
ਸਾਲ 2020 ਵਿਚ 20 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ 75,986 ਮਾਮਲੇ ਸਾਹਮਣੇ ਆਏ ਹਨ।
ਚੰਡੀਗੜ੍ਹ - ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਅੱਜ ਵੱਡੀ ਅਪਡੇਟ ਆਈ ਹੈ। ਦਰਅਸਲ, ਪਿਛਲੇ ਤਿੰਨ ਸਾਲਾਂ ਵਿਚ ਇਸ ਸਾਲ ਸਭ ਤੋਂ ਘੱਟ ਪਰਾਲੀ ਸਾੜੀ ਗਈ ਹੈ, ਜਿਸ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਸਾਲਾਂ ਵਿਚ ਇਸ ਸਾਲ 20% ਘੱਟ ਪਰਾਲੀ ਸਾੜੀ ਗਈ ਹੈ।
ਜੇ ਗੱਲ ਕੀਤੀ ਜਾਵੇ ਤਾਂ ਸਾਲ 2020 ਵਿਚ 20 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ 75,986 ਮਾਮਲੇ ਸਾਹਮਣੇ ਆਏ ਹਨ।
20 ਨਵੰਬਰ 2021 ਤੱਕ 70,711 ਮਾਮਲੇ ਸਨ, ਜੋ ਇਸ ਸਾਲ ਘਟ ਕੇ ਸਿਰਫ਼ 49,775 ਰਹਿ ਗਏ ਹਨ। ਯਾਨੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ 20.3% ਘੱਟ ਪਰਾਲੀ ਸਾੜੀ ਗਈ। ਹੁਣ ਝੋਨੇ ਦੀ ਫ਼ਸਲ ਦੀ ਕਟਾਈ ਵੀ ਲਗਭਗ ਮੁਕੰਮਲ ਹੋ ਚੁੱਕੀ ਹੈ। ਇਸ ਸਾਲ ਸੂਬੇ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕਮੀ ਲਿਆਉਣ ਵਿਚ ਜਾਗਰੂਕਤਾ ਅਤੇ ਯੋਜਨਾਬੰਦੀ ਨੇ ਅਹਿਮ ਭੂਮਿਕਾ ਨਿਭਾਈ ਹੈ।
ਭਗਵੰਤ ਮਾਨ ਸਰਕਾਰ ਨੇ ਪਰਾਲੀ ਨੂੰ 'ਪਰਾਲੀ ਧਨ' 'ਚ ਬਦਲਣ ਲਈ ਵੀ ਕਈ ਵੱਡੇ ਕਦਮ ਚੁੱਕੇ ਹਨ, ਜਿਨ੍ਹਾਂ 'ਚ ਪਰਾਲੀ ਤੋਂ ਬਾਲਣ ਬਣਾਉਣਾ ਅਤੇ ਕੇਰਲ ਨੂੰ ਪਰਾਲੀ ਦਾ ਨਿਰਯਾਤ ਕਰਨਾ ਪ੍ਰਮੁੱਖ ਹਨ। ਦੱਸ ਦੇਈਏ ਕਿ ਐਤਵਾਰ ਨੂੰ ਪਰਾਲੀ ਸਾੜਨ ਦੇ ਕਰੀਬ 368 ਮਾਮਲੇ ਸਾਹਮਣੇ ਆਏ ਸਨ। ਪੰਜਾਬ ਵਿਚ 2019 ਵਿਚ ਪਰਾਲੀ ਸਾੜਨ ਦੀਆਂ 55,210 ਅਤੇ 2018 ਵਿੱਚ 50,590 ਘਟਨਾਵਾਂ ਸਾਹਮਣੇ ਆਈਆਂ, ਜਦੋਂ ਕਿ ਇਸ ਸਾਲ ਹੁਣ ਤੱਕ ਸਿਰਫ਼ 49,775 ਕੇਸ ਹੀ ਦਰਜ ਹੋਏ ਹਨ।