
Farming News: ਵਾਧੂ ਖੜੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ ਤਾਕਿ ਬੂਟਿਆਂ ਦਾ ਨੁਕਸਾਨ ਨਾ ਹੋਵੇ
ਸਤੰਬਰ ਦੇ ਮਹੀਨੇ ਬਾਰਸ਼ਾਂ ਲਗਭਗ ਖ਼ਤਮ ਹੋ ਜਾਂਦੀਆਂ ਹਨ ਅਤੇ ਗਰਮੀ ਦਾ ਪ੍ਰਕੋਪ ਘੱੱਟ ਜਾਂਦਾ ਹੈ। ਮੌਸਮ ਦੀ ਤਬਦੀਲੀ ਨਾਲ ਹੀ ਬਾਗ਼ਬਾਨੀ ਫ਼ਸਲਾਂ ਦੀਆਂ ਲੋੜਾਂ ਵੀ ਕਾਫ਼ੀ ਹਦ ਤਕ ਬਦਲ ਜਾਂਦੀਆਂ ਹਨ, ਜ਼ਮੀਨ ਕੰਮ ਕਰਨ ਦੇ ਯੋਗ ਹੋ ਜਾਂਦੀ ਹੈ ਅਤੇ ਇਸ ਵਿਚੋਂ ਨਦੀਨ ਖ਼ਤਮ ਕਰਨ ਲਈ ਇਹ ਢੁਕਵਾਂ ਸਮਾਂ ਹੈ। ਇਹ ਮੌਸਮ ਸਦਾਬਹਾਰ ਫਲਦਾਰ ਬੂਟੇ ਜੇਕਰ ਪਹਿਲਾਂ ਨਹੀਂ ਲਗਾਏ ਤਾਂ ਲਾ ਦਿਤੇ ਜਾਣ ਅਤੇ ਪਿਛਲੇ ਮਹੀਨੇ ਲਗਾਏ ਨਵੇਂ ਫਲਦਾਰ ਬੂਟਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇ।
ਵਾਧੂ ਖੜੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ ਤਾਕਿ ਬੂਟਿਆਂ ਦਾ ਨੁਕਸਾਨ ਨਾ ਹੋਵੇ। ਨਾਸ਼ਪਤੀ ਦੀ ਪੰਜਾਬ ਬਿਊਟੀ ਦੇ ਵੱੱਡੇ ਦਰੱਖ਼ਤਾਂ ਨੂੰ ਅੱਧਾ ਕਿਲੋ ਯੂਰੀਆ ਖਾਦ ਪਾ ਦਿਉ। ਅਮਰੂਦ ਦੇ ਵੱਡੇ ਦਰੱਖ਼ਤਾਂ ਨੂੰ ਅੱਧਾ ਕਿਲੋ ਯੂਰੀਆ, ਸਵਾ ਕਿਲੋ ਸਿੰਗਲ ਸੁਪਰ ਫ਼ਾਸਫ਼ੇਟ, ਪੌਣਾ ਕਿਲੋ ਮਿਊਰੇਟ ਆਫ਼ ਪੋਟਾਸ਼ ਖਾਦਾਂ ਦੀ ਦੂਜੀ ਕਿਸ਼ਤ ਪਾ ਦਿਉ। ਲੁਕਾਠ ਦੇ ਵੱਡੇ ਦਰੱਖ਼ਤਾਂ ਨੂੰ ਪੰਜਾਹ ਕਿਲੋ ਦੇਸੀ ਰੂੜੀ, ਦੋ ਕਿਲੋ ਸਿੰਗਲ ਸੁਪਰ ਫ਼ਾਸਫ਼ੇਟ, ਡੇਢ ਕਿਲੋ ਮਿਊਰੇਟ ਆਫ਼ ਪੋਟਾਸ਼ ਖਾਦ ਪਾ ਦਿਉ। ਮੌਸਮ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਰ ਕੇ ਨਿੰਬੂ ਜਾਤੀ ਫਲਾਂ ਨੂੰ ਕਈ ਤਰ੍ਹਾਂ ਦੇ ਕੀੜੇ ਅਤੇ ਬੀਮਾਰੀਆਂ ਦਾ ਹਮਲਾ ਵੇਖਣ ਨੂੰ ਮਿਲਦਾ ਹੈ। ਫਲਾਂ ਦਾ ਕੇਰਾ ਰੋਕਣ ਲਈ ਪਾਣੀ ਲੋੜ ਅਨੁਸਾਰ ਦਿਉ। 10 ਮਿਲੀਗ੍ਰਾਮ ਜਿਬਰੈਲਿਕ ਐਸਿਡ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।
