ਕਿਸਾਨੀ ਮੁੱਦਿਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ 'ਤੇ ਵਰੇ ਨਵਜੋਤ ਸਿੱਧੂ
ਬਠਿੰਡਾ : ਕਣਕ ਦੇ ਘੱਟ ਝਾੜ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਘਰ ਪਹੁੰਚੇ ਤੇ ਉਨ੍ਹਾਂ ਨੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦੇ ਹੋਏ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜਾ, ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਜਿੰਨ੍ਹਾਂ ਸਮਾਂ ਸੂਬੇ ਦੀ ਕਿਸਾਨੀ ਆਪਣੇ ਪੈਰਾਂ ’ਤੇ ਖੜ੍ਹੀ ਨਹੀਂ ਹੁੰਦੀ ਉਨ੍ਹਾਂ ਸਮਾਂ ਪੰਜਾਬ ਖੁਸ਼ਹਾਲ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਪਿਛਲੇ 30 ਸਾਲ ਤੋਂ ਕਿਸੇ ਵੀ ਸਰਕਾਰ ਨੇ ਕਿਸਾਨੀ ਤੇ ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਲਈ ਕੋਈ ਨੀਤੀ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਫ਼ਸਲਾਂ ’ਤੇ ਲਾਗਤ ਵਧ ਰਹੀ ਹੈ ਜਦੋਂ ਕਿ ਆਮਦਨ ਲਗਾਤਰ ਘਟ ਰਹੀ ਹੈ, ਜਿਸ ਕਾਰਨ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਡੀਜ਼ਲ ਦੇ ਭਾਅ ਤਿੰਨ ਗੁਣਾ ਅਤੇ ਖਾਦਾਂ ਦੇ ਭਾਅ ਦੋ ਗੁਣਾ ਵਧ ਗਏ ਹਨ, ਪਰ ਫ਼ਸਲਾਂ ਦੇ ਭਾਅ ਵਿਚ ਮਾਮੂਲੀ ਵਾਧਾ ਕੀਤਾ ਗਿਆ ਹੈ। ਫਸਲਾਂ ਦੇ ਪੂਰੇ ਭਾਅ ਨਾ ਮਿਲਣ ਕਰਕੇ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਕਰਕੇ ਇਨ੍ਹਾਂ 4-5 ਸਾਲਾਂ ਵਿਚ 8 ਹਜ਼ਾਰ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਗਏ ਜਿਸ ਲਈ ਮਾੜੀਆਂ ਸਰਕਾਰਾਂ ਜ਼ਿੰਮੇਵਾਰ ਹਨ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਜੇ ਪੰਜਾਬ ਵਿਚ ਆਪ ਦੀ ਸਰਕਾਰ ਬਣੀ ਤਾਂ ਕਿਸੇ ਵੀ ਕਿਸਾਨ ਨੂੰ ਜਾਨ ਨਹੀਂ ਦੇਣੀ ਪਵੇਗੀ ਪਰ ਹੁਣ ਪੰਜਾਬ ਵਿਚ ਕਿਸਾਨ ਘੱਟ ਝਾੜ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ ਤਾਂ ਫਿਰ ਸਰਕਾਰ ਕਿਸਾਨਾਂ ਨੂੰ ਤਰੁੰਤ ਰਾਹਤ ਕਿਉਂ ਨਹੀਂ ਦੇ ਰਹੀ। ਸਿੱਧੂ ਕਿਸਾਨੀ ਸਮੱਸਿਆਵਾਂ ’ਤੇ ਡਟ ਕੇ ਬੋਲੇ ਅਤੇ ਕਿਹਾ ਕਿ ਉਹ ਪੰਜਾਬ ਵਾਸੀਆਂ ਦੇ ਹਿੱਤ ਵਿਚ ਹਮੇਸ਼ਾਂ ਨਿਡਰਤਾ ਨਾਲ ਪਹਿਰੇਦਾਰੀ ਕਰਦੇ ਰਹਿਣਗੇ ਤੇ ਪੰਜਾਬ ਨੂੰ ਖ਼ੁਸ਼ਹਾਲ ਸੂਬਾ ਬਣਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਬਿਜਲੀ ਦੇ ਵਧ ਰਹੇ ਸੰਕਟ ’ਤੇ ਵੀ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਆਪ ਸਰਕਾਰ ਇਸ ਸਬੰਧੀ ਲੋੜੀਦੇ ਕਦਮ ਚੁੱਕੇ। ਉਨ੍ਹਾਂ ਆਪ ਸਰਕਾਰ ਦੇ ਬਿਜਲੀ ਮਾਫੀ ਸਬੰਧੀ ਫੈਸਲੇ ’ਤੇ ਕਿਹਾ ਕਿ ਸੂਬੇ ਅੰਦਰ ਅਜੇ ਤੱਕ ਮਾਫੀ ਨਹੀਂ ਮਿਲੀ
ਪਰ ਹੁਣ ਆਪ ਵਾਲੇ ਹਿਮਾਚਲ ਵਿਚ ਬਿਜਲੀ ਮਾਫ਼ੀ ਦੇ ਵੱਡੇ ਪੋਸਟਰ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾਲਾਂ ਤੇ ਐੱਮਐੱਸਪੀ ਦੇਣ ਦੇ ਬਿਆਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੇਕਰ ਸਰਕਾਰ ਕੁੱਝ ਚੰਗਾ ਕੰਮ ਕਰੇਗੀ ਤਾਂ ਉਸ ਦੀ ਤਾਰੀਫ਼ ਵੀ ਕਰਾਂਗੇ ਤੇ ਜੇ ਕੋਈ ਗਲਤ ਕੰਮ ਕਰੇਗਾ ਤਾਂ ਉਸ ਦਾ ਡਟ ਕੇ ਵਿਰੋਧ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਕਿਸਾਨਾਂ ਦੀ ਫ਼ਸਲ ਖ਼ਰਾਬ ਹੁੰਦੀ ਹੈ ਤਾਂ ਉਹ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਣਗੇ, ਪਰ ਹੁਣ ਕਣਕ ਦੇ ਘੱਟ ਝਾੜ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਹੁਣ ਕੇਜਰੀਵਾਲ ਕਿੱਥੇ ਹੈ। ਇਸ ਮੌਕੇ ਪਿੰਡ ਮਾਈਸਰਖਾਨਾ ਦੇ ਕਿਸਾਨ ਨੇ ਜਮੀਨਾਂ ਨੂੰ ਨਹਿਰੀ ਪਾਣੀ ਦੀ ਘਾਟ ਅਤੇ ਸਰਕਾਰ ਵੱਲੋਂ ਜਮੀਨਾਂ ਤੋਂ ਰੇਤਲੀ ਮਿੱਟੀ ਨਾ ਚੁੱਕੇ ਜਾਣ ਦਾ ਮੁੱਦਾ ਸਿੱਧੂ ਕੋਲ ਉਠਾਇਆ।