
ਰਾਕੇਸ਼ ਟਿਕੈਤ ਨੇ ਦੇਸ਼ ਦੇ ਕਿਸਾਨਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਵੱਡੇ ਦੇਸ਼ ਵਿਆਪੀ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ
ਲਖੀਮਪੁਰ ਖੇੜੀ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤਾ ਗਿਆ 75 ਘੰਟੇ ਦਾ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਦੇਸ਼ ਦੇ ਕਿਸਾਨਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਵੱਡੇ ਦੇਸ਼ ਵਿਆਪੀ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਮੋਰਚੇ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ, "ਰਾਸ਼ਟਰ ਵਿਆਪੀ ਅੰਦੋਲਨ ਕਦੋਂ, ਕਿੱਥੇ ਅਤੇ ਕਿਵੇਂ ਹੋਵੇਗਾ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਆਗੂ ਸਹੀ ਸਮੇਂ 'ਤੇ ਇਸ ਬਾਰੇ ਜਾਣਕਾਰੀ ਦੇਣਗੇ।"
Lakhimpur Kheri Farmers Protest
ਸੰਯੁਕਤ ਮੋਰਚੇ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਰਾਕੇਸ਼ ਟਿਕੈਤ ਨੇ ਕਿਹਾ, "ਜੇਕਰ ਸੰਯੁਕਤ ਕਿਸਾਨ ਮੋਰਚਾ ਕਮਜ਼ੋਰ ਹੋ ਜਾਂਦਾ ਹੈ ਤਾਂ ਸਰਕਾਰਾਂ ਕਿਸਾਨਾਂ 'ਤੇ ਹਾਵੀ ਹੋ ਜਾਣਗੀਆਂ।" ਉਹਨਾਂ ਕਿਹਾ ਕਿ ਤਿਕੋਨੀਆ ਕਾਂਡ ਨੂੰ ਲੈ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ ਦੇ ਨਾਲ-ਨਾਲ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਵਾਲਾ ਕਾਨੂੰਨ ਵੀ ਕਿਸਾਨਾਂ ਲਈ ਵੱਡਾ ਮੁੱਦਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਰਾਕੇਸ਼ ਟਿਕੈਤ ਨੇ ਆਪਣੇ ਸੰਬੋਧਨ 'ਚ ਕਿਹਾ, ''ਪੂਰਾ ਦੇਸ਼ ਇਸ ਘਟਨਾ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਇਹ ਵੀ ਸਭ ਨੂੰ ਪਤਾ ਸੀ ਕਿ ਹਿੰਸਾ ਨੂੰ ਭੜਕਾਉਣ ਵਾਲੇ ਕੌਣ ਸਨ।'' ਅਜੈ ਕੁਮਾਰ ਮਿਸ਼ਰਾ ਨੂੰ ਆਈਪੀਸੀ ਦੀ ਧਾਰਾ 120ਬੀ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਟਿਕੈਤ ਨੇ ਕਿਹਾ, "ਇਹ ਵਿਡੰਬਨਾ ਹੈ ਕਿ ਮੰਤਰੀ ਅਜੇ ਵੀ ਆਪਣਾ ਅਹੁਦਾ ਸੰਭਾਲ ਰਿਹਾ ਹੈ।"
