ਖੇਤੀ ਸਹਾਇਕ ਧੰਦਿਆਂ ਨੂੰ ਖ਼ਤਰਨਾਕ ਬੀਮਾਰੀਆਂ ਦੀ ਮਾਰ
Published : Sep 2, 2022, 7:53 am IST
Updated : Sep 2, 2022, 7:53 am IST
SHARE ARTICLE
Agricultural support businesses are affected by dangerous diseases
Agricultural support businesses are affected by dangerous diseases

ਨੌਜਵਾਨ ਵਰਗ ਦਾ ਖੇਤੀ ਪ੍ਰਤੀ ਘਟ ਰਿਹਾ ਰੁਝਾਨ ਵੀ ਖੇਤੀ ਦੇ ਘਾਟੇ ਵਾਲਾ ਧੰਦਾ ਹੋਣ ਦਾ ਪ੍ਰਮਾਣ ਹੈ।

 

ਪੰਜਾਬ ਦਾ ਨਾਮ ਖੇਤੀ ਪ੍ਰਧਾਨ ਸੂਬਿਆਂ ਵਿਚ ਸ਼ੁਮਾਰ ਹੁੰਦਾ ਹੈ। ਉਪਜਾਊ ਧਰਤੀ, ਪਾਣੀ ਦੀ ਉਪਲਬਧਤਾ ਅਤੇ ਫ਼ਸਲਾਂ ਦੇ ਅਨੁਕੂਲ ਪੌਣਪਾਣੀ ਬਦੌਲਤ ਅਨਾਜ ਉਤਪਾਦਨ ਵਿਚ ਪੰਜਾਬ ਦਾ ਮੋਹਰੀ ਯੋਗਦਾਨ ਰਿਹਾ ਹੈ। ਹਰੇ ਇਨਕਲਾਬ ਜ਼ਰੀਏ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਦੀ ਹਕੀਕਤ ਤੋਂ ਸੱਭ ਜਾਣੂ ਹਨ। ਫ਼ਸਲਾਂ ਦੀ ਭਰਪੂਰ ਉਪਜ ਦੇ ਬਾਵਜੂਦ ਖੇਤੀ ਲਾਹੇਵੰਦ ਧੰਦਾ ਨਹੀਂ ਬਣ ਸਕੀ। ਖੇਤੀ ਲਾਗਤਾਂ ਅਤੇ ਆਮਦਨ ਵਿਚ ਆਏ ਅਸਾਵੇਂਪਨ ਦੀ ਬਦੌਲਤ ਖੇਤੀ ਘਾਟੇ ਵਾਲਾ ਧੰਦਾ ਬਣ ਕੇ ਰਹਿ ਗਿਆ ਹੈ। ਕਿਸਾਨਾਂ ਵਲੋਂ ਕਮਜ਼ੋਰ ਆਰਥਕਤਾ ਦੇ ਚਲਦਿਆਂ ਕੀਤੀਆਂ ਜਾ ਰਹੀਆਂ ਆਤਮ ਹਤਿਆਵਾਂ ਵਿਚ ਪ੍ਰਤੀ ਦਿਨ ਹੋ ਰਿਹਾ ਇਜ਼ਾਫ਼ਾ ਖੇਤੀ ਦੇ ਘਾਟੇ ਵਾਲਾ ਧੰਦਾ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਨੌਜਵਾਨ ਵਰਗ ਦਾ ਖੇਤੀ ਪ੍ਰਤੀ ਘਟ ਰਿਹਾ ਰੁਝਾਨ ਵੀ ਖੇਤੀ ਦੇ ਘਾਟੇ ਵਾਲਾ ਧੰਦਾ ਹੋਣ ਦਾ ਪ੍ਰਮਾਣ ਹੈ।

