
ਅੱਜ ਪੰਜਾਬ ਭਰ 'ਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜ ਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
'ਭਾਜਪਾ ਨੂੰ ਵੋਟ ਦੇਣ ਤੋਂ ਪਹਿਲਾਂ 750 ਕਿਸਾਨ ਦੀ ਕੁਰਬਾਨੀ ਯਾਦ ਕਰਿਉ'
ਕੋਟਕਪੂਰਾ (ਗੁਰਿੰਦਰ ਸਿੰਘ) : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪੈ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਭਰ ਦੇ ਕਿਸਾਨ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ 16 ਫਰਵਰੀ ਦਿਨ ਬੁੱਧਵਾਰ ਨੂੰ ਨਰਿੰਦਰ ਮੋਦੀ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕਰਨਗੇ ਕਿਉਂਕਿ ਮੋਦੀ ਸਰਕਾਰ ਆਪਣੇ ਵਲੋਂ ਲਿਖਤ ’ਚ ਕੀਤੇ ਵਾਅਦੇ ਤੋਂ ਪਿੱਛੇ ਹੱਟ ਰਹੀ ਹੈ।
ਉਨਾਂ ਕਿਹਾ ਕਿ ਸਰਕਾਰ ਦੀ ਨੀਅਤ ’ਚ ਖੋਟ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਜੋ ਘਟਨਾ ਲਖੀਮਪੁਰ ਖੀਰੀ ’ਚ ਵਾਪਰੀ ਸੀ ਉਹ ਸੋਚੀ ਸਮਝੀ ਸਾਜਿਸ਼ ਸੀ। ਉਸ ਤੋਂ ਬਾਅਦ ਵੀ ਮੋਦੀ ਸਰਕਾਰ ਵਲੋਂ ਅਜੈ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਨਾ ਕਰਨਾ ਸਰਕਾਰ ਦੀ ਨੀਅਤ ਨੂੰ ਸਪੱਸ਼ਟ ਕਰਦਾ ਹੈ।
Farmers Protest
ਡੱਲੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਦੀ ਕਿਸਾਨਾਂ ਨਾਲ ਕੀਤੀ ਵਾਅਦਾਖਿਲਾਫੀ ਅਤੇ ਧੋਖੇ ਦੇ ਰੋਸ ਵਜੋਂ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰਨ ਦੀ ਕਾਲ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਭਾਵੇਂ ਭਾਜਪਾ ਬਹੁਤ ਵੱਡਾ ਭੁਲੇਖਾ ਪਾਲੀ ਬੈਠੀ ਹੈ ਕਿ ਪੰਜਾਬ ਦੀਆਂ ਚੋਣਾਂ ਲੜ ਰਹੀਆਂ ਜਥੇਬੰਦੀਆਂ ਕਾਰਨ ਅੰਦੋਲਨ ਮੱਧਮ ਪਵੇਗਾ ਪਰ ਅੰਦੋਲਨ ਪਹਿਲਾਂ ਨਾਲੋਂ ਵੀ ਜ਼ੋਰ ਸ਼ੋਰ ਨਾਲ ਤਕੜਾ ਹੋ ਕੇ ਉੱਠੇਗਾ, ਕਿਉਂਕਿ ਪੰਜਾਬ ਦਾ ਬੱਚਾ ਬੱਚਾ ਅੰਦੋਲਨ ਦੇ ਨਾਲ ਹੈ ਅਤੇ ਪੰਜਾਬ ਦੇ ਲੋਕ ਅੱਜ ਵੀ ਉਸੇ ਤਰ੍ਹਾਂ ਗੁੱਸੇ ’ਚ ਹਨ ਤੇ ਉਸੇ ਤਰ੍ਹਾਂ ਜੋਸ਼ੋ ਖਰੋਸ਼ ਨਾਲ ਦਾ ਵਿਰੋਧ ਕਰ ਰਹੇ ਹਨ।
BJP Releases List Of Candidates For Punjab Polls
ਉਨਾ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 750 ਕਿਸਾਨਾਂ ਨੇ ਆਪਣੀ ਜ਼ਿੰਦਗੀ ਦੀ ਆਹੂਤੀ ਦੇ ਕੇ ਇਹ ਕਾਲੇ ਕਾਨੂੰਨ ਰੱਦ ਕਰਵਾਏ ਹਨ। ਉਨਾਂ ਆਖਿਆ ਕਿ ਭਾਜਪਾ ਨੂੰ ਵੋਟ ਪਾਉਣ ਤੋਂ ਪਹਿਲਾਂ ਉਸ ਭੈਣ ਦੇ ਹੰਝੂਆਂ ਨੂੰ ਯਾਦ ਰੱਖਿਓ ਜਿਸ ਤੋਂ ਮੁੜ ਕਦੇ ਆਪਣੇ ਵੀਰ ਦੇ ਰੱਖੜੀ ਨਹੀ ਬੰਨ ਹੋਣੀ। ਉਸ ਮਾਂ ਨੂੰ ਯਾਦ ਰੱਖਿਓ ਜਿਸ ਦਾ ਜਵਾਨ ਪੁੱਤ ਇਸ ਜਹਾਨੋ ਤੁਰ ਗਿਆ।
Jagjit Singh Dallewal
ਉਸ ਸੁਹਾਗਣ ਦੇ ਚਿਹਰੇ ਨੂੰ ਅੱਖਾਂ ਮੂਹਰੇ ਰੱਖ ਕੇ ਵੋਟ ਪਾਉਣ ਬਾਰੇ ਸੋਚਿਓ ਜਿਸ ਦੇ ਸਿਰ ਦਾ ਸਾਂਈ ਮੁੜ ਕਦੇ ਵਾਪਸ ਨਹੀ ਆਉਣਾ। ਉਸ ਬਾਪ ਦੇ ਕਰਜੇ ਨਾਲ ਝੁਕੇ ਹੋਏ ਮੋਢਿਆਂ ਨੂੰ ਯਾਦ ਰੱਖਿਓ ਜਿਸ ਦੀ ਅਰਥੀ ਨੂੰ ਮੋਢਾ ਉਸ ਦੇ ਪੁੱਤ ਨੇ ਦੇਣਾ ਸੀ। ਉਸ ਧੀ ਪੁੱਤ ਨੂੰ ਯਾਦ ਰੱਖਿਓ ਜਿਨਾਂ ਨੂੰ ਕਦੇ ਮੁੜ ਆਪਣਾ ਬਾਪ ਨੂੰ ਨਹੀ ਮਿਲਣਾ।