
ਬੈਂਗਣ ਦਾ ਭੜਥਾ ਬਣਾਉਣ ਦਾ ਤਰੀਕਾ
ਸਮੱਗਰੀ : ਗੋਲ ਵੱਡੇ ਬੈਂਗਣ ਇਕ ਕਿਲੋ, ਪਿਆਜ਼-ਲੱਸਣ ਦੋ-ਦੋ, ਅਦਰਕ 40 ਗਰਾਮ, ਹਰਾ ਧਨੀਆ 20 ਗਰਾਮ, ਹਰੀਆਂ ਮਿਰਚਾਂ-ਦਸ, ਘਿਉ ਤਿੰਨ ਚੱਮਚ, ਧਨੀਆ ਪਾਊਡਰ 4 ਚੱਮਚ, ਅਮਚੂਰਨ-ਗਰਮ ਮਸਾਲਾ ਦੋ-ਦੋ ਚੱਮਚ, ਜ਼ੀਰਾ ਦੋ ਚੱਮਚ, ਹਿੰਗ ਦਾ ਚੂਰਾ ਇਕ ਚੁਟਕੀ, ਹਲਦੀ ਅਤੇ ਲਾਲ ਮਿਰਚ ਦੋ-ਦੋ ਚੱਮਚ, ਟਮਾਟਰ 250 ਗਰਾਮ।
ਬਣਾਉਣ ਦਾ ਤਰੀਕਾ : ਪਿਆਜ਼, ਲੱਸਣ, ਅਦਰਕ ਅਤੇ ਹਰੀਆਂ ਮਿਰਚਾਂ ਨੂੰ ਚਟਣੀ ਵਾਂਗ ਪੀਹ ਲਉ। ਬੈਂਗਣਾਂ ਨੂੰ ਅੰਗੀਠੀ ਦੀ ਅੱਗ ’ਤੇ, ਗਿ੍ਰਲ ਓਵਨ ਦੀ ਹਲਕੀ ਅੱਗ ’ਤੇ ਉਲਟ-ਪੁਲਟ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਉ। ਇਨ੍ਹਾਂ ਦੇ ਉਪਰ ਦੇ ਛਿਲਕੇ ਸੜਨ ਲੱਗਣਗੇ। ਇਨ੍ਹਾਂ ਦੇ ਸੜਨ ਦਾ ਕੋਈ ਡਰ ਨਹੀਂ। ਬਸ ਜਿਵੇਂ ਹੀ ਇਹ ਬੈਂਗਣ ਭੁੰਨੇ ਜਾਣ ਤਾਂ ਇਨ੍ਹਾਂ ਨੂੰ ਹੇਠਾਂ ਉਤਾਰ ਕੇ ਪਾਣੀ ਵਿਚ ਭਿਉਂ ਕੇ ਛਿਲਕੇ ਉਤਾਰ ਦਿਉ। ਫਿਰ ਕਿਸੇ ਖੁੱਲ੍ਹੀ ਕੜਾਹੀ ਵਿਚ ਘਿਉ ਪਾ ਕੇ ਲੱਸਣ, ਪਿਆਜ਼, ਹਿੰਗ, ਜ਼ੀਰੇ ਦਾ ਤੜਕਾ ਲਗਾਉ। ਇਸ ਤੋਂ ਬਾਅਦ ਬੈਂਗਣਾਂ ਦੇ ਚੰਗੀ ਤਰ੍ਹਾਂ ਟੁਕੜੇ ਕਰ ਕੇ ਉਸ ਵਿਚ ਪਾ ਦਿਉ ਅਤੇ ਨਾਲ ਹੀ ਟਮਾਟਰ ਵੀ ਕੱਟ ਕੇ ਉਸ ਵਿਚ ਪਾਉ। ਫਿਰ ਹਲਕੀ ਅੱਗ ਦੇ ਉਪਰ ਉਨ੍ਹਾਂ ਨੂੰ ਹਿਲਾ ਕੇ ਪਕਾਉਂਦੇ ਰਹੋ। ਲੂਣ, ਮਿਰਚ ਜਿੰਨੀ ਲੋੜ ਹੋਵੇ, ਉਨਾ ਹੀ ਪਾਉ। ਵੀਹ ਮਿੰਟ ਤਕ ਉਨ੍ਹਾਂ ਨੂੰ ਪਕਾਉਂਦੇ ਰਹੋ। ਫਿਰ ਅੱਗ ਤੋਂ ਹੇਠਾਂ ਉਤਾਰ ਕੇ ਉਸ ਵਿਚ ਹਰਾ ਧਨੀਆ ਬਰੀਕ-ਬਰੀਕ ਕੱਟ ਕੇ ਪਾ ਦਿਉ। ਤੁਹਾਡਾ ਮਨਭਾਉਂਦਾ ਭੜਥਾ ਤਿਆਰ ਹੈ।