ਆਜ਼ਾਦੀ ਦੇ 75 ਵਰਿ੍ਹਆਂ ਬਾਅਦ ਵੀ ਸਰਕਾਰਾਂ ਵਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੋਈ ਠੋਸ ਯੋਜਨਾਵਾਂ ਅਮਲ ਵਿਚ ਨਹੀਂ ਲਿਆਂਦੀਆਂ ਜਾ ਸਕੀਆ। ਹੋਰ ਤਾਂ ਹੋਰ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁਲ ਅਤੇ ਸਹੀ ਮੰਡੀਕਰਨ ਦੀ ਸਮੱਸਿਆ ਅੱਜ ਵੀ ਬਰਕਰਾਰ ਹੈ। ਫ਼ਸਲਾਂ ਦੀ ਖ਼ਰੀਦ ਅਤੇ ਮੰਡੀਕਰਨ ਪੂਰੀ ਤਰ੍ਹਾਂ ਨਾਲ ਮੁਨਾਫ਼ਾਖੋਰ ਵਪਾਰੀਆਂ ਦੀ ਮਨਮਰਜ਼ੀ ਦੀ ਖੇਡ ਬਣ ਕੇ ਰਹਿ ਗਿਆ ਹੈ। ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੋਂ ਅਸਮਰਥ ਸਰਕਾਰਾਂ ਵਲੋਂ ਕਿਸਾਨਾਂ ਅਤੇ ਹੋਰ ਉੱਦਮੀਆਂ ਨੂੰ ਖੇਤੀ ਦੇ ਨਾਲ ਨਾਲ ਖੇਤੀ ਆਧਾਰਤ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਬੇਰੁਜ਼ਗਾਰ ਨੌਜਵਾਨਾਂ ਨੂੰ ਪਸ਼ੂ ਡੇਅਰੀ, ਮੁਰਗੀ ਪਾਲਣ, ਸੂਰ ਪਾਲਣ ਅਤੇ ਮਧੂ ਮੱਖੀ ਪਾਲਣ ਸਹਾਇਕ ਧੰਦੇ ਸ਼ੁਰੂ ਕਰਨ ਲਈ ਕਰਜ਼ਿਆਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾ ਰਹੀ ਹੈ।

ਪੰਜਾਬ ਵਿਚ ਕਿਸਾਨਾਂ ਵਲੋਂ ਸਹਾਇਕ ਧੰੰਦੇ ਅਪਣਾਉਣ ਦੇ ਨਾਲ ਨਾਲ ਬਹੁਤ ਸਾਰੇ ਨੌਜਵਾਨਾਂ ਵਲੋਂ ਇਨ੍ਹਾਂ ਸਹਾਇਕ ਧੰਦਿਆਂ ਨੂੰ ਕਿੱਤੇ ਵਜੋਂ ਵੀ ਅਪਣਾਇਆ ਗਿਆ ਹੈ। ਬਹੁਤ ਪ੍ਰਵਾਰਾਂ ਵਿਚ ਔਰਤਾਂ ਵਲੋਂ ਪਸ਼ੂ ਪਾਲਣ ਦੇ ਧੰਦੇ ਨਾਲ ਪ੍ਰਵਾਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ ਹੈ। ਪਰ ਇਨ੍ਹਾਂ ਸਹਾਇਕ ਧੰਦਿਆਂ ਦੀ ਹੋਣੀ ਵੀ ਖੇਤੀ ਨਾਲੋਂ ਬਹੁਤੀ ਵੱਖ ਨਹੀਂ। ਸਹਾਇਕ ਧੰਦਿਆਂ ਨੂੰ ਵੀ ਪੂਰਨ ਤੌਰ ’ਤੇ ਲਾਹੇਵੰਦ ਬਣਾਉਣ ਲਈ ਸਰਕਾਰਾਂ ਦੀਆਂ ਕੋਸ਼ਿਸ਼ਾਂ ਨਾਂਹ ਦੇ ਬਰਾਬਰ ਹਨ। ਸਹਾਇਕ ਧੰਦੇ ਅਪਣਾਉਣ ਵਾਲੇ ਲੋਕਾਂ ਵਲੋਂ ਖ਼ੁਦ ਹੀ ਖ਼ਰਚੇ ਅਤੇ ਆਮਦਨ ਨੂੰ ਨਿਯਮਤ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਸਹਾਇਕ ਧੰਦਿਆਂ ਦੇ ਉਤਪਾਦਨ ਦੀ ਵਿਕਰੀ ਦਾ ਆਲਮ ਵੀ ਖੇਤੀ ਉਤਪਾਦਨ ਦੀ ਵਿਕਰੀ ਨਾਲੋਂ ਬਹੁਤਾ ਵਖਰਾ ਨਹੀਂ। ਸਹਾਇਕ ਧੰਦਿਆਂ ਨੂੰ ਪੈਣ ਵਾਲੀਆਂ ਕੁਦਰਤੀ ਮਾਰਾਂ ਬਾਬਤ ਵੀ ਸਰਕਾਰਾਂ ਕੋਲ ਕੋਈ ਪੁਖ਼ਤਾ ਯੋਜਨਾਵਾਂ ਨਹੀਂ ਹਨ। ਖੇਤੀ ਸਹਾਇਕ ਧੰਦੇ ਪਸ਼ੂਆਂ ਅਤੇ ਪੰਛੀਆਂ ਨਾਲ ਜੁੜੇ ਹੋਣ ਕਾਰਨ ਬਿਮਾਰੀਆਂ ਦਾ ਖ਼ਤਰਾ ਬਣਿਆ ਹੀ ਰਹਿੰਦਾ ਹੈ। ਪਰ ਬਦਕਿਸਮਤੀ ਵਸ ਸਰਕਾਰਾਂ ਕੋਲ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਟਾਕਰੇ ਲਈ ਕੋਈ ਸਮਰੱਥ ਸਾਧਨ ਨਹੀਂ ਹਨ।

