
ਲਾਕਡਾਊਨ ਅਤੇ ਕਰਫਿਊ ਦੌਰਾਨ ਆਨਲਾਈਨ ਸਟ੍ਰਾਵਰੀ ਵੇਚ ਕੀਤੀ ਕਮਾਈ
ਮਾਨਸਾ( ਪਰਦੀਪ ਰਾਣਾ) ਫਸਲੀ ਚੱਕਰ ਵਿੱਚੋਂ ਨਿਕਲ ਕੇ ਮਾਨਸਾ ਦੇ ਪਿੰਡ ਭੈਣੀਬਾਘਾ ਦੇ ਕਿਸਾਨ ਨੈਬ ਸਿੰਘ ਨੇ ਦੋ ਕਨਾਲਾਂ ਵਿਚ ਸਟ੍ਰਾਬੈਰੀ ਦੀ ਫਸਲ ਉਗਾਈ। ਮੰਡੀਕਰਨ ਨਾ ਹੋਣ ਕਰਕੇ ਨਿਰਾਸ਼ਾ ਮਿਲ ਰਹੀ ਹੈ ਪਰ ਹਿੰਮਤ ਤੇ ਜਜ਼ਬਾ ਹਾਲੇ ਵੀ ਕਾਇਮ ਹੈ।
Kissan Nab Singh
ਜਾਣਕਾਰੀ ਦਿੰਦਿਆਂ ਕਿਸਾਨ ਨੈਬ ਸਿੰਘ ਨੇ ਦੱਸਿਆ ਕਿ ਮੇਰੇ ਦੋਨੋਂ ਲੜਕੇ ਸਟੂਡੀਓ ਦਾ ਕੰਮ ਕਰਦੇ ਹਨ ਜਦੋਂ ਉਹ ਕਿਸੇ ਵੀ ਵਿਆਹ ਸ਼ਾਦੀ ਵਿਚ ਜਾਂਦੇ ਸੀ ਤਾਂ ਉਹ ਦੇਖਦੇ ਸੀ ਕਿ ਸਭ ਤੋਂ ਮਹਿੰਗਾ ਫਲ ਸਟ੍ਰਾਬੈਰੀ ਜੋ ਸਭ ਤੋਂ ਵੱਧ ਵਿਆਹਾਂ ਦੇ ਵਿਚ ਲੱਗਦਾ ਹੈ। ਉਸ ਪਿੱਛੋਂ ਮੈਨੂੰ ਮੇਰੇ ਬੱਚਿਆਂ ਨੇ ਸਟ੍ਰਾਬੈਰੀ ਲਗਾਉਣ ਲਈ ਕਿਹਾ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਆਪਣਾ ਪਰਿਵਾਰ ਗ਼ਰੀਬ ਹੈ ਅਤੇ ਇਨ੍ਹਾਂ ਮਹਿੰਗਾ ਫਲ ਪਕਾਉਣ ਲਈ ਬੀਜ ਵੀ ਮਹਿੰਗਾ ਲਿਆਉਣਾ ਪਵੇਗਾ।
Kissan Nab Singh
ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਅੱਗੇ ਕਿਸ ਦੀ ਚਲਦੀ ਹੈ ਫਿਰ ਅਸੀਂ ਪੈਸੇ ਜੋੜ ਕੇ ਚੰਡੀਗੜ੍ਹ ਦੇ ਕਿਸੇ ਡੀਲਰ ਨੂੰ ਦਿੱਤੇ ਅਤੇ ਉਸ ਤੋਂ ਅਸੀਂ ਬੀਜ ਲੈ ਕੇ ਆਏ। ਇਹ ਫਲ ਹਿਮਾਚਲ ਦੀਆਂ ਪਹਾੜੀਆਂ ਵਿੱਚ ਹੁੰਦਾ ਹੈ ਪਰ ਰੱਬ ਦੀ ਮਿਹਰ ਸਦਕਾ ਅਸੀਂ ਪੰਜਾਬ ਵਿੱਚ ਇਹ ਪਲ ਪੈਦਾ ਕੀਤਾ ਹੈ।