ਅੰਗੂਰ ਦੇ ਬੂਟਿਆਂ ਨੂੰ ਸੁਕਣ ਤੋਂ ਬਚਾਉਣ ਲਈ 1 ਮਿ.ਲਿ. ਸਕੋਰ ਪ੍ਰਤੀ ਲਿਟਰ ਪਾਣੀ ਅਤੇ ਪੀਲੇ ਧੱੱਬਿਆਂ ਦੇ ਰੋਗ ਦੀ ਰੋਕਥਾਮ ਲਈ ਬੋਰਡ ਮਿਸ਼ਰਣ 2:2:250 ਦੇ ਹਿਸਾਬ ਨਾਲ ਸਪਰੇਅ ਕਰੋ। ਬੇਰਾਂ ਵਿਚ ਲਾਖ ਦੇ ਕੀੜੇ ਦੀ ਰੋਕਥਾਮ ਲਈ ਰੋਗੀ ਤੇ ਸੁਕੀਆਂ ਟਾਹਣੀਆਂ ਨੂੰ ਕੱੱਟ ਕੇ ਨਸ਼ਟ ਕਰ ਦਿਉ ਅਤੇ ਧੂੜੇਦਾਰ ਉਲੀ ਰੋਗ ਦੀ ਰੋਕਥਾਮ ਲਈ 0.5 ਮਿ.ਲਿ. ਕੈਰਾਥੇਨ ਜਾਂ 2.5 ਗ੍ਰਾਮ ਘੁਲਣਸ਼ੀਲ ਗੰਧਕ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।
ਸਰਦ ਰੁੱੱਤ ਦੀਆਂ ਸਬਜ਼ੀਆਂ ਦੀ ਘਰੇਲੂ ਬਗ਼ੀਚੀ ਵਿਚ ਲਗਾਉਣ ਲਈ ਬਾਗ਼ਬਾਨੀ ਵਿਭਾਗ ਜਾਂ ਪੀ.ਏ.ਯੂ. ਲੁਧਿਆਣਾ ਤੋਂ ਸਬਜ਼ੀ ਬੀਜਾਂ ਦੀ ਕਿੱਟ ਲਿਆ ਕੇ ਬਿਜਾਈ ਕਰ ਦਿਉ। ਆਲੂ ਦੀਆਂ ਅਗੇਤੀਆਂ ਕਿਸਮਾਂ ਲਾਉਣ ਲਈ ਬੀਜ ਸਟੋਰ ’ਚੋਂ ਕੱੱਢ ਕੇ ਹਵਾਦਾਰ ਕਮਰੇ ’ਚ ਪਤਲੀ ਤਹਿ ’ਚ ਵਿਛਾ ਦਿਉ ਤੇ ਦਿਨ ’ਚ ਇਕ ਵਾਰ ਹਿਲਾਉ। 2.5 ਮਿ.ਲਿ. ਮੋਨਸਰਨ ਦਵਾਈ ਪ੍ਰਤੀ ਲਿਟਰ ਪਾਣੀ ’ਚ ਘੋਲ ਕੇ 10 ਮਿੰਟ ਭਿਉਂ ਕੇ ਸੋਧ ਲਵੋ। ਬਿਜਾਈ ਸਮੇਂ 125 ਕੁਇੰਟਲ ਦੇਸੀ ਰੂੜੀ ਖਾਦ, 500 ਗ੍ਰਾਮ ਯੂਰੀਆ, 970 ਗ੍ਰਾਮ ਸਿੰਗਲ ਸੁਪਰਫਾਸਫੇਟ ਤੇ 250 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਖਾਦ ਪ੍ਰਤੀ ਮਰਲਾ ਪਾ ਦਿਉ ਅਤੇ ਵੱੱਟਾਂ ’ਤੇ ਆਲੂ ਲਾ ਦਿਉ।
ਵਪਾਰਕ ਪੱਧਰ ਲਈ ਵੀ ਮੂਲੀ ਦੀ ਪੂਸਾ ਚੇਤਕੀ ਕਿਸਮ, ਗਾਜਰ ਪੰਜਾਬ ਕੈਰਟ ਰੈੱਡ/ਬਲੈਕ ਬਿਊਟੀ ਅਤੇ ਸ਼ਲਗਮ ਦੀ ਐਲ-1 ਦੀਆਂ ਦੇਸੀ ਕਿਸਮਾਂ ਦੀ ਬਿਜਾਈ ਸ਼ੁਰੂ ਕਰ ਦਿਉ। ਮੂਲੀ ਤੇ ਗਾਜਰ ਲਈ 25-30 ਗ੍ਰਾਮ ਅਤੇ ਸ਼ਲਗਮ ਲਈ 13 ਗ੍ਰਾਮ ਬੀਜ ਪ੍ਰਤੀ ਮਰਲਾ ਵਰਤੋ। ਬੀਜਣ ਤੋਂ ਪਹਿਲਾਂ 100 ਕਿਲੋ ਦੇਸੀ ਰੂੜੀ, 350 ਗ੍ਰਾਮ ਯੂਰੀਆ, 470 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾ ਦਿਉ। ਗਾਜਰ ਲਈ 312 ਗਰਾਮ ਮਿਊਰੇਟ ਆਫ਼ ਪੋਟਾਸ਼ ਖਾਦ ਪਾਉ। 45 ਸੈ.ਮੀ. ਦੀ ਦੂਰੀ ’ਤੇ ਵੱੱੱਟਾਂ ਬਣਾ ਕੇ 7.5 ਸੈਂਟੀਮੀਟਰ ਬੂਟੇ ਤੋਂ ਬੂਟੇ ਦਾ ਫ਼ਾਸਲਾ ਰੱੱਖ ਕੇ ਚੰਗੇ ਵੱੱਤਰ ਵਿਚ ਬੀਜ ਲਗਾਉ। ਫੁਲ ਗੋਭੀ, ਬੰਦ ਗੋਭੀ ਲਈ 280 ਗ੍ਰਾਮ ਯੂਰੀਆ, 970 ਗ੍ਰਾਮ ਸਿੰਗਲ ਸੁਪਰਫਾਸਫੇਟ ਅਤੇ 250 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਖਾਦ ਪ੍ਰਤੀ ਮਰਲਾ ਪਾ ਦਿਉ।