ਇਹਨੀਂ ਦਿਨੀਂ ਡੇਅਰੀ ਧੰਦੇ ਨੂੰ ਪੈ ਰਹੀ ਚਮੜੀ ਰੋਗ ਦੀ ਮਾਰ ਦਾ ਸੱਚ ਸੱਭ ਦੇ ਸਾਹਮਣੇ ਹੈ। ਚਮੜੀ ਰੋਗ ਦੀ ਮਾਰ ਵਿਚ ਦਿਨ ਪ੍ਰਤੀ ਦਿਨ ਇਜ਼ਾਫ਼ਾ ਹੋ ਰਿਹਾ ਹੈ। ਕਈ ਖੇਤਰਾਂ ਵਿਚ ਗਊਆਂ ਤੋਂ ਵਧ ਕੇ ਮੱਝਾਂ ’ਚ ਵੀ ਇਸ ਦੀ ਲਾਗ ਪੈਦਾ ਹੋਣ ਦੀਆਂ ਖ਼ਬਰਾਂ ਹਨ। ਸਾਡੀ ਸਰਕਾਰ ਦੀ ਹਾਲਤ “ਬੂਹੇ ਆਈ ਜੰਨ ਵਿੰਨ੍ਹੋ ਕੁੜੀ ਦੇ ਕੰਨ’’ ਵਾਲੀ ਹੈ। ਇਧਰ ਚਮੜੀ ਰੋਗ ਨੇ ਪਸ਼ੂਆਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਉਧਰ ਸਰਕਾਰ ਵੈਕਸੀਨ ਦੇ ਪ੍ਰਬੰਧ ਕਰਨ ਲੱਗੀ ਹੈ। ਸਰਕਾਰਾਂ ਕੋਲ ਕਿਸੇ ਆਫ਼ਤ ਦੀ ਭਵਿੱਖਬਾਣੀ ਦਾ ਸ਼ਾਇਦ ਕੋਈ ਤਰੀਕਾ ਨਹੀਂ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਨੂੰ ਇਸ ਖ਼ਤਰਨਾਕ ਬਿਮਾਰੀ ਦੀ ਆਮਦ ਦਾ ਅਗਾਊਂ ਇਲਮ ਹੁੰਦਾ ਅਤੇ ਸਮਾਂ ਰਹਿੰਦੇ ਪਸ਼ੂਆਂ ਦੀ ਵੈਕਸੀਨੇਸ਼ਨ ਕੀਤੀ ਜਾਂਦੀ। ਪਰ ਬਦਕਿਸਮਤੀ ਵਸ ਅਜਿਹਾ ਨਹੀਂ ਹੋਇਆ। ਸੂਬਾ ਸਰਕਾਰ ਵਲੋਂ ਬਿਮਾਰੀ ਦੀ ਸ਼ੁਰੂਆਤ ਉਪਰੰਤ ਕੇਂਦਰ ਸਰਕਾਰ ਨੂੰ ਵੈਕਸੀਨ ਦੇ ਪ੍ਰਬੰਧਾਂ ਲਈ ਕਹਿਣਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਵੈਸੇ ਇਹ ਜ਼ਿੰੰਮੇਵਾਰੀ ਕੇਵਲ ਸੂਬਾ ਸਰਕਾਰ ਦੀ ਹੀ ਨਹੀਂ ਕੇਂਦਰ ਸਰਕਾਰ ਵਲੋਂ ਵੀ ਸੂਬਾ ਸਰਕਾਰਾਂ ਨੂੰ ਅਗਾਊਂ ਸੁਚੇਤ ਕਰਨ ਦੇ ਨਾਲ ਨਾਲ ਲੋਂੜੀਦੀ ਮਾਤਰਾ ’ਚ ਵੈਕਸੀਨ ਅਤੇ ਦਵਾਈਆਂ ਉਪਲਬਧ ਕਰਵਾੳਣੀਆਂ ਚਾਹੀਦੀਆਂ ਸਨ।

