
ਸਮੋਸਾ ਖਾਣ ਲਈ ਬਾਹਰ ਜਾਣ ਦੀ ਬਜਾਏ ਤੁਸੀਂ ਇਸ ਨੂੰ ਬਰੈੱਡ ਦੀ ਮਦਦ ਨਾਲ ਘਰ 'ਚ ਜਲਦੀ ਬਣਾ ਸਕਦੇ ਹੋ।
ਚੰਡੀਗੜ੍ਹ: ਚਾਹ ਦੇ ਨਾਲ ਹਰ ਕੋਈ ਮਸਾਲੇਦਾਰ ਸਨੈਕਸ ਖਾਣਾ ਪਸੰਦ ਕਰਦਾ ਹੈ। ਸਮੋਸਾ, ਮਟਰੀ, ਸੇਵ ਅਤੇ ਹੋਰ ਬਹੁਤ ਸਾਰੇ ਸਨੈਕਸ ਅਕਸਰ ਮੈਦੇ ਨਾਲ ਤਿਆਰ ਕੀਤੇ ਜਾਂਦੇ ਹਨ ਪਰ ਇਸ ਨੂੰ ਸਿਹਤ ਲਈ ਜ਼ਿਆਦਾ ਹਾਨੀਕਾਰਕ ਮੰਨਿਆ ਜਾਂਦਾ ਹੈ। ਸਮੋਸਾ ਖਾਣ ਲਈ ਬਾਹਰ ਜਾਣ ਦੀ ਬਜਾਏ ਤੁਸੀਂ ਇਸ ਨੂੰ ਬਰੈੱਡ ਦੀ ਮਦਦ ਨਾਲ ਘਰ 'ਚ ਜਲਦੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਬਰੈੱਡ ਤੋਂ ਆਸਾਨੀ ਨਾਲ ਬਣਾਏ ਜਾਣ ਵਾਲੇ ਸੁਆਦੀ ਸਨੈਕਸ ਦੀ ਰੈਸਿਪੀ।
ਬਰੈੱਡ ਨਾਲ ਸਮੋਸਾ ਬਣਾਉਣ ਦੀ ਵਿਧੀ
ਜੇਕਰ ਤੁਸੀਂ ਚਾਹ ਦੇ ਨਾਲ ਸਮੋਸੇ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਬਰੈੱਡ ਦੀ ਵਰਤੋਂ ਕਰ ਕੇ ਝੱਟਪਟ ਸਮੋਸੇ ਬਣਾ ਸਕਦੇ ਹੋ। ਸਮੋਸਾ ਬਣਾਉਣ ਲਈ ਤੁਹਾਨੂੰ ਦੋ ਤੋਂ ਤਿੰਨ ਉਬਲੇ ਹੋਏ ਆਲੂ, ਚਾਰ ਤੋਂ ਪੰਜ ਬਰੈੱਡ ਸਲਾਈਸ, ਗਰਮ ਮਸਾਲਾ, ਹਲਦੀ ਪਾਊਡਰ, ਜੀਰਾ ਪਾਊਡਰ, ਆਮਚੂਰ ਪਾਊਡਰ, ਉਬਲੇ ਹੋਏ ਹਰੇ ਮਟਰਾਂ ਦੀ ਲੋੜ ਪਵੇਗੀ।
ਸਮੋਸੇ ਦੇ ਮਸਾਲੇ ਨੂੰ ਤਿਆਰ ਕਰਨ ਲਈ ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਫਿਰ ਇਸ ਵਿਚ ਸਵਾਦ ਅਨੁਸਾਰ ਨਮਕ ਪਾਓ। ਸੁੱਕੇ ਅੰਬ ਪਾਊਡਰ, ਗਰਮ ਮਸਾਲਾ ਪਾਊਡਰ, ਹਲਦੀ ਪਾਊਡਰ, ਜੀਰਾ ਪਾਊਡਰ, ਧਨੀਆ ਪਾਊਡਰ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਆਲੂ ਦੇ ਮਿਸ਼ਰਣ ਨੂੰ ਉਦੋਂ ਤੱਕ ਚੰਗੀ ਤਰ੍ਹਾਂ ਫ੍ਰਾਈ ਕਰੋ ਜਦੋਂ ਤੱਕ ਇਸ ਦਾ ਰੰਗ ਨਾ ਬਦਲ ਜਾਵੇ।
