
ਪੰਜਾਬ ਦਾ ਵਾਤਾਵਰਣ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਲਈ ਬਹੁਤ ਅਨੁਕੂਲ ਹੈ।
ਫ਼ਸਲੀ ਵਿਭਿੰਨਤਾ ਲਿਆਉਣ ਵਿਚ ਤੇਲ ਬੀਜ ਫ਼ਸਲਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਸਾਡੇ ਦੇਸ਼ ਵਿਚ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਵਧ ਰਹੀ ਅਬਾਦੀ ਕਾਰਨ ਇਸ ਦੀ ਲੋੜ ਨੂੰ ਪੂਰਾ ਕਰਨ ਲਈ ਕਰੋੜਾਂ ਰੁਪਏ ਦੀ ਵਿਦੇਸ਼ੀ ਮੁਦਰਾ ਖ਼ਰਚ ਕੇ ਬਾਹਰਲੇ ਮੁਲਕਾਂ ਤੋਂ ਖਾਣ ਵਾਲਾ ਤੇਲ ਮੰਗਵਾਉਣਾ ਪੈਂਦਾ ਹੈ। ਪੰਜਾਬ ਦਾ ਵਾਤਾਵਰਣ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਲਈ ਬਹੁਤ ਅਨੁਕੂਲ ਹੈ।
ਤੋਰੀਆ ਘੱਟ ਸਮਾਂ ਲੈਣ ਕਰ ਕੇ ਬਹੁ-ਫ਼ਸਲੀ ਪ੍ਰਣਾਲੀ ਲਈ ਬਹੁਤ ਢੁਕਵੀਂ ਫ਼ਸਲ ਹੈ। ਸੇਂਜੂ ਹਾਲਤ ਵਿਚ ਤੋਰੀਏ ਤੋਂ ਬਾਅਦ ਕਣਕ, ਸੂਰਜਮੁਖੀ, ਆਲੂ ਜਾਂ ਮੱਕੀ (ਬਸੰਤ ਰੁੱਤ) ਅਤੇ ਮੈਥੇ ਦੀ ਸਫ਼ਲਤਾ ਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ। ਘੱਟ ਸਮੇਂ ਵਿਚ ਪ੍ਰਤੀ ਏਕੜ ਤੋਂ ਵੱਧ ਝਾੜ ਲੈਣ ਲਈ ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਖੇਤੀ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਚੰਗੇ ਜਲ ਨਿਕਾਸ ਵਾਲੀ ਅਤੇ ਮੈਰਾ ਜ਼ਮੀਨ ’ਤੇ ਹੋ ਸਕਦੀ ਹੈ। ਦਰਮਿਆਨੀ ਬੀਜ ਬਰੀਕ ਹੋਣ ਕਰ ਕੇ ਅਤੇ ਤੋਰੀਏ ਦੀ ਬਿਜਾਈ ਸਮੇਂ ਤਾਪਮਾਨ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਬਿਜਾਈ ਲਈ ਖੇਤ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ। ਖ਼ਾਸ ਕਰ ਤੋਰੀਏ ਦੀ ਬਿਜਾਈ ਲਈ ਖੇਤ ਵਿਚ ਭਰਪੂਰ ਨਮੀ ਹੋਣੀ ਚਾਹੀਦੀ ਹੈ। ਜ਼ਮੀਨ ਨੂੰ ਦੋ-ਚਾਰ ਵਾਰ ਹਲਾਂ ਨਾਲ ਵਾਹ ਕੇ ਤੇ ਹਰ ਵਾਰ ਸੁਹਾਗਾ ਮਾਰ ਕੇ ਵਧੀਆ ਤਿਆਰ ਕੀਤਾ ਜਾ ਸਕਦਾ ਹੈ।