ਪੰਜਾਬ ਵਿਚ ਪਹਿਲੀ ਵਾਰ ਦਸਤਕ ਦੇਣ ਵਾਲੇ ਪਸ਼ੂਆਂ ਦੇ ਇਸ ਚਮੜੀ ਰੋਗ ਨਾਲ ਜਲੰਧਰ, ਮੋਗਾ, ਮੁਕਤਸਰ, ਬਰਨਾਲਾ, ਬਠਿੰਡਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਵਿਚ ਪਸ਼ੂ ਖ਼ਾਸ ਕਰ ਕੇ ਗਊਆਂ ਵੱਡੀ ਪੱਧਰ ’ਤੇ ਬਿਮਾਰੀ ਦੀ ਲਪੇਟ ਵਿਚ ਆ ਰਹੀਆਂ ਹਨ। ਹਜ਼ਾਰਾਂ ਦੀ ਗਿਣਤੀ ਵਿਚ ਗਊਆਂ ਦੀ ਜਾਨ ਚਲੀ ਗਈ ਹੈ। ਪਸ਼ੂ ਡੇਅਰੀਆਂ ਅਤੇ ਗਊਸ਼ਾਲਾਵਾਂ ਦੇ ਹਾਲਾਤ ਬਹੁਤ ਮਾੜੇ ਹਨ। ਬਿਮਾਰ ਗਊਆਂ ਦਾ ਮਹਿੰਗਾ ਇਲਾਜ ਡੇਅਰੀ ਮਾਲਕਾਂ ਲਈ ਆਰਥਕ ਘਾਟੇ ਦਾ ਸਬੱਬ ਬਣ ਰਿਹਾ ਹੈ। ਗਊਆਂ ਵਿਚ ਚਮੜੀ ਰੋਗ ਦਾ ਪ੍ਰਕੋਪ ਹਾਲੇ ਘਟਿਆ ਨਹੀਂ ਸੀ ਕਿ ਸੂਰ ਪਾਲਣ ਨੂੰ ਸਹਾਇਕ ਧੰਦੇ ਵਜੋਂ ਚਲਾਉਣ ਵਾਲੇ ਸੂਰ ਪਾਲਕਾਂ ’ਤੇ ਬਿਪਤਾ ਦਾ ਪਹਾੜ ਆਣ ਟੁਟਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੂਬੇ ਵਿਚ ਤਕਰੀਬਨ 55 ਹਜ਼ਾਰ ਸੂਰ ਪਾਲੇ ਜਾ ਰਹੇ ਹਨ।