ਚਾਕੂ ਦੀ ਮਦਦ ਨਾਲ ਬਰੈੱਡ ਦੇ ਕਿਨਾਰਿਆਂ ਨੂੰ ਕੱਟ ਲਓ। ਵੇਲਣੇ ਦੀ ਮਦਦ ਨਾਲ ਸਾਰੇ ਬਰੈੱਡ ਨੂੰ ਵੇਲ ਕੇ ਸਮਤਲ ਕਰ ਲਓ। ਫਿਰ ਇਸ ਨੂੰ ਦੋ ਹਿੱਸਿਆਂ ਵਿਚ ਵੰਡੋ। ਸਮੋਸੇ ਦੀ ਭਰਾਈ ਨੂੰ ਅੱਧ ਵਿਚ ਭਰੋ ਅਤੇ ਫਿਰ ਬਰੈੱਡ ਦੇ ਦੋਵੇਂ ਪਾਸੇ ਫੜ ਕੇ ਚਿਪਕਾਓ। ਚਿਪਕਾਉਣ ਲਈ ਪਾਣੀ ਦੀ ਮਦਦ ਲਈ ਜਾ ਸਕਦੀ ਹੈ। ਸਾਰੇ ਤਿਆਰ ਸਮੋਸੇ ਪੈਨ ਵਿਚ ਪਾਓ ਅਤੇ ਸੁਨਹਿਰੀ ਹੋਣ ਤੱਕ ਭੁੰਨ ਲਓ। ਗਰਮ ਕਰਿਸਪੀ ਸਮੋਸੇ ਤਿਆਰ ਹਨ, ਚਾਹ ਦੇ ਨਾਲ ਖਾਣ ਦਾ ਮਜ਼ਾ ਲਓ।
ਪਾਕੇਟ ਪੀਜ਼ਾ ਬਣਾਉਣ ਦੀ ਵਿਧੀ
ਪੀਜ਼ਾ ਅਤੇ ਬਰਗਰ ਵਰਗੇ ਜੰਕ ਫੂਡ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਹਨ। ਜੇਕਰ ਤੁਸੀਂ ਬੱਚੇ ਨੂੰ ਬਾਹਰ ਦਾ ਖਾਣਾ ਖਾਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਘਰ 'ਚ ਹੀ ਬਣਾ ਕੇ ਖਿਲਾਓ। ਬਰੈੱਡ ਦੀ ਮਦਦ ਨਾਲ ਘਰ 'ਚ ਪਾਕੇਟ ਪੀਜ਼ਾ ਵੀ ਤਿਆਰ ਕੀਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਪਹਿਲਾਂ ਮਨਚਾਹੀ ਸਬਜ਼ੀਆਂ ਲਓ। ਕੱਦੂ, ਸ਼ਿਮਲਾ ਮਿਰਚ, ਪਨੀਰ, ਗਾਜਰ, ਮਟਰ, ਬਰੋਕਲੀ ਲੈ ਕੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਫਿਰ ਇਨ੍ਹਾਂ ਸਾਰੀਆਂ ਸਬਜ਼ੀਆਂ ਨੂੰ ਪਕਾਓ।
ਪੈਨ ਵਿਚ ਮੱਖਣ ਪਾ ਕੇ ਗਰਮ ਕਰੋ ਅਤੇ ਪਿਆਜ਼ ਪਾਓ, ਜਦੋਂ ਪਿਆਜ਼ ਭੁਨੇ ਜਾਣ ਤਾਂ ਇਸ ਵਿਚ ਪੱਕੀਆਂ ਹੋਈਆਂ ਸਬਜ਼ੀਆਂ ਪਾਓ। ਹੁਣ ਮਸਲਾ ਤਿਆਰ ਕਰਨ ਲਈ ਇਸ ਵਿਚ ਚੀਜ਼ ਅਤੇ ਨਮਕ ਸਵਾਦ ਅਨੁਸਾਰ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਲਾਓ।
ਹੁਣ ਬਰੈੱਡ ਦੇ ਕਿਨਾਰਿਆਂ ਨੂੰ ਕੱਟ ਕੇ ਰੋਲ ਕਰੋ। ਰੋਲ ਕੀਤੀ ਹੋਈ ਬਰੈੱਡ ਵਿਚ ਮਸਾਲਾ ਪਾਓ ਅਤੇ ਇਸ ਦੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਚਿਪਕਾਓ। ਇਸ ਨੂੰ ਕਾਂਟੇ ਦੀ ਮਦਦ ਨਾਲ ਦਬਾਓ ਤਾਂ ਕਿ ਤੇਲ ਵਿਚ ਪਾਉਂਦੇ ਹੀ ਇਹ ਖੁੱਲ੍ਹ ਨਾ ਜਾਣ । ਇੱਕ ਪੈਨ ਵਿਚ ਤੇਲ ਗਰਮ ਕਰੋ ਅਤੇ ਆਪਣੇ ਪਾਕੇਟ ਪੀਜ਼ਾ ਨੂੰ ਫਰਾਈ ਕਰੋ। ਬੱਚਿਆਂ ਨੂੰ ਘਰ ਵਿਚ ਜਲਦੀ ਤਿਆਰ ਪਾਕੇਟ ਪੀਜ਼ਾ ਦਾ ਸਵਾਦ ਜ਼ਰੂਰ ਪਸੰਦ ਆਵੇਗਾ।