ਤੋਰੀਏ ਦੀ ਫ਼ਸਲ ਲਈ 1.5 ਕਿਲੋ ਬੀਜ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਗਈ ਹੈ। ਤੋਰੀਏ ਦੀ ਬੀਜਾਈ 30 ਸੈ.ਮੀ ਦੀ ਵਿੱਥ ਦੀਆਂ ਲਾਈਨਾਂ ਵਿਚ ਡਰਿਲ ਜਾਂ ਪੋਰੇ ਨਾਲ ਸਤੰਬਰ ਤੋਂ ਲੈ ਕੇ ਅਤੂਬਰ ਦੇ ਮਹੀਨੇ ਵਿਚ ਕਰਨੀ ਚਾਹੀਦੀ ਹੈ। ਬੂਟੇ ਤੋਂ ਬੂਟੇ ਦਾ ਫ਼ਾਸਲਾ 10-15 ਸੈ.ਮੀ. ਰੱਖ ਕੇ, ਬਿਜਾਈ ਤੋਂ 3 ਹਫ਼ਤੇ ਪਿੱਛੋਂ ਵਾਧੂ ਬੂਟੇ ਕੱਢ ਦਿਉ। ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਤੋਂ ਵੱਧ ਝਾੜ ਲੈਣ ਲਈ, ਦੋਹਾਂ ਫ਼ਸਲਾਂ ਨੂੰ ਸਤੰਬਰ ਦੇ ਦੂਜੇ ਤੋਂ ਤੀਜੇ ਹਫ਼ਤੇ ਤਕ ਬੀਜੋ। ਇਸ ਲਈ ਦੋਹਾਂ ਫ਼ਸਲਾਂ ਦਾ ਇਕ-ਇਕ ਕਿਲੋ ਬੀਜ ਕਾਫ਼ੀ ਹੈ। ਦੋਹਾਂ ਫ਼ਸਲਾਂ ਦੀ ਇਕ-ਇਕ ਕਤਾਰ 22.5 ਸੈਂ.ਮੀ ’ਤੇ ਬੀਜੋ ਜਾਂ ਫਿਰ ਤੋਰੀਏ ਦਾ ਛਿੱਟਾ ਮਾਰ ਦਿਉ ਅਤੇ ਬਾਅਦ ਵਿਚ ਗੋਭੀ ਤਿੰਨ ਹਫ਼ਤਿਆਂ ਬਾਅਦ ਬੂਟੇ ਵੱਖ ਕਰ ਦਿਉ।
ਤੋਰੀਏ ਦੀ ਫ਼ਸਲ ਅੱਧ ਦਸੰਬਰ ਤਕ ਖੇਤ ਖ਼ਾਲੀ ਕਰ ਦਿੰਦੀ ਹੈ ਜਦਕਿ ਗੋਭੀ ਸਰ੍ਹੋਂ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਤਕ ਖੇਤ ਖ਼ਾਲੀ ਕਰ ਦਿੰਦੀ ਹੈ। ਪੰਜਾਬ ਵਿਚ ਤੋਰੀਏ ਦੀਆਂ ਦੋ ਕਿਸਮਾਂ ਅਤੇ ਰਲਵੀਂ ਖੇਤੀ ਲਈ ਗੋਭੀ ਸਰ੍ਹੋਂ ਦੀਆਂ ਪੰਜਾਂ ਕਿਸਮਾਂ ਵਿਚੋਂ ਦੋ ਦੀ ਸਿਫ਼ਾਰਸ਼ ਕੀਤੀ ਗਈ ਹੈ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰੋ। ਪਰ ਜੇਕਰ ਮਿੱਟੀ ਪਰਖ ਨਹੀਂ ਕਰਵਾਈ ਗਈ ਤਾਂ ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿਚ ਤੋਰੀਏ ਦਾ ਫ਼ਸਲ ਨੂੰ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ) ਅਤੇ 18 ਕਿਲੋ ਫ਼ਾਸਫ਼ੋਰਸ (50 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਪ੍ਰਤੀ ਏਕੜ ਪਾਉ।
ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਵਿਚ 120 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 10 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਉ। 55 ਕਿਲੋ ਯੂਰੀਆ, ਸਾਰੀ ਸਿੰਗਲ ਸੁਪਰ ਫ਼ਾਸਫ਼ੇਟ ਅਤੇ ਮਿਊਰੇਟ ਆਫ਼ ਪੋਟਾਸ਼ ਬਿਜਾਈ ਵੇਲੇ ਡਰਿੱਲ ਕਰ ਦਿਉ। ਬਾਕੀ 65 ਕਿਲੋ ਯੂਰੀਆ ਤੋਰੀਆ ਵੱਢ ਕੇ ਪਾਣੀ ਨਾਲ ਪਾਉ। ਤੇਲ ਬੀਜ ਫ਼ਸਲਾਂ ਵਿਚ ਡਾਈਅਮੋਨੀਅਮ ਫ਼ਾਸਫ਼ੇਟ ਖਾਦ ਨਾ ਵਰਤੋਂ ਬਲਕਿ ਸਿੰਗਲ ਸੁਪਰ ਫ਼ਾਸਫ਼ੇਟ ਨੂੰ ਤਰਜੀਹ ਦਿਉ ਕਿਉਂਕਿ ਇਸ ਵਿਚ ਗੰਧਕ ਤੱਤ ਲੋੜੀਂਦੀ ਮਾਤਰਾ ਵਿਚ ਹੁੰਦੇ ਹਨ ਜਿਹੜੇ ਕਿ ਤੇਲ ਬੀਜ ਫ਼ਸਲਾਂ ਲਈ ਬਹੁਤ ਅਹਿਮ ਤੱਤ ਹਨ। ਤੋਰੀਏ ਦੀ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਇਕ ਗੋਡੀ ਕਰ ਕੇ ਨਦੀਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਭਾਰੀ ਰੌਣੀ ਤੋਂ ਬਾਅਦ ਤੋਰੀਏ ਦੀ ਫ਼ਸਲ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਪਵੇ ਤਾਂ ਇਸ ਨੂੰ ਫੁੱਲ ਆਉਣ ਸਮੇਂ ਪਾਣੀ ਦੀ ਔੜ ਨਾ ਆਉਣ ਦਿਉ। ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਖੇਤੀ ਵਿਚ ਬਾਰਸ਼ ਅਨੁਸਾਰ ਗੋਭੀ ਸਰ੍ਹੋਂ ਨੂੰ 3 ਪਾਣੀਆਂ ਦੀ ਲੋੜ ਹੁੰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 3-4 ਹਫ਼ਤੇ ਬਾਅਦ ਪਾਣੀ ਲਾਉਣ ਨਾਲ ਜੜ੍ਹਾਂ ਡੂੰਘੀਆਂ ਜਾਂਦੀਆਂ ਹਨ। ਦੂਜਾ ਪਾਣੀ ਫੁੱਲ ਪੈਣ ’ਤੇ ਲਾਉ, ਲੋੜ ਮੁਤਾਬਕ ਕੋਹਰੇ ਤੋਂ ਬਚਾਉਣ ਲਈ ਇਹ ਜਲਦੀ ਵੀ ਦਿਤਾ ਜਾ ਸਕਦਾ ਹੈ। ਦਸੰਬਰ ਜਾਂ ਜਨਵਰੀ ਦੇ ਸ਼ੁਰੂ ਵਿਚ ਤੀਜਾ ਪਾਣੀ ਫ਼ਰਵਰੀ ਦੇ ਦੂਜੇ ਪੰਦਰਵਾੜੇ ਵਿਚ ਦਿਉ। ਬਾਅਦ ਵਿਚ ਪਾਣੀ ਦੀ ਲੋੜ ਨਹੀਂ ਪੈਂਦੀ। ਜਦੋਂ ਫ਼ਲੀਆਂ ਪੀਲੀਆਂ ਹੋ ਜਾਣ ਤਾਂ ਸਮਝੋ ਕਿ ਫ਼ਸਲ ਵੱਢਣ ਲਈ ਤਿਆਰ ਹੋ ਗਈ ਹੈ। ਤੋਰੀਆ ਦਸੰਬਰ ਵਿਚ ਵੱਢ ਲਿਆ ਜਾਂਦਾ ਹੈ ਤੇ ਗੋਭੀ ਸਰ੍ਹੋਂ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿਚ। ਰਲਵੀਂ ਖੇਤੀ ਕਰ ਦੇ ਦੋਵਾਂ ਫ਼ਲਾਂ ਤੋਂ 12 ਕੁਇੰਟਲ ਪ੍ਰਤੀ ਏਕੜ ਝਾੜ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਤਲਵੀਂ ਖੇਤੀ ਕਰ ਕੇ ਉਨੇ ਹੀ ਰਕਬੇ ਵਿਚੋਂ ਵੱਧ ਝਾੜ ਉਤੇ ਮੁਨਾਫ਼ਾ ਲਿਆ ਜਾ ਸਕਦਾ ਹੈ।