
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਦਾਅਵੇ ਨੂੰ ਫਰਜ਼ੀ ਪਾਇਆ।
ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਗਨਾ ਰਣੌਤ ਅੰਡਰਵਰਲਡ ਡਾਨ ਅਬੂ ਸਲੀਮ ਦੇ ਨਾਲ ਬੈਠੀ ਹੋਈ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਦਾਅਵੇ ਨੂੰ ਫਰਜ਼ੀ ਪਾਇਆ।
ਵਾਇਰਲ ਪੋਸਟ
''Punjab and punjabi'' ਨਾਮ ਦੇ ਫੇਸਬੁੱਕ ਚੈਨਲ ਨੇ 29 ਦਸੰਬਰ ਨੂੰ ਇਕ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ''ਆਹ ਬੀ ਜੇ ਪੀ ਦੀ ਚਮਚੀ ਸਾਡੀਆਂ ਮਾਵਾਂ ਨੂੰ ਗਲਤ ਬੋਲੀ ਏ ਇਸਦੀ ਇਸ ਕਾਲਖ ਥੋਪੀ ਫੋਟੋ ਨੂੰ ਸੋਸਲ ਮੀਡੀਆ ਤੇ ਇੰਨਾ ਸੇਅਰ ਕਰੋ ਕੇ ਅੱਗੇ ਤੋਂ ਕੋਈ ਸਾਡੀਆਂ ਮਾਵਾਂ ਖਿਲਾਫ ਗਲਤ ਸਬਦਾਵਲੀ ਦਾ ਪ੍ਰਯੋਗ ਨਾ ਕਰੇ।''
ਸਪੋਕਸਮੈਨ ਵੱਲੋਂ ਕੀਤੀ ਪੜਤਾਲ
ਸਭ ਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਦਾ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ Huffington Post ਦੇ ਟਵਿੱਟਰ ਪੇਜ਼ ਤੇ ਇਹ ਤਸਵੀਰ ਮਿਲੀ ਜੋ ਕਿ 15 ਸਤੰਬਰ 2017 ਦੀ ਸੀ। ਇਸ ਤੋਂ ਇਹ ਤਾਂ ਸਾਬਿਤ ਹੋ ਗਿਆ ਹੈ ਕਿ ਇਹ ਤਸਵੀਰ 3 ਸਾਲ ਪੁਰਾਣੀ ਹੈ। ਫਿਰ ਅਸੀਂ ਗੂਗਲ 'ਤੇ ਅਬੂ ਸਲੀਮ ਬਾਰੇ ਸਰਚ ਕੀਤਾ ਤਾਂ ਅਬੂ ਸਲੀਮ ਦੀ ਤਸਵੀਰ ਵਾਇਰਲ ਤਸਵੀਰ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ ਸੀ। ਮਤਲਬ ਕਿ ਵਾਇਰਲ ਤਸਵੀਰ ਵਿਚ ਕੰਗਨਾ ਰਣੌਤ ਨਾਲ ਅਬੂ ਸਲੀਮ ਨਹੀਂ ਹੈ।
ਫਿਰ ਜਦੋਂ ਅਸੀਂ ਵਾਇਰਲ ਤਸਵੀਰ ਬਾਰੇ ਹੋਰ ਰਿਸਰਚ ਕੀਤੀ ਤਾਂ ਸਾਨੂੰ ਫੇਸਬੁੱਕ 'ਤੇ Mark Manuel ਨਾਮ ਦੇ ਇਕ ਪੇਜ਼ 'ਤੇ ਵਾਇਰਲ ਤਸਵੀਰ ਮਿਲੀ, ਜੋ ਕਿ 15 ਸਤੰਬਰ 2017 ਨੂੰ ਅਪਲੋਡ ਕੀਤੀ ਹੋਈ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਕੰਗਨਾ ਰਣੌਤ ਦੀ ਵਾਇਰਲ ਤਸਵੀਰ ਅਬੂ ਸਲੀਮ ਨਾਲ ਨਹੀਂ ਬਲਕਿ Mark Manuel ਨਾਮ ਦੇ ਵਿਅਕਤੀ ਨਾਲ ਹੈ।
ਫੇਸਬੁੱਕ ਪ੍ਰੋਫਾਈਲ ਵਿਚ ਦਿੱਤੀ ਜਾਣਕਾਰੀ ਮੁਤਾਬਿਕ Clapping Hands Private Limited - India ਵਿਚ ਮੈਨੇਜਿੰਗ ਪਾਰਟਨਰ ਹੈ। ਜੇ ਅਬੂ ਸਲੀਮ ਤੇ Mark Manuel ਦੀ ਤਸਵੀਰ ਨੂੰ ਬਰਾਬਰ ਰੱਖ ਕੇ ਦੇਖਿਆ ਜਾਵੇ ਤਾਂ ਇਹ ਦੋਨੋਂ ਵਿਅਕਤੀ ਅਲੱਗ-ਅਲੱਗ ਹਨ। ਦੱਸ ਦਈਏ ਕਿ ਇਸ ਵਾਇਰਲ ਤਸਵੀਰ ਦਾ ਹੋਰ ਵੀ ਕਈ ਵੈੱਬਸਾਈਟਸ ਨੇ ਫੈਕਟ ਚੈੱਕ ਕੀਤਾ ਹੈ ਜਿਸ ਵਿਚ ਵੀ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ ਹੈ। ਸੋ ਇਸ ਸਭ ਤੋਂ ਸਾਫ਼ ਹੋ ਜਾਂਦਾ ਹੈ ਕਿ ਵਾਇਰਲ ਪੋਸਟ ਵਿਚ ਕੀਤਾ ਗਿਆ ਦਾਅਵਾ ਫਰਜ਼ੀ ਹੈ ਕੰਗਨਾ ਰਣੌਤ ਨਾਲ ਅੰਡਰਵਰਲਡ ਡਾੱਨ ਅਬੂ ਸਲੀਮ ਨਹੀਂ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਹੈ ਵਾਇਰਲ ਤਸਵੀਰ ਵਿਚ ਅਬੂ ਸਲੀਮ ਨਹੀਂ ਬਲਕਿ ਮਾਰਕ ਮੈਨੁਅਲ ਨਾਮ ਦਾ ਵਿਅਕਤੀ ਹੈ ਜੋ ਕਿ ਇਕ ਫਿਲਮ ਜਨਰਲਿਸਟ ਹੈ।
Claim - ਅੰਡਰਵਰਲਡ ਡਾਨ ਅਬੂ ਸਲੀਮ ਨਾਲ ਬੈਠੀ ਹੈ ਕੰਗਨਾ ਰਣੌਤ
Claimed By - Punjab and punjabi
Fact Check - ਫਰਜ਼ੀ