲੋਡ ਕੀਤਾ ਹੈ।
ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਪਾਇਆ ਕਿ ਰਾਹੁਲ ਗਾਂਧੀ ਦੇ ਅਸਲ ਵੀਡੀਓ ਵਿਚੋਂ ਸਿਰਫ਼ 'ਮੈਂ ਦਰਜੀ ਹਾਂ' ਵਾਲਾ ਹਿੱਸਾ ਲੈ ਕੇ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵਿਚ ਰਾਹੁਲ ਗਾਂਧੀ ਕਿਸੇ ਦਰਜੀ ਦੀ ਕਹਾਣੀ ਸੁਣਾ ਰਹੇ ਸਨ।
Our Sources:
Original Video Shared By INC Youtube Account