
ਵਾਇਰਲ ਹੋ ਰਹੀਆਂ ਤਸਵੀਰਾਂ 2007 ਦੀਆਂ ਹਨ ਜਦੋਂ ਅਨੁਸੂਚਿਤ ਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕੁੜੀ ਨਾਲ ਕੁੱਟਮਾਰ ਕੀਤੀ ਗਈ ਸੀ।
RSFC (Team Mohali)- ਹਾਲੀਆ ਚਲ ਰਹੇ ਦਰਬਾਰ ਸਾਹਿਬ ਵਿਵਾਦ 'ਚ ਕਈ ਮੋੜ ਸਾਹਮਣੇ ਆਏ ਤੇ ਹੁਣ ਕੁੜੀ ਨੇ ਮੀਡੀਆ ਸਾਹਮਣੇ ਆ ਕੇ ਮੁਆਫੀ ਮੰਗ ਲਈ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਦਾਅਵੇ ਵੱਖ-ਵੱਖ ਪੱਖਾਂ ਵੱਲੋਂ ਸਾਂਝੇ ਕੀਤੇ ਗਏ ਸਨ। ਇਸੇ ਮਾਮਲੇ ਨਾਲ ਜੋੜ ਤੰਜ ਕਸਦਿਆਂ 'ਚ ਇੱਕ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਇੱਕ ਔਰਤ ਦੇ ਲੱਤ ਮਾਰਦੇ ਤਸਵੀਰ ਪ੍ਰਕਾਸ਼ਿਤ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਉੱਤਰਾਖੰਡ ਦੇ ਕਿਸੇ ਮੰਦਿਰ ਹੈ ਜਿਥੇ ਇੱਕ ਪੁਜਾਰੀ ਨੇ ਦਲਿਤ ਕੁੜੀ ਨੂੰ ਮੰਦਰ ਆਉਣ ਮਗਰੋਂ ਕੁੱਟਿਆ।
ਫੇਸਬੁੱਕ ਯੂਜ਼ਰ "Harjit Singh Randhawa" ਨੇ ਵਾਇਰਲ ਕਟਿੰਗ ਸ਼ੇਅਰ ਕਰਦਿਆਂ ਲਿਖਿਆ, "ਗੋਦੀ ਮੀਡੀਆ ਵਾਲਿਓ, ਦੂਸਰੇ ਧਰਮਾਂ ਤੇ ਉਂਗਲੀ ਚੁਕਣ ਤੋਂ ਪਹਿਲਾਂ ਆਪਣੀਆਂ ਕਰਤੂਤਾਂ ਵੀ ਵੇਖ ਲਿਆ ਕਰੋ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀਆਂ ਤਸਵੀਰਾਂ 2007 ਦੀਆਂ ਹਨ ਜਦੋਂ ਅਨੁਸੂਚਿਤ ਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕੁੜੀ ਨਾਲ ਕੁੱਟਮਾਰ ਕੀਤੀ ਗਈ ਸੀ।
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਲੈਂਸ ਸਰਚ ਕੀਤਾ। ਸਾਨੂੰ ਨਾਮਵਰ ਮੀਡੀਆ ਅਦਾਰੇ The Telegraph ਦੇ ਇੱਕ ਲੇਖ ਵਿਚ ਵਾਇਰਲ ਤਸਵੀਰ ਅਪਲੋਡ ਮਿਲੀ। ਇਹ ਲੇਖ 26 ਨਵੰਬਰ 2007 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।
Telegraph News
ਲੇਖ ਮੁਤਾਬਿਕ ਨਵੰਬਰ 2007 ਵਿਚ ਅਸਮ ਦੇ ਗੁਵਾਹਾਟੀ ਵਿਖੇ ਆਦਿਵਾਸੀ ਅਨੁਸੂਚਿਤ ਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨ ਦੌਰਾਨ ਤਸਵੀਰ ਵਿਚ ਦਿਖਾਈ ਦੇ ਰਹੀ ਕੁੜੀ ਆਪਣੇ ਦਲ ਤੋਂ ਵੱਖ ਹੋ ਜਾਂਦੀ ਹੈ ਅਤੇ ਉਸਤੋਂ ਬਾਅਦ ਕੁਝ ਲੋਕਾਂ ਵੱਲੋਂ ਉਸ ਕੁੜੀ ਦੀ ਬੇਹਰਿਹਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਭੀੜ ਕੁੜੀ ਨੂੰ ਘੇਰ ਲੈਂਦੀ ਹੈ ਅਤੇ ਇਸ ਦੇ ਕੱਪੜੇ ਫਾੜ ਦਿੰਦੀ ਹੈ। ਰਿਪੋਰਟ ਅਨੁਸਾਰ, ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਕਾਰਵਾਈ ਹੁੰਦੀ ਹੈ ਅਤੇ ਕਾਰਵਾਈ ਕਰਦੇ ਹੋਏ ਤਿੰਨ ਲੋਕਾਂ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕਰ ਲੈਂਦੀ ਹੈ।
ਸਾਨੂੰ ਆਪਣੀ ਸਰਚ ਦੌਰਾਨ Youtube 'ਤੇ ਇੱਕ ਵੀਡੀਓ ਵੀ ਮਿਲਦਾ ਹੈ ਜਿਸਦੇ ਵਿਚ ਇਨ੍ਹਾਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਵੀਡੀਓ ਸਾਲ 2013 ਵਿਚ ਅਪਲੋਡ ਕੀਤਾ ਗਿਆ ਸੀ।
ਹੁਣ ਇਹ ਜਾਣਨਾ ਵੀ ਜ਼ਰੂਰੀ ਸੀ ਕਿ ਕੀ ਉੱਤਰਾਖੰਡ ਦੇ ਹਨਡੋਲ ਮੰਦਿਰ ਵਿਖੇ ਅਜਿਹੀ ਘਟਨਾ ਵਾਪਰੀ ਸੀ ਜਾਂ ਨਹੀਂ। ਦੱਸ ਦਈਏ ਸਾਨੂੰ ਸਰਚ ਦੌਰਾਨ ਸਾਨੂੰ ਅਜੇਹੀ ਕੋਈ ਖਬਰ ਨਹੀਂ ਮਿਲੀ ਜਿਹੜੀ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ।
ਅਸੀਂ ਆਪਣੀ ਪੜਤਾਲ ਵਿਚ ਇਹ ਵੀ ਪਾਇਆ ਕਿ ਇਹ ਕਟਿੰਗ ਹਰ ਸਾਲ ਸਮਾਨ ਦਾਅਵੇ ਨਾਲ ਵਾਇਰਲ ਹੁੰਦੀ ਰਹਿੰਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀਆਂ ਤਸਵੀਰਾਂ 2007 ਦੀਆਂ ਹਨ ਜਦੋਂ ਅਨੁਸੂਚਿਤ ਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕੁੜੀ ਨਾਲ ਕੁੱਟਮਾਰ ਕੀਤੀ ਗਈ ਸੀ।