
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀ ਨਿਊਜ਼ ਕਟਿੰਗ ਫਰਜ਼ੀ ਹੈ।
RSFC (Mohali)- ਜਿਵੇਂ-ਜਿਵੇਂ ਪੰਜਾਬ 2022 ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਉਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਸਿਆਸੀ ਆਗੂਆਂ ਨੂੰ ਲੈ ਕੇ ਫਰਜ਼ੀ ਖਬਰਾਂ ਦਾ ਹੜ੍ਹ ਵੀ ਵੱਧ ਰਿਹਾ ਹੈ। ਇਸੇ ਲੜੀ ਵਿਚ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਪਾਣੀ ਨੂੰ ਲੈ ਕੇ ਦਿੱਤਾ ਬਿਆਨ ਵਾਇਰਲ ਹੋ ਰਿਹਾ ਹੈ। ਬਿਆਨ ਅਨੁਸਾਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੇ ਪੰਜਾਬ ਵਿਚ ਆਪ ਚੋਣਾਂ ਜਿੱਤਦੀ ਹੈ ਤਾਂ ਪੰਜਾਬ ਦਾ ਪਾਣੀ ਦਿੱਲੀ ਤੱਕ ਲਿਆਂਦਾ ਜਾਵੇਗਾ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀ ਨਿਊਜ਼ ਕਟਿੰਗ ਫਰਜ਼ੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਆਪ ਵੱਲੋਂ ਇਹ ਕਟਿੰਗ ਫਰਜ਼ੀ ਦੱਸੀ ਗਈ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "ਕਿਰਨਜੀਤ ਕੌਰ" ਨੇ ਵਾਇਰਲ ਕਟਿੰਗ ਅਪਲੋਡ ਕਰਦਿਆਂ ਲਿਖਿਆ, "ਇਹਨੇ ਬਾਕੀ ਦਾ ਪਾਣੀ ਵੀ ਖੋਹਕੇ ਲੈ ਜਾਣਾ! ਕਈ ਲੋਕ ਕਹਿ ਰਹੇ ਆ ਕਿ ਇਹ ਖ਼ਬਰ ਸੱਚ ਨਹੀਂI ਪਰ ਅਸੀਂ ਪਾਣੀਆਂ ਬਾਰੇ ਕੇਜਰੀ ਦਾ ਸਟੈਂਡ ਪਹਿਲਾਂ ਹੀ ਜਾਣਦੇ ਆਂI ਦਿੱਲੀ ਵਿੱਚ ਬੈਠੇ ਜਾਂ ਦਿੱਲੀ ਵਾਲਿਆਂ ਦੇ ਭਾਈਵਾਲ ਪੰਜਾਬ ਦੇ ਕਦੇ ਵੀ ਸਕੇ ਨਹੀਂ ਹੋ ਸਕਦੇ????"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋ ਅਸੀਂ ਸਭ ਤੋਂ ਪਹਿਲਾਂ ਨਿਊਜ਼ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਜੇ ਅਰਵਿੰਦ ਕੇਜਰੀਵਾਲ ਵੱਲੋਂ ਕੋਈ ਅਜਿਹਾ ਬਿਆਨ ਦਿੱਤਾ ਜਾਂਦਾ ਤਾਂ ਉਸ ਨੇ ਸੁਰਖੀ ਜ਼ਰੂਰ ਬਣਨਾ ਸੀ। ਪਰ ਸਾਨੂੰ ਅਜਿਹੇ ਬਿਆਨ ਨੂੰ ਲੈ ਕੇ ਕੋਈ ਵੀ ਅਧਿਕਾਰਿਕ ਖਬਰ ਨਹੀਂ ਮਿਲੀ।
ਅੱਗੇ ਵਧਦੇ ਹੋਏ ਅਸੀਂ ਇਸ ਕਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਦਿਗਵਿਜੈ ਧੰਜੂ ਨਾਲ ਸੰਪਰਕ ਕੀਤਾ। ਦਿਗਵਿਜੈ ਨੇ ਕਟਿੰਗ ਦੇਖਦੇ ਹੀ ਫਰਜ਼ੀ ਦੱਸਿਆ। ਇਸ ਤੋਂ ਸਾਫ ਹੋਇਆ ਕਿ ਅਰਵਿੰਦ ਕੇਜਰੀਵਾਲ ਦੁਆਰਾ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।
ਸਿਆਸੀ ਆਗੂਆਂ ਨੂੰ ਲੈ ਕੇ ਹੋਰ ਅਜਿਹੀ ਫਰਜ਼ੀ ਨਿਊਜ਼ ਕਟਿੰਗ ਹੋਈ ਵਾਇਰਲ
ਪਿਛਲੇ ਕੁਝ ਦਿਨਾਂ ਵਿਚ ਅਜਿਹੀ ਫਰਜ਼ੀ ਕਟਿੰਗ ਹੋਰ ਆਗੂਆਂ ਦੇ ਨਾਂਅ ਤੋਂ ਵੀ ਵਾਇਰਲ ਹੋਈਆਂ ਹਨ। ਇਨ੍ਹਾਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ ਟੀਮ ਵੱਲੋਂ ਕੀਤੀ ਗਈ।
ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦਾ ਫਰਜ਼ੀ ਬਿਆਨ ਵਾਇਰਲ
ਪੜ੍ਹੋ Fact Check: ਪ੍ਰੇਮ ਸਿੰਘ ਚੰਦੂਮਾਜਰਾ ਨੇ ਨਹੀਂ ਦਿੱਤਾ ਇਹ ਬਿਆਨ, ਫਰਜ਼ੀ ਨਿਊਜ਼ ਕਟਿੰਗ ਵਾਇਰਲ
ਪੰਜਾਬ ਕਾਂਗਰੇਸ ਪ੍ਰਧਾਨ ਸੁਨੀਲ ਜਾਖੜ ਦਾ ਫਰਜ਼ੀ ਬਿਆਨ ਵਾਇਰਲ
ਪੜ੍ਹੋ Fact Check: ਸੁਖਪਾਲ ਖਹਿਰਾ ਨੂੰ ਲੈ ਕੇ ਸੁਨੀਲ ਜਾਖੜ ਦੇ ਨਾਂਅ ਤੋਂ ਫਰਜ਼ੀ ਨਿਊਜ਼ ਕਟਿੰਗ ਵਾਇਰਲ
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀ ਨਿਊਜ਼ ਕਟਿੰਗ ਫਰਜ਼ੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਆਪ ਵੱਲੋਂ ਇਹ ਕਟਿੰਗ ਫਰਜ਼ੀ ਦੱਸੀ ਗਈ ਹੈ।
Claim- Statement of Arvind Kejriwal on Punjab's water.
Claimed By- FB User Kiranjeet Kaur
Fact Check- Fake