Lakhimpur Kheri Farmers Protest
ਉਹਨਾਂ ਕਿਹਾ ਕਿ 75 ਘੰਟੇ ਦੇ ਲੰਬੇ ਧਰਨੇ ਤੋਂ ਬਾਅਦ ਵੀ ਕਿਸਾਨ ਆਪਣੀਆਂ ਮੰਗਾਂ ਦੀ ਪੂਰਤੀ ਲਈ ਵੱਡੇ ਅੰਦੋਲਨ ਲਈ ਤਿਆਰ ਰਹਿਣ। ਟਿਕੈਤ ਨੇ ਕਿਹਾ ਕਿ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਬਰਖਾਸਤ ਕਰਨ ਤੋਂ ਇਲਾਵਾ ਬੇਕਸੂਰ ਕਿਸਾਨਾਂ ਦੀ ਜੇਲ੍ਹ ਵਿਚ ਰਿਹਾਈ, ਐਮਐਸਪੀ ਗਾਰੰਟੀ ਕਾਨੂੰਨ, ਬਿਜਲੀ ਸੋਧ ਬਿੱਲ 2022 ਵਾਪਸ ਲੈਣ, ਗੰਨੇ ਦੇ ਬਕਾਏ ਦੀ ਅਦਾਇਗੀ ਅਤੇ ਸਰਕਾਰ ਦੇ ਜ਼ਮੀਨੀ ਅਧਿਕਾਰਾਂ ਸਮੇਤ ਕਈ ਹੋਰ ਮੁੱਦੇ ਸ਼ਾਮਲ ਹਨ”। ਉਹਨਾਂ ਜ਼ੋਰ ਦੇ ਕੇ ਕਿਹਾ, "ਕਿਸਾਨ ਅੰਦੋਲਨ ਦੌਰਾਨ ਅਜੇ ਕੁਮਾਰ ਮਿਸ਼ਰਾ ਦਾ ਮੁੱਦਾ ਸਿਖਰ 'ਤੇ ਰਹੇਗਾ, ਚਾਹੇ ਉਹ ਕਰਨਾਟਕ, ਯੂਪੀ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਹੋਵੇ।" ਟਿਕੈਤ ਨੇ ਦੋਸ਼ ਲਾਇਆ ਕਿ ਯੂਪੀ ਅਤੇ ਉਤਰਾਖੰਡ ਵਿਚ ਸਿੱਖ ਭਾਈਚਾਰੇ ਤੋਂ ਉਹਨਾਂ ਦੀ ਜ਼ਮੀਨ ਖੋਹਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਸੰਯੁਕਤ ਕਿਸਾਨ ਮੋਰਚਾ ਅਜਿਹਾ ਕਦੇ ਵੀ ਨਹੀਂ ਹੋਣ ਦੇਵੇਗਾ।
Lakhimpur Kheri Farmers Protest
ਕਿਸਾਨ ਆਗੂ ਦਰਸ਼ਨ ਸਿੰਘ ਪਾਲ ਨੇ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਤਾਂ 10 ਮੈਂਬਰੀ ਵਫ਼ਦ ਨੂੰ ਜੇਲ੍ਹ ਵਿਚ ਬੰਦ ਕਿਸਾਨਾਂ ਨੂੰ ਮਿਲਣ ਦੇਣ ਲਈ ਤਿਆਰ ਨਹੀਂ ਸੀ ਪਰ ਇਹ ਕਿਸਾਨ ਏਕਤਾ ਹੀ ਸੀ ਜਿਸ ਨੇ 10 ਮੈਂਬਰੀ ਵਫ਼ਦ ਨੂੰ ਜੇਲ੍ਹ ਵਿਚ ਬੰਦ ਕਿਸਾਨਾਂ ਨੂੰ ਮਿਲਣ ਦਾ ਰਾਹ ਪੱਧਰਾ ਕਰ ਦਿੱਤਾ। ਅੰਦੋਲਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਨ ਵਾਲੇ ਕਿਸਾਨ ਆਗੂਆਂ ਤੋਂ ਇਲਾਵਾ ਨੇੜਲੇ ਪਿੰਡ ਸੀਤਾਪੁਰ ਦੀ ਕਿਸਾਨ ਸੰਘਰਸ਼ ਸਮਿਤੀ ਦੀਆਂ ਮਹਿਲਾ ਕਾਰਕੁਨਾਂ ਨੇ ਕਿਸਾਨਾਂ ਦੇ ਸੰਘਰਸ਼ ਨੂੰ ਉਜਾਗਰ ਕਰਦੀਆਂ ਕਵਿਤਾਵਾਂ ਸੁਣਾਈਆਂ। ਅੰਦੋਲਨਕਾਰੀਆਂ ਦੀ ਹਮਾਇਤ ਕਰਦੇ ਹੋਏ ਵਲੰਟੀਅਰਾਂ ਨੇ ਮੰਡੀ ਸੰਮਤੀ ਗਰਾਊਂਡ ਦੀਆਂ ਵੱਖ-ਵੱਖ ਥਾਵਾਂ ’ਤੇ ਲੰਗਰ ਚਲਾ ਕੇ ਭੋਜਨ, ਸਨੈਕਸ, ਪਾਣੀ ਆਦਿ ਦੀ ਸੇਵਾ ਕੀਤੀ।
