
ਕਿਸਾਨ ਨੇ ਦਸਿਆ ਕਿ ਉਹ ਲਗਾਤਾਰ ਖੇਤੀਬਾੜੀ ਯੁਨੀਵਰਸਿਟੀ ਦੇ ਮਾਹਰਾਂ ਅਤੇ ਖੇਤੀਬਾੜੀ ਵਿਭਾਗ ਦੇ ਸੰਪਰਕ ਵਿਚ ਰਹਿੰਦਾ ਹੈ।
ਅਬੋਹਰ: ਖੇਤੀ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਦੀ ਮਾਰ ਹੇਠ ਰਹਿੰਦੀ ਹੈ ਅਤੇ ਮੌਸਮ, ਬੀਮਾਰੀਆਂ ਤੇ ਕੀੜੇ ਮਕੌੜੇ ਖੇਤੀ ਲਈ ਚੁਣੌਤੀ ਬਣਦੇ ਹਨ। ਪਰ ਦੂਜੇ ਪਾਸੇ ਨਵੀਆਂ ਖੇਤੀ ਖੋਜਾਂ ਕਿਸਾਨਾਂ ਲਈ ਸਹਾਈ ਸਿੱਧ ਹੋ ਰਹੀਆਂ ਹਨ। ਅਜਿਹਾ ਹੀ ਵਰਤਾਰਾ ਹੋਇਆ ਹੈ ਪਿੰਡ ਬਜੀਦਪੁਰ ਕੱਟਿਆਂ ਵਾਲੀ ਵਿਚ ਜਿਥੇ ਇਕ ਛੋਟੇ ਕਿਸਾਨ ਨੇ ਨਵੀਂ ਤਕਨੀਕ ਦੀ ਵਰਤੋਂ ਕਰਦਿਆਂ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਪਛਾੜ ਕੇ ਨਰਮੇ ਦੀ ਚੰਗੀ ਫ਼ਸਲ ਲਈ ਹੈ। ਇਹ ਕਿਸਾਨ ਹੈ ਪਵਨ ਕੁਮਾਰ।
ਕਿਸਾਨ ਨੇ ਦਸਿਆ ਕਿ ਉਹ ਲਗਾਤਾਰ ਖੇਤੀਬਾੜੀ ਯੁਨੀਵਰਸਿਟੀ ਦੇ ਮਾਹਰਾਂ ਅਤੇ ਖੇਤੀਬਾੜੀ ਵਿਭਾਗ ਦੇ ਸੰਪਰਕ ਵਿਚ ਰਹਿੰਦਾ ਹੈ। ਇਸ ਵਾਰ ਨਰਮੇ ਦੀ ਫ਼ਸਲ ਦੀ ਬਿਜਾਈ ਲਈ ਮਿਲੇ ਸਮੇਂ ਸਿਰ ਪਾਣੀ ਸਦਕਾ ਉਸ ਨੇ 4 ਏਕੜ ਨਰਮੇ ਦੀ ਕਾਸ਼ਤ ਕੀਤੀ ਸੀ। ਉਸ ਵਲੋਂ ਯੂਨੀਵਰਸਿਟੀ ਦੇ ਮਾਹਰਾਂ ਦੀ ਸਲਾਹ ਅਨੁਸਾਰ ਨਰਮੇ ਵਿਚ ਇਕ ਟਿਊਬ ਦੀ ਵਰਤੋਂ ਕੀਤੀ ਗਈ। ਇਸ ਤਕਨੀਕ ਤਹਿਤ ਉਸ ਨੇ ਤਿੰਨ ਵਾਰ ਜੂਨ, ਜੁਲਾਈ ਅਤੇ ਅਗੱਸਤ ਵਿਚ ਅਪਣੇ ਖੇਤ ਵਿਚ ਇਸ ਟਿਊਬ ਦੀ ਦਵਾਈ ਨੂੰ ਥੋੜ੍ਹੀ ਥੋੜ੍ਹੀ ਖੇਤ ਵਿਚ ਵੱਖ ਵੱਖ ਬੂਟਿਆਂ ’ਤੇ ਲਗਾ ਦਿਤੀ। ਇਸ ਦਵਾਈ (ਨੈੱਟਮੇਟ) ਦੀ ਸੁਗੰਧ ਗੁਲਾਬੀ ਸੁੰਡੀ ਦੇ ਬਾਲਗ਼ਾਂ ਨੂੰ ਭਰਮਿਤ ਕਰਦੀ ਹੈ ਅਤੇ ਉਨ੍ਹਾਂ ਦਾ ਆਪਸੀ ਮੇਲ ਹੋਣ ਤੋਂ ਰੋਕ ਕੇ ਸੁੰਡੀ ਦਾ ਅੱਗੇ ਵਾਧਾ ਰੋਕਦੀ ਹੈ।
