
Farming News: ਪਰਾਲੀ ਸਾੜੇ ਬਿਨ੍ਹਾਂ ਖੇਤੀ ਕਰ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਣ ਨਾਲ ਕਣਕ ਦੇ ਝਾੜ ’ਚ ਵੀ ਹੁੰਦਾ ਵਾਧਾ : ਕਿਸਾਨ ਗੁਰਪ੍ਰੀਤ ਸਿੰਘ
Farmer Gurpreet Singh village Dhalleke Farming News:: ਅਜੋਕੇ ਸਮੇਂ ਵਿਚ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਸਾਰੇ ਵਰਗਾਂ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ, ਪ੍ਰੰਤੂ ਕਿਸਾਨ ਇਸ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਤੇ ਵੱਡੀ ਗਿਣਤੀ ਵਿਚ ਵਾਤਾਵਰਣ ਸ਼ੁਧਤਾ ’ਚ ਅਪਣਾ ਵਡਮੁੱਲਾ ਯੋਗਦਾਨ ਪਾ ਵੀ ਰਹੇ ਹਨ ਕਿਉਂਕਿ ਇਸ ਨਾਲ ਪਰਾਲੀ ਦੇ ਨਾੜ ਜਾਂ ਹੋਰ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਲੋੜ ਨਹੀਂ ਰਹਿੰਦੀ ਅਤੇ ਵਾਤਾਵਰਣ ਪੱਖੀ ਖੇਤੀਬਾੜੀ ਸੰਭਵ ਹੁੰਦੀ ਹੈ।
ਇਨ੍ਹਾਂ ਕਿਸਾਨਾਂ ਦੀ ਸੂਚੀ ਵਿਚ ਇਕ ਨਾਮ ਜ਼ਿਲ੍ਹਾ ਮੋਗਾ ਦੇ ਪਿੰਡ ਧੱਲੇਕੇ ਦੇ ਕਿਸਾਨ ਗੁਰਪ੍ਰੀਤ ਸਿੰਘ ਦਾ ਵੀ ਆਉਂਦਾ ਹੈ। ਗੁਰਪ੍ਰੀਤ ਸਿੰਘ 15 ਏਕੜ ਜ਼ਮੀਨ ਵਿਚ ਖੇਤੀ ਕਰ ਰਿਹਾ ਹੈ ਅਤੇ ਪਿਛਲੇ 10 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਫ਼ਸਲ ਦੀ ਬਿਜਾਈ ਹੈਪੀਸੀਡਰ ਨਾਲ ਕਰ ਰਿਹਾ ਹੈ। ਪਿਛਲੇ ਸਾਲ ਤੋਂ ਇਸ ਕਿਸਾਨ ਨੇ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਸ਼ੁਰੂ ਕਰ ਦਿਤੀ ਹੈ। ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਫ਼ਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਬਹੁਤ ਵਾਧਾ ਹੋਇਆ ਹੈ, ਖੇਤੀ ਖ਼ਰਚੇ ਘਟੇ ਹਨ ਅਤੇ ਹਰ ਸਾਲ ਝਾੜ ਵਿਚ ਵੀ ਵਾਧਾ ਹੋ ਰਿਹਾ ਹੈ।
ਗੁਰਪ੍ਰੀਤ ਸਿੰਘ ਨੇ ਦਸਿਆ ਕਿ ਖੇਤੀਬਾੜੀ ਮਾਹਰਾਂ ਦੀ ਸਲਾਹ ਨਾਲ ਖੇਤੀ ਕਰ ਕੇ ਉਹ ਅਪਣੇ ਸਮੇਂ ਅਤੇ ਪੈਸੇ ਦੀ ਬੱਚਤ ਤਾਂ ਕਰ ਹੀ ਰਿਹਾ ਹੈ ਸਗੋਂ ਉਹ ਵਾਤਾਵਰਣ ਸ਼ੁਧਤਾ ਵਿਚ ਵੀ ਅਪਣਾ ਵਡਮੁੱਲਾ ਯੋਗਦਾਨ ਦੇ ਰਿਹਾ ਹੈ ਜਿਸ ਦੀ ਉਸ ਨੂੰ ਬਹੁਤ ਖ਼ੁਸ਼ੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੁਣ ਕਣਕ ਦੀ ਬਿਜਾਈ ਸੁਪਰਸੀਡਰ ਨਾਲ ਕਰਨੀ ਬਹੁਤ ਸੁਖਾਲੀ ਹੋ ਗਈ ਹੈ ਇਸ ਤੋਂ ਇਲਾਵਾ ਉਹ ਅਪਣੀ ਫ਼ਸਲ ਸੁਪਰ ਐਸ.ਐਸ.ਐਸ. ਲੱਗੀ ਕੰਬਾਈਨ ਨਾਲ ਹੀ ਕਰਵਾਉਂਦਾ ਹੈ ਜਿਸ ਨਾਲ ਝੋਨੇ ਦੀ ਪਰਾਲੀ ਦੇ ਛੋਟੇ ਛੋਟੇ ਟੁਕੜੇ ਹੋ ਕੇ ਜ਼ਮੀਨ ਵਿਚ ਮਿਲ ਜਾਂਦੇ ਹਨ ਜਿਹੜੇ ਮਿੱਟੀ ਲਈ ਉਪਜਾਊ ਸ਼ਕਤੀ ਜਾ ਸਰੋਤ ਵੀ ਬਣਦੇ ਹਨ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਸਾਨ ਗੁਰਪ੍ਰੀਤ ਸਿੰਘ ਦੀ ਹਿੰਮਤ ਦੀ ਸ਼ਲਾਘਾ ਕਰਦਿਆਂ ਹੋਰ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਸਿਆ ਕਿ ਪ੍ਰਸ਼ਾਸਨ ਵਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਅਤੇ ਰੋਕਥਾਮ ਲਈ 22 ਕਲੱਸਟਰ ਅਫ਼ਸਰ ਅਤੇ 334 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਵਾਲੀ ਖੇਤੀ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਸਾਨ ਗੁਰਪ੍ਰੀਤ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ।