Potato Kchori Recipes: ਖਾਣ ਵਿਚ ਹੁੰਦੀ ਬੇਹੱਦ ਸਵਾਦ
Potato Kchori Food Recipes: ਸਮੱਗਰੀ: ਮੈਦਾ-300 ਗ੍ਰਾਮ, ਸੂਜੀ-1 ਚਮਚਾ, ਲੂਣ-1/2 ਚਮਚਾ, ਘਿਉ-40 ਮਿ.ਲੀ, ਪਾਣੀ-160 ਮਿ.ਲੀ, ਤੇਲ-2 ਚਮਚਾ, ਜ਼ੀਰਾ-1 ਚਮਚਾ, ਧਨੀਏ ਦੇ ਬੀਜ -1 ਚਮਚਾ, ਸੌਫ਼ ਪਾਊਡਰ-1/2 ਚਮਚਾ, ਹਿੰਗ -1/4 ਚਮਚਾ, ਹਰੀ ਮਿਰਚ-2 ਚਮਚਾ, ਅਦਰਕ ਦਾ ਪੇਸਟ-1 ਚਮਚਾ, ਹਲਦੀ-1/4 ਚਮਚਾ, ਆਲੂ (ਉਬਲੇ ਅਤੇ ਮੈਸ਼