ਧਰਨਾਕਾਰੀ ਕਿਸਾਨਾਂ ਦੇ ਰਹਿਣ ਲਈ ਮੰਡੀ ਕਮੇਟੀ ਦੀ ਹਦੂਦ ਵਿਚ ਛੇ ਸ਼ੈੱਡ ਬਣਾਏ ਗਏ ਹਨ। ਇਹਨਾਂ ਵਿਚੋਂ ਇਕ ਸ਼ੈੱਡ ਨੂੰ ਮੁੱਖ ਮੀਟਿੰਗ ਵਾਲੀ ਥਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਦਕਿ ਕਿਸਾਨਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਅੰਦੋਲਨ 'ਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਨੂੰ ਵੱਖ-ਵੱਖ ਸੂਬਿਆਂ ਤੋਂ ਕਿਸਾਨ ਵੀ ਰਾਜਾਪੁਰ ਮੰਡੀ ਕਮੇਟੀ 'ਚ ਪਹੁੰਚੇ। ਲਖੀਮਪੁਰ ਖੇੜੀ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਜੱਦੀ ਜ਼ਿਲ੍ਹਾ ਹੈ ਅਤੇ ਉਹ ਲਗਾਤਾਰ ਦੂਜੀ ਵਾਰ ਖੇੜੀ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਵੀਰਵਾਰ ਤੋਂ ਸ਼ੁਰੂ ਹੋਏ ਧਰਨੇ ਵਿਚ ਸੰਯੁਕਤ ਕਿਸਾਨ ਮੋਰਚਾ ਕੋਰ ਕਮੇਟੀ ਦੇ ਮੈਂਬਰ ਦਰਸ਼ਨ ਪਾਲ ਸਿੰਘ, ਸਵਰਾਜ ਇੰਡੀਆ ਦੇ ਕੌਮੀ ਕਨਵੀਨਰ ਯੋਗੇਂਦਰ ਯਾਦਵ ਅਤੇ ਸਮਾਜ ਸੇਵੀ ਮੇਧਾ ਪਾਟੇਕਰ ਸਮੇਤ ਪ੍ਰਮੁੱਖ ਆਗੂ ਸ਼ਾਮਲ ਹੋਏ।
Lakhimpur Kheri Farmers Protest
ਇਹਨਾਂ ਤੋਂ ਇਲਾਵਾ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ, ਰਣਜੀਤ ਰਾਜੂ, ਅਸ਼ੋਕ ਮਿੱਤਲ, ਦੀਪਕ ਲਾਂਬਾ, ਬੀਕੇਯੂ ਟਿਕੈਤ ਦੇ ਕੌਮੀ ਸੰਗਠਨ ਸਕੱਤਰ ਭੂਦੇਵ ਸ਼ਰਮਾ ਤੋਂ ਇਲਾਵਾ ਯੂਪੀ ਅਤੇ ਉਤਰਾਖੰਡ ਦੇ ਇੰਚਾਰਜ ਬਲਜਿੰਦਰ ਸਿੰਘ ਮਾਨ, ਇਸ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੰਧੂ ਅਤੇ ਪੰਜਾਬ ਦੇ ਹੋਰ ਪ੍ਰਮੁੱਖ ਕਿਸਾਨ ਆਗੂ ਸ਼ਾਮਲ ਹਨ। ਇਸ ਮੌਕੇ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲਾ, ਉੱਤਰ ਪ੍ਰਦੇਸ਼ ਦੇ ਕਿਸਾਨ ਆਗੂਆਂ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।