
ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਭਵਾਨੀਗੜ੍ਹ, ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਅਨਾਜ ਮੰਡੀ ਭਵਾਨੀਗੜ੍ਹ ਅਤੇ ਸੰਗਰੂਰ ਦਾ ਦੌਰਾ ਕਰ ਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸਿੰਗਲਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ਵਿਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਗਈ ਕਣਕ ਦੀ 48 ਘੰਟਿਆਂ ਅੰਦਰ 1250 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁਕੀ ਹੈ। ਉਨ੍ਹਾਂ ਕਿਹਾ ਕਿ ਖ਼ਰੀਦੀ ਕਣਕ ਦੀ ਅਦਾਇਗੀ ਪੱਖੋਂ ਜ਼ਿਲ੍ਹਾ ਸੰਗਰੂਰ ਸੂਬੇ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ 20 ਹਜ਼ਾਰ ਕਿਲੋਮੀਟਰ ਸੜਕਾਂ ਦੀ ਮੁਰੰਮਤ ਪ੍ਰਕਿਰਿਆ ਨੂੰ ਪ੍ਰਵਾਨਗੀ ਦਿਤੀ ਗਈ ਅਤੇ ਇਸ ਦੌਰਾਨ ਸੜਕਾਂ ਦੀ ਗੁਣਵੱਤਾ ਦੇ ਮਾਮਲੇ ਵਿਚ ਠੇਕੇਦਾਰਾਂ ਦੁਆਰਾ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।
Vijayender Singla
ਉਨ੍ਹਾਂ ਕਿਹਾ ਕਿ ਸਮੁੱਚੇ ਕਾਰਜ ਪਾਰਦਰਸ਼ੀ ਢੰਗ ਨਾਲ ਕਰਵਾਏ ਜਾਣਗੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੀ ਕਿਸੇ ਅਣਗਹਿਲੀ ਦੇ ਸਾਹਮਣੇ ਆਉਣ ਦੀ ਸੂਰਤ ਵਿਚ ਮਾਮਲਾ ਤੁਰਤ ਧਿਆਨ 'ਚ ਲਿਆਉਣ ਦੀ ਅਪੀਲ ਕੀਤੀ। ਮੰਡੀਆਂ ਦੇ ਦੌਰੇ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਸਮੇਤ ਮਾਰਕੀਟ ਕਮੇਟੀ ਦੇ ਅਧਿਕਾਰੀਆਂ, ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।ਇਸ ਮੌਕੇ ਰਜਿੰਦਰ ਸਿੰਘ ਰਾਜਾ, ਵਰਿੰਦਰ ਸਿੰਘ ਢੀਂਡਸਾ, ਰਜਿੰਦਰ ਸਿੰਘ ਬੱਤਰਾ, ਅਮਰਿੰਦਰ ਸਿੰਘ ਟਿਵਾਣਾ, ਅਵਿਕੇਸ਼ ਗੁਪਤਾ, ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ, ਕਪਿਲ ਗਰਗ, ਪਵਨ ਸ਼ਰਮਾ, ਬਲਵੀਰ ਸਿੰਘ ਘੁੰਮਣ ਆਦਿ ਮੌਜੂਦ ਸਨ।