ਪਟਿਆਲਾ ਜ਼ਿਲ੍ਹੇ ਵਿਚ ਸੂਰਾਂ ਦੀ ਹੋਈ ਮੌਤ ਦੀ ਜਾਂਚ ਤੋਂ ਸੂਰਾਂ ਵਿਚ “ਅਫ਼ਰੀਕਨ ਸਵਾਈਨ ਫ਼ੀਵਰ ਵਾਇਰਸ’’ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਵਾਇਰਸ ਦੀ ਹਾਲੇ ਤਕ ਕੋਈ ਵੈਕਸੀਨ ਵੀ ਉਪਲਬਧ ਨਾ ਹੋਣ ਦੀਆਂ ਖ਼ਬਰਾਂ ਹਨ। ਇਸ ਬਿਮਾਰੀ ਨਾਲ ਪੀੜਿਤ ਜਾਨਵਰ ਦੀ ਜਾਨ ਦਾ ਜਾਣਾ ਤਕਰੀਬਨ ਤੈਅ ਮੰਨਿਆ ਜਾਂਦਾ ਹੈ। ਬਿਮਾਰੀ ਦੀ ਭਿਆਨਕਤਾ ਨੂੰ ਵੇਖਦਿਆਂ ਸਰਕਾਰ ਵਲੋਂ ਪ੍ਰਭਾਵਿਤ ਸੂਰਾਂ ਨੂੰ ਮਾਰਨ ਦੇ ਨਾਲ ਨਾਲ ਪ੍ਰਭਾਵਤ ਸੂਰ ਫ਼ਾਰਮ ਖੇਤਰਾਂ ਵਿਚੋਂ ਸੂਰਾਂ ਨਾਲ ਸਬੰਧਤ ਸਮੱਗਰੀ ਦੇ ਆਦਾਨ ਪ੍ਰਦਾਨ ’ਤੇ ਵੀ ਪਾਬੰਦੀ ਲਗਾਈ ਗਈ ਹੈ। ਸੂਬਾ ਸਰਕਾਰ ਮੁਤਾਬਕ ਸੂਰਾਂ ਨੂੰ ਮਾਰਨ ਤੋਂ ਹੋਣ ਵਾਲੇ ਆਰਥਕ ਨੁਕਸਾਨ ਦੀ ਭਰਪਾਈ ਸਰਕਾਰ ਵਲੋਂ ਕੀਤੀ ਜਾਵੇਗੀ। ਸਹਾਇਕ ਧੰਦਿਆਂ ਦੀ ਪ੍ਰਫੁਲਤਾ ਲਈ ਸਮਾਂ ਰਹਿੰਦੇ ਪਸ਼ੂਆਂ ਅਤੇ ਜਾਨਵਰਾਂ ਨੂੰ ਪੈਣ ਵਾਲੀਆਂ ਬਿਮਾਰੀਆਂ ਦੀ ਵੈਕਸੀਨੇਸ਼ਨ ਅਤੇ ਇਲਾਜ ਦੇ ਪ੍ਰਬੰਧ ਕਰਨ ਦੇ ਨਾਲ ਨਾਲ ਹੋਣ ਵਾਲੇ ਆਰਥਕ ਨੁਕਸਾਨ ਦੀ ਭਰਪਾਈ ਲਈ ਵੀ ਠੋਸ ਬੰਦੋਬਸਤ ਹੋਣੇ ਚਾਹੀਦੇ ਹਨ।
-ਬਿੰਦਰ ਸਿੰਘ ਖੁੱਡੀ ਕਲਾਂ,
98786-05965

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement