ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਇਹ ਵੀਡੀਓ ਐਡੀਟਿੰਗ ਟੂਲਜ਼ ਦੀ ਮਦਦ ਨਾਲ ਬਣਾਇਆ ਗਿਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਇਕ ਸਫੇਦ ਘੋੜਾ ਅਸਮਾਨ 'ਚ ਦੌੜਦਾ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਜ਼ਾਰਾ ਰਾਜਸਥਾਨ ਦੇ ਖਾਟੂ ਸ਼ਿਆਮ ਜੀ ਵਿਖੇ ਦੇਖਿਆ ਗਿਆ ਹੈ।
ਫੇਸਬੁੱਕ ਪੇਜ "ਅਲਵਰ ਖਾਟੂ ਸ਼ਿਆਮ ਜੀ" ਨੇ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, "ਸ਼ਿਆਮ ਬਾਬਾ ਦਾ ਘੋੜਾ।"
ਇਸੇ ਤਰ੍ਹਾਂ ਕਈ ਯੂਜ਼ਰਸ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਇਹ ਵੀਡੀਓ ਐਡੀਟਿੰਗ ਟੂਲਜ਼ ਦੀ ਮਦਦ ਨਾਲ ਬਣਾਇਆ ਗਿਆ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ, ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡਿਓ ਦੇ ਸ਼ੁਰੂ ਵਿਚ ਅਸਮਾਨ ਦਾ ਰੰਗ ਹਲਕਾ ਸੁਨਹਿਰੀ ਹੈ ਤੇ ਘੋੜੇ ਦੇ ਆਉਣ ਨਾਲ ਅਸਮਾਨ ਦਾ ਰੰਗ ਬਦਲ ਜਾਂਦਾ ਹੈ। ਅਸੀਂ ਇਹ ਵੀ ਦੇਖਿਆ ਕਿ ਵੀਡੀਓ ਵਿਚ ਇਮਾਰਤਾਂ ਇੱਕੋ ਜਿਹੀਆਂ ਨਹੀਂ ਸਨ। ਇਸ ਨਾਲ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ।
ਅਸੀਂ ਅੱਗੇ ਵਧੇ ਅਤੇ ਕੀਵਰਡਸ ਦੀ ਖੋਜ ਕਰਕੇ ਵਾਇਰਲ ਦਾਅਵੇ ਸਬੰਧੀ ਖਬਰਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਖਬਰ ਨਹੀਂ ਮਿਲੀ।
ਕਿਉਂਕਿ ਖਾਟੂ ਸ਼ਿਆਮ ਜੀ ਵਿਸ਼ਵ ਪ੍ਰਸਿੱਧ ਹਨ ਤੇ ਜੇਕਰ ਉੱਥੇ ਕੋਈ ਅਜਿਹੀ ਘਟਨਾ ਵਾਪਰੀ ਹੁੰਦੀ ਤਾਂ ਇਹ ਖ਼ਬਰ ਦਾ ਰੂਪ ਧਾਰਨ ਕਰ ਜਾਂਦੀ ਸੀ ਪਰ ਸਾਨੂੰ ਦਾਅਵੇ ਦੀ ਪੁਸ਼ਟੀ ਨਾਲ ਸਬੰਧਤ ਕੋਈ ਖ਼ਬਰ ਨਹੀਂ ਮਿਲੀ।
ਹੁਣ ਅਸੀਂ ਅੱਗੇ ਵਧੇ ਅਤੇ ਵੀਡੀਓ ਸਬੰਧੀ ਖਾਟੂ ਸ਼ਿਆਮ ਜੀ ਮੰਦਰ ਕਮੇਟੀ ਦੇ ਟਰੱਸਟੀ ਮਾਨਵੇਂਦਰ ਚੌਹਾਨ ਨਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦੇ ਹੋਏ ਮਾਨਵੇਂਦਰ ਨੇ ਵਾਇਰਲ ਵੀਡੀਓ ਨੂੰ ਐਡੀਟੇਡ ਦੱਸਿਆ।
ਹੁਣ ਜਾਂਚ ਦੇ ਅੰਤਿਮ ਪੜਾਅ ਵਿਚ ਅਸੀਂ ਸੀਨੀਅਰ ਵੀਡੀਓ ਐਡੀਟਰ ਸੁਖਜਿੰਦਰ ਨਾਲ ਵੀਡੀਓ ਸਾਂਝੀ ਕੀਤੀ ਹੈ। ਸੁਖਜਿੰਦਰ ਨੇ ਵੀਡੀਓ ਨੂੰ ਬਾਰੀਕੀ ਨਾਲ ਦੇਖਿਆ ਅਤੇ ਦੱਸਿਆ ਕਿ ਇਹ ਵੀਡੀਓ ਐਡੀਟੇਡ ਹੈ ਤੇ ਇਸ ਨੂੰ ਐਡੀਟਿੰਗ ਟੂਲ ਨਾਲ ਬਣਾਇਆ ਗਿਆ ਹੈ।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਇਹ ਵੀਡੀਓ ਐਡੀਟਿੰਗ ਟੂਲਜ਼ ਦੀ ਮਦਦ ਨਾਲ ਬਣਾਇਆ ਗਿਆ ਹੈ।