Kissan Nab Singh
ਉਨ੍ਹਾਂ ਦੱਸਿਆ ਕਿ ਅਸੀਂ ਦੋ ਕਨਾਲਾਂ ਵਿੱਚ ਸਟ੍ਰਾਬੈਰੀ ਲਗਾਈ ਅਤੇ ਜਦੋਂ ਇਹ ਫਲ ਬਣ ਕੇ ਤਿਆਰ ਹੋਇਆ ਉਦੋਂ ਹੀ ਕੋਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਲੱਗ ਗਿਆ ਜਿਸ ਕਰਕੇ ਨਾ ਤਾਂ ਫਲ ਮੰਡੀ ਵਿੱਚ ਵਿਕ ਸਕਦਾ ਸੀ ਅਤੇ ਨਾ ਹੀ ਅਸੀਂ ਜਾ ਕੇ ਵੇਚ ਸਕਦੇ ਸੀ। ਨੈਬ ਸਿੰਘ ਨੇ ਦੱਸਿਆ ਕਿ ਫਿਰ ਮੇਰੇ ਲੜਕਿਆਂ ਨੇ ਇਕ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਨਾਲ ਸਾਡੀ ਸਟ੍ਰਾਬੈਰੀ ਲੌਕ ਡਾਊਨ ਦੌਰਾਨ ਆਨਲਾਈਨ ਵਿਕਣੀ ਸ਼ੁਰੂ ਹੋ ਗਈ।
Strawberry
ਨੈਬ ਸਿੰਘ ਨੇ ਦੱਸਿਆ ਕਿ ਫਿਰ ਲਾਕਡਾਊਨ ਦੌਰਾਨ ਸਾਰੀ ਸਟ੍ਰਾਬੈਰੀ ਨਾਲ ਵਧੀਆ ਮੁਨਾਫਾ ਹੋਇਆ ਪਰ ਇਸ ਸਾਲ ਮੰਡੀਕਰਨ ਨਾ ਹੋਣ ਕਾਰਨ ਸਾਨੂੰ ਸਟ੍ਰਾਬੈਰੀ ਦਾ ਵਾਜਬ ਮੁੱਲ ਨਹੀਂ ਮਿਲ ਪਾ ਰਿਹਾ ਹੈ।
Strawberry
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਫਸਲਾਂ ਦਾ ਮੰਡੀਕਰਨ ਕਰਨਾ ਚਾਹੀਦਾ ਹੈ ਜਿਸ ਨਾਲ ਕਿਸਾਨ ਦੀ ਹਰ ਫ਼ਸਲ ਦਾ ਮੁੱਲ ਮਿਲ ਸਕੇ। ਨੈਬ ਸਿੰਘ ਨੇ ਕਿਹਾ ਕਿ ਮੈਂ ਹੋਰ ਕਿਸਾਨਾਂ ਨੂੰ ਵੀ ਇਹੀ ਅਪੀਲ ਕਰਾਂਗਾ ਕਿ ਉਹ ਘੱਟੋ ਘੱਟ ਇੱਕ ਦੋ ਕਨਾਲਾਂ ਵਿੱਚ ਸਟ੍ਰਾਬੈਰੀ ਲਗਾਉਣ ਜੇਕਰ ਸਰਕਾਰਾਂ ਮੰਡੀਕਰਨ ਨਹੀਂ ਵੀ ਕਰਦੀਆਂ ਤਾਂ ਇਹ ਫ਼ਲ ਜੋ ਸਾਡੇ ਬਾਪ ਦਾਦਿਆਂ ਨੇ ਨਹੀਂ ਖਾ ਕੇ ਦੇਖਿਆ ਉਹ ਅਸੀਂ ਆਪਣੇ ਬੱਚਿਆਂ ਨੂੰ ਖਵਾ ਸਕੀਏ।