ਇਸ ਤਰ੍ਹਾਂ ਕਰਨ ਨਾਲ ਉਸ ਦੇ ਖੇਤ ਵਿਚ ਸਥਿਤੀ ਕਾਬੂ ਹੇਠ ਰਹੀ ਅਤੇ ਉਸ ਨੇ ਗੁਲਾਬੀ ਸੁੂਡੀ ਦੀ ਰੋਕਥਾਮ ਲਈ ਸਿਰਫ਼ 2 ਹੀ ਸਪ੍ਰੇਅ ਕੀਤੇ ਹਨ। ਉਹ ਹੁਣ ਤਕ 7 ਕੁਇੰਟਲ ਨਰਮਾ ਪ੍ਰਤੀ ਏਕੜ ਦੇ ਦਰ ਨਾਲ ਚੁਗ ਚੁਕਿਆ ਹੈ ਜਦਕਿ ਉਸ ਨੂੰ ਆਸ ਹੈ ਕਿ ਇਕ ਕੁਇੰਟਲ ਪ੍ਰਤੀ ਏਕੜ ਨਰਮਾ ਹੋਰ ਮਿਲੇਗਾ। ਟਿਊਬ ਦੀ ਵਰਤੋਂ ਤੇ ਉਸ ਦਾ ਇਕ ਵਾਰ ਲਈ ਪ੍ਰਤੀ ਏਕੜ 1 ਹਜ਼ਾਰ ਰੁਪਏ ਦਾ ਖ਼ਰਚ ਆਇਆ ਸੀ। ਉਸ ਦੇ ਖੇਤ ਵਿਚ ਪੀਏਯੂ ਦੇ ਮਾਹਰ ਜਿਵੇਂ ਡਾ. ਸਤਨਾਮ ਸਿੰਘ, ਡਾ. ਜੇ ਕੇ ਅਰੋੜਾ, ਡਾ. ਮਨਪ੍ਰੀਤ ਸਿੰਘ ਆਉਂਦੇ ਰਹਿੰਦੇ ਹਨ ਅਤੇ ਉਹ ਲਗਾਤਾਰ ਮਾਹਰਾਂ ਦੀ ਸਲਾਹ ਨਾਲ ਖੇਤੀ ਕਰਦਾ ਹੈ ਜਦਕਿ ਦੂਜੇ ਪਾਸੇ ਖੇਤਬਾੜੀ ਵਿਭਾਗ ਦੇ ਏਡੀਓ ਸੌਰਭ ਸੰਘਾ ਅਤੇ ਐਸਆਈ ਅਰਮਾਨ ਸਿੰਘ ਵੀ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦੇ ਹਨ।
ਖੇਤੀ ਮਾਹਰਾਂ ਨੇ ਦਸਿਆ ਕਿ ਇਸ ਸਾਲ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਸਮੇਂ ਸਿਰ ਦਿਤੇ ਨਹਿਰੀ ਪਾਣੀ ਕਾਰਨ ਨਰਮੇ ਦੀ ਸਹੀ ਸਮੇਂ ਤੇ ਬਿਜਾਈ ਹੋ ਸਕੀ ਸੀ ਅਤੇ ਇਸ ਦਾ ਹੀ ਨਤੀਜਾ ਹੈ ਕਿ ਫ਼ਸਲ ਨੇ ਅਗੇਤਾ ਵਾਧਾ ਲੈ ਲਿਆ ਅਤੇ ਅਜਿਹੀ ਫ਼ਸਲ ਬੀਮਾਰੀਆਂ ਅਤੇ ਕੀੜਿਆਂ ਦੇ ਹਮਲੇ ਨੂੰ ਸਹਾਰ ਗਈ ਅਤੇ ਕਿਸਾਨਾਂ ਨੂੰ ਇਕ ਔਸਤ ਉਤਪਾਦਨ ਮਿਲ ਰਿਹਾ ਹੈ ਜਦਕਿ ਜੇਕਰ ਸਮੇਂ ਸਿਰ ਬਿਜਾਈ ਨਾ ਹੋਈ ਹੁੰਦੀ ਤਾਂ ਫ਼ਸਲ ਪੂਰੀ ਤਰ੍ਹਾਂ ਫ਼ੇਲ ਹੋ ਜਾਣੀ ਸੀ।
ਫੋਟੋ ਫਾਇਲ 128_K”L455P_09_02