
ਵਿਅਕਤੀ ਦੇ ਹੱਥ ਦੀਆਂ ਉਂਗਲਾਂ ਵੱਢਣ ਵਾਲਾ ਵਾਇਰਲ ਵੀਡੀਓ ਸੁਨਾਮ ਦਾ ਨਹੀਂ ਬਲਕਿ ਮੋਹਾਲੀ ਦਾ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਬੀਤੇ ਦਿਨਾਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਕੁਝ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦੇ ਹੱਥ ਦੀਆਂ ਉਂਗਲਾਂ ਨੂੰ ਤਲਵਾਰ ਨਾਲ ਦਿਨ-ਦਿਹਾੜੇ ਵੱਡ ਦਿੰਦਾ ਜਾਂਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਪੰਜਾਬ ਦੇ ਸੁਨਾਮ ਦਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਫੇਸਬੁੱਕ ਪੇਜ Tufani News ਨੇ 23 ਫਰਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਦੇਖੋ ਪੰਜਾਬ ਦਾ ਹਾਲ ਨੌਜਵਾਨ ਦੇ ਕਿਸੇ ਪੁਰਾਣੀ ਰੰਜਿਸ਼ ਕਰਕੇ ਹੱਥ ਵਡ ਦਿੱਤੇ ਗੁੰਡਾਂ ਅਨਸਰ ਹੋਏ ਬੇਖੋਫ ਮਾਨ ਸਰਕਾਰ ਨੂੰ ਜਾਣਦੇ ਟਿੱਚ #ਸੁਨਾਮ ਜਗਤ ਪੂਰਾ ਵਿਖੇ ਪੁਲੀਸ ਨੂੰ ਮੁਖਬਰੀ ਕਰਨ ਤੇ ਹੋਈ ਵਾਰਦਾਤ"
ਇਹ ਵੀਡੀਓ Whatsapp 'ਤੇ ਵੀ ਸਮਾਨ ਦਾਅਵੇ ਨਾਲ ਵਾਇਰਲ ਹੈ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸੁਨਾਮ ਦਾ ਨਹੀਂ ਬਲਕਿ ਮੋਹਾਲੀ ਜ਼ਿਲ੍ਹੇ ਦਾ ਹੈ।"
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀ ਸ਼ੁਰੂ ਕੀਤੀ।
"ਇਹ ਮਾਮਲਾ ਮੋਹਾਲੀ ਦਾ ਹੈ"
ਸਾਨੂੰ ਮਾਮਲੇ ਨੂੰ ਲੈ ਕੇ ਕਈ ਰਿਪੋਰਟਾਂ ਮਿਲੀਆਂ। ਮੀਡੀਆ ਅਦਾਰੇ "ਜਗਬਾਣੀ" ਦੀ ਰਿਪੋਰਟ ਮੁਤਾਬਕ, "ਭਰਾ ਦੇ ਕਤਲ ਵਿਚ ਸ਼ਾਮਿਲ ਹੋਣ ਦੇ ਸ਼ੱਕ ਦੇ ਚਲਦਿਆਂ ਹੀ ਬੜਮਾਜਰਾ ਦੇ ਰਹਿਣ ਵਾਲੇ ਗੌਰੀ ਨੇ 2 ਹੋਰ ਸਾਥੀਆਂ ਨਾਲ ਮਿਲ ਕੇ ਹਰਦੀਪ ਸਿੰਘ ਉਰਫ ਰਾਜੂ ਦੇ ਹੱਥ ਦੀਆਂ 4 ਉਂਗਲੀਆਂ ਕੱਟ ਦਿੱਤੀਆਂ। ਮੁਲਜ਼ਮਾਂ ਨੇ ਪੂਰੀ ਵਾਰਦਾਤ ਦਾ ਤਕਰੀਬਨ 33 ਸੈਕੰਡ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ। ਲਹੂ-ਲੁਹਾਨ ਹਾਲਤ ਵਿਚ ਹਰਦੀਪ ਨੂੰ ਪੀ. ਜੀ. ਆਈ. ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ 2 ਉਂਗਲੀਆਂ ਤਾਂ ਜੋੜ ਦਿੱਤੀਆਂ, ਜਦਕਿ ਹੋਰ 2 ਪੂਰੀ ਤਰ੍ਹਾਂ ਨਾਲ ਡੈਮੇਜ ਹੋ ਜਾਣ ਕਾਰਨ ਜੋੜੀਆਂ ਨਹੀਂ ਜਾ ਸਕੀਆਂ । ਉੱਥੇ ਹੀ, ਦੂਜੇ ਪਾਸੇ ਫੇਜ਼-1 ਥਾਣਾ ਪੁਲਸ ਨੇ ਜਾਂਚ ਦੇ ਆਧਾਰ ’ਤੇ ਹੀ ਬੜਮਾਜਰਾ ਨਿਵਾਸੀ ਗੌਰੀ, ਪਟਿਆਲੇ ਦੇ ਰਹਿਣ ਵਾਲੇ ਤਰੁਣ ਅਤੇ ਇਕ ਹੋਰ ਸਾਥੀ ਖਿਲਾਫ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।"
ਇਸ ਖਬਰ ਮੁਤਾਬਕ ਇਹ ਮਾਮਲਾ ਸੁਨਾਮ ਦਾ ਨਹੀਂ ਬਲਕਿ ਮੋਹਾਲੀ ਦਾ ਹੈ।
ਸਾਨੂੰ ਆਪਣੀ ਇਸੇ ਸਰਚ ਦੌਰਾਨ Rozana Spokesman ਚੈਨਲ 'ਤੇ ਇਸ ਮਾਮਲੇ ਨੂੰ ਲੈ ਕੇ ਇੰਟਰਵਿਊ ਮਿਲਿਆ। ਇਹ ਇੰਟਰਵਿਊ ਓਸੇ ਸ਼ਕਸ ਦਾ ਹੈ ਜਿਸਦੇ ਹੱਥ ਦੀਆਂ ਉਂਗਲਾਂ ਵੱਡ ਦਿੱਤੀ ਗਈਆਂ ਸਨ।
ਇਸ ਮਾਮਲੇ ਨੂੰ ਲੈ ਕੇ ਵਿਅਕਤੀ ਦੀ ਹੱਡਬੀਤੀ ਹੇਠਾਂ ਇੰਟਰਵਿਊ 'ਚ ਸੁਣੀ ਜਾ ਸਕਦੀ ਹੈ।
ਨਤੀਜਾ- ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਵਿਅਕਤੀ ਦੇ ਹੱਥ ਦੀਆਂ ਉਂਗਲਾਂ ਵੱਢਣ ਵਾਲਾ ਵਾਇਰਲ ਵੀਡੀਓ ਸੁਨਾਮ ਦਾ ਨਹੀਂ ਬਲਕਿ ਮੋਹਾਲੀ ਦਾ ਹੈ।