
ਅਗਲੇ ਸਾਲ ਲਈ ਵੀ ਕੀਮਤਾਂ ’ਚ ਵਾਧੇ ਦਾ ਐਲਾਨ ਇਸੇ ਸਾਲ ਕੀਤਾ
Haryana Government : ਹਰਿਆਣਾ ਦੇ ਸਕੂਲ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਦੇ ਹਿਤਾਂ ਲਈ ਕੰਮ ਕਰ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਗੰਨਾ ਕਿਸਾਨਾਂ ਨੂੰ ਦਿਵਾਲੀ ਦਾ ਤੋਹਫਾ ਦਿੰਦੇ ਹੋਏ ਗੰਨੇ ਦੇ ਮੁੱਲ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਲਈ ਗੰਨੇ ਦਾ ਮੁੱਲ ਅਗੇਤੀ ਕਿਸਮ ਲਈ 372 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 386 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ, ਜੋ ਕਿ 14 ਰੁਪਏ ਦਾ ਪੂਰਾ ਵਾਧਾ ਹੈ।
ਇਸ ਦੇ ਨਾਲ ਹੀ, ਮੁੱਖ ਮੰਤਰੀ ਨੇ ਅਗਲੇ ਸਾਲ ਲਈ ਵੀ ਗੰਨੇ ਦੇ ਮੁੱਲ ਵਿਚ ਵਾਧੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਜਿਨ੍ਹਾਂ ਦਿਨਾਂ ਵਿਚ ਗੰਨੇ ਦੇ ਰੇਟ ਐਲਾਨ ਹੁੰਦਾ ਹੈ, ਉਨ੍ਹਾਂ ਦਿਨਾਂ ਵਿਚ ਚੋਣ ਜ਼ਾਬਤਾ ਲੱਗੀ ਹੋਵੇਗੀ। ਇਸ ਲਈ ਵਿਭਾਗ ਦੀ ਸਲਾਹ ਨਾਲ ਅਗਲੇ ਸਾਲ ਲਈ ਗੰਨੇ ਦੀ ਕੀਮਤ 400 ਰੁਪਏ ਪ੍ਰਤੀ ਕੁਇੰਟਲ ਐਲਾਨ ਕੀਤਾ ਜਾਂਦਾ ਹੈ।
ਕੰਵਰਪਾਲ ਨੇ ਕਿਹਾ ਕਿ ਸਰਕਾਰ ਵਲੋਂ ਲਏ ਗਏ ਇਸ ਫੈਸਲਾ ਦਾ ਮੰਤਵ ਇਹ ਯਕੀਨੀ ਕਰਨਾ ਹੈ ਕਿ ਗੰਨਾ ਕਿਸਾਨਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਲਈ ਸਹੀ ਮੁੱਲ ਮਿਲੇ। ਮੁੱਖ ਮੰਤਰੀ ਨੇ ਗੰਨੇ ਦੀ ਦਰਾਂ ਵਿਚ ਵਰਣਨਯੋਗ ਵਾਧਾ ਕਰ ਕੇ ਗੰਨਾ ਕਿਸਾਨਾਂ ਨੂੰ ਹੱਲਾਸ਼ੇਰੀ ਦਿਤੀ ਹੈ ਅਤੇ ਅਗਲੇ ਸਾਲ ਵੀ ਸਰਕਾਰ ਵਲੋਂ ਸਮਰਥਨ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਕਦਮ ਨਾਲ ਗੰਨ ਕਿਸਾਨਾਂ ਦੀ ਜ਼ਿੰਦਗੀ ’ਤੇ ਹਾਂ-ਪੱਖੀ ਅਸਰ ਪੈਣ ਅਤੇ ਹਰਿਆਣਾ ਦੇ ਖੇਤੀਬਾੜੀ ਖੇਤਰ ਦੀ ਖੁਸ਼ਹਾਲੀ ਵਿਚ ਯੋਗਦਾਨ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਬਹੁਤ ਹੀ ਮਿਹਨਤ ਨਾਲ ਖੇਤੀ ਕਰਦੇ ਹਨ ਅਤੇ ਅਪਣੀ ਉਪਜ ਬਾਜ਼ਾਰ ਵਿਚ ਵੇਚ ਕੇ ਹਰਿਆਣਾ ਦੀ ਮਾਲੀ ਹਾਲਤ ਨੂੰ ਮਜ਼ਬੂਤ ਕਰਦੇ ਹਨ। ਸੂਬਾ ਸਰਕਾਰ ਵੀ ਹਮੇਸ਼ਾ ਕਿਸਾਨ ਹਿਤ ਵਿਚ ਫੈਸਲਾ ਲੈਂਦੀ ਹੈ ਅਤੇ ਅਸੀਂ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹਨ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਹਰਿਆਣਾ ਇਕਮਾਤਰ ਅਜਿਹਾ ਸੂਬਾ ਹੈ, ਜਿੱਥੇ 14 ਫਸਲਾਂ ਦੀ ਖਰੀਦ ਐਮ.ਐਸ.ਪੀ. ’ਤੇ ਕੀਤੀ ਜਾਂਦੀ ਹੈ।