
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ ਦਾ ਹੈ। ਹੁਣ ਅਕਤੂਬਰ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਅੰਮ੍ਰਿਤਸਰ ਸਾਹਿਬ ਵਿਖੇ ਹੋਈ ਪਿਛਲੇ ਦਿਨੀ ਬੇਅਦਬੀ ਦਾ ਰੋਸ ਹਾਲੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਸੋਸ਼ਲ ਮੀਡੀਆ 'ਤੇ ਸ਼ਰਾਰਤੀ ਅਨਸਰ ਇੱਕ ਪੋਸਟ ਵਾਇਰਲ ਕਰਨ ਲੱਗ ਗਏ। ਇਸ ਪੋਸਟ ਵਿਚ ਇੱਕ ਵਿਅਕਤੀ ਇੱਕ ਗੁਰਦੁਆਰਾ ਸਾਹਿਬ ਵਿਖੇ ਪਾਲਕੀ ਸਾਹਿਬ ਉੱਤੇ ਚੜ੍ਹ ਕੇ ਬੇਅਦਬੀ ਕਰਦਾ ਦਿੱਸ ਰਿਹਾ ਹੈ। ਹੁਣ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ ਅਤੇ ਪਟਿਆਲਾ ਦੇ ਭਾਦਸੋਂ ਅਧੀਨ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ 2020 ਵਿਚ ਵੀ ਬੇਅਦਬੀ ਕੀਤੀ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ ਦਾ ਹੈ। ਹੁਣ ਅਕਤੂਬਰ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ AggBani ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਅੱਜ ਪਿੰਡ ਦਿੱਤੁਪੂਰ ਜੱਟਾਂ ਵਿਖੇ ਸਵੇਰੇ 5 ਵਜੇ ਨੰਗੇ ਸਿਰ ਜੁਤੀਆਂ ਪਾਕੇ 2ਜੀ ਵਾਰ ਬੇਅਦਬੀ ਕਰਨ ਆਇਆ ਪਰ ਉਸ ਸਮੇ ਵੀ ਪਿੰਡ ਵਾਲਿਆਂ ਨੇ ਇਸਨੂੰ ਬਚਾ ਲਿਆ ਸੀ। ਅੱਜ ਤੋਂ ਸਾਲ ਪਹਿਲਾਂ ਇਸਨੇ ਪਿੰਡ ਸੀਲ ,ਨੇੜੇ ਬਹਾਦਰਗੜ੍ਹ ਪਟਿਆਲਾ ਵਿਖੇ ਦੀਵਾਲੀ ਵਾਲੇ ਦਿਨ 2020 ਵਿਚ ਵੀ ਬੇਅਦਬੀ ਕੀਤੀ ਸੀ ਅੱਜ ਦਿੱਤੁਪੂਰ ,ਜੱਟਾਂ ਨੇੜੇ ਅਲੋਵਾਲ ਵਿਖੇ ਵੀ ਬੇਅਦਬੀ ਕਰਨ ਆਇਆ ਪਰ ਦਿੱਤੁਪੂਰ ਦੇ ਲੋਕਾਂ ਤੇ ਲੱਖ ਲਾਹਣਤ ਜੋ ਦੁਸਟ ਨੂੰ ਬਚਾ ਰਹੇ।"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਵੀਡੀਓ ਹਾਲੀਆ ਨਹੀਂ
ਸਾਨੂੰ ਇਹ ਵੀਡੀਓ ਅਕਤੂਬਰ ਦੀ ਕਈ ਖਬਰਾਂ ਵਿਚ ਅਪਲੋਡ ਮਿਲਿਆ। ਮੀਡੀਆ ਅਦਾਰੇ ਪੰਜਾਬੀ ਜਾਗਰਣ ਨੇ 3 ਅਕਤੂਬਰ 2021 ਨੂੰ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਆਪਣੀ ਖਬਰ ਵਿਚ ਇਸਤੇਮਾਲ ਕਰਦਿਆਂ ਸਿਰਲੇਖ ਲਿਖਿਆ, "ਦਿੱਤੂਪੁਰ ਜੱਟਾਂ ‘ਚ ਬੇਅਦਬੀ ਦੀ ਕੋਸ਼ਿਸ਼ ਨਾਕਾਮ, ਅੰਗ ਪਾੜਣ ਤੋਂ ਰੋਕਣ ‘ਤੇ ਕ੍ਰਿਪਾਨ ਚੁੱਕ ਕੇ ਭੱਜਿਆ ਮੁਲਜ਼ਮ"
PB Jagran
ਖਬਰ ਅਨੁਸਾਰ, "ਥਾਣਾ ਭਾਦਸੋਂ ਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਤੜਕਸਾਰ ਸਾਢੇ ਕੁ ਪੰਜ ਵਜੇ ਦੇ ਕਰੀਬ ਪਿੰਡ ਦੇ ਹੀ ਇਕ ਵਿਅਕਤੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਪਿੰਡ ਦੇ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ ਹੀ ਵਿਅਕਤੀ ਜਗਦੀਪ ਸਿੰਘ ਪੁੱਤਰ ਗੱਜਣ ਸਿੰਘ ਕੌਮ ਜੱਟ ਸਵੇਰੇ ਪੰਜ ਵਜੇ ਤੋਂ ਬਾਅਦ ਨੰਗੇ ਸਿਰ ਅਤੇ ਜੁੱਤੀ ਪਾ ਕੇ ਪਾਲਕੀ ਸਾਹਿਬ ਵਾਲੇ ਥੜੇ ‘ਤੇ ਚੜ੍ਹ ਗਿਆ। ਜਿਓਂ ਹੀ ਉਕਤ ਵਿਅਕਤੀ ਨੇ ਪਾਠ ਕਰ ਰਹੇ ਗ੍ਰੰਥੀ ਕੋਲ਼ ਖੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਤਾਂ ਗੁਰਦੁਆਰੇ ਵਿੱਚ ਹਾਜ਼ਰ ਲੋਕਾਂ ਨੇ ਉਸ ਨੂੰ ਫੜ ਲਿਆ । ਹਾਜ਼ਰ ਲੋਕ ਜਦੋਂ ਉਕਤ ਦੋਸ਼ੀ ਨੂੰ ਫੜ੍ਹਨ ਲੱਗੇ ਤਾਂ ਉਸਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਜਾਈ ਕ੍ਰਿਪਾਨ ਚੁੱਕ ਲਈ ਤੇ ਪਿੰਡ ਵੱਲ ਨੂੰ ਦੌੜ ਗਿਆ । ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਜਿਸ ‘ਤੇ ਪਿੰਡ ਦੇ ਕੁਝ ਵਿਅਕਤੀਆਂ ਨੇ ਬਦਨਾਮੀ ਦੇ ਡਰੋਂ ਇਸ ਘਟਨਾ ਨੂੰ ਛੁਪਾਉਣਾ ਵੀ ਚਾਹਿਆ।"
ਖਬਰ ਅਨੁਸਾਰ, "ਥਾਣਾ ਭਾਦਸੋਂ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ‘ਤੇ ਉਕਤ ਦੋਸ਼ੀ ਖਿਲਾਫ਼ ਧਾਰਾ 295ਏ,380 ਅਧੀਨ ਮੁਕੱਦਮਾ ਦਰਜ਼ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।"
ਕਿਉਂਕਿ ਖਬਰ ਅਕਤੂਬਰ 2021 ਦੀ ਸੀ। ਇਸਤੋਂ ਇਹ ਸਾਫ ਹੋਇਆ ਕਿ ਵੀਡੀਓ ਹਾਲੀਆ ਬਿਲਕੁਲ ਵੀ ਨਹੀਂ ਹੈ।
ਇਸ ਵਿਅਕਤੀ ਦੀ ਗ੍ਰਿਫਤਾਰੀ ਨੂੰ ਲੈ ਕੇ ਸਾਨੂੰ Dainik Savera ਦੀ ਇੱਕ ਵੀਡੀਓ ਰਿਪੋਰਟ ਮਿਲੀ। ਇਸ ਵੀਡੀਓ ਵਿਚ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਕੋਰਟ ਵਿਚ ਪੇਸ਼ ਹੁੰਦੇ ਵੇਖਿਆ ਜਾ ਸਕਦਾ ਸੀ। ਦੈਨਿਕ ਸਵੇਰਾ ਨੇ ਇਹ ਰਿਪੋਰਟ 5 ਅਕਤੂਬਰ 2021 ਨੂੰ ਪ੍ਰਕਾਸ਼ਿਤ ਕੀਤੀ ਸੀ ਜਿਸਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
Dainik Sawera
ਹੁਣ ਤੱਕ ਦੀ ਪੜਤਾਲ ਤੋਂ ਇਹ ਤਾਂ ਸਾਫ ਹੋਇਆ ਕਿ ਵੀਡੀਓ ਹਾਲੀਆ ਨਹੀਂ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਮਾਮਲੇ ਨੂੰ ਲੈ ਕੇ ਭਾਦਸੋਂ ਪੁਲਿਸ ਥਾਣੇ ਦੇ ਇੰਸਪੈਕਟਰ ਲਖਵੀਰ ਸਿੰਘ ਨਾਲ ਗੱਲਬਾਤ ਕੀਤੀ। ਇੰਸਪੈਕਟਰ ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ, "ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਸ ਮਾਮਲੇ ਨੂੰ ਲੈ ਕੇ FIR ਦਰਜ ਕੀਤੀ ਹੋਈ ਹੈ। FIR 2 ਅਕਤੂਬਰ 2021 ਨੂੰ ਦਰਜ ਕੀਤੀ ਗਈ ਸੀ ਅਤੇ ਮੁਲਜ਼ਮ ਨੂੰ 295ਏ,380 IPC ਅਧੀਨ ਗ੍ਰਿਫਤਾਰ ਕਰਲਿਆ ਗਿਆ ਸੀ। ਹਾਲੀਆ ਮੁਲਜ਼ਮ ਬੇਲ 'ਤੇ ਹੈ।"
ਮਤਲਬ ਸਾਫ ਸੀ ਕਿ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਕਈ ਖਬਰਾਂ ਇਸ ਗੱਲ ਦੀ ਪੁਸ਼ਟੀ ਕਰ ਰਹੀ ਹਨ ਕਿ ਇਸ ਮੁਲਜ਼ਮ ਨੇ 2020 'ਚ ਵੀ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ ਦਾ ਹੈ। ਹੁਣ ਅਕਤੂਬਰ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Recent of sacrilege at Gurudwara Village Dittupur Jattan
Claimed By- FB Page Agg Bani
Fact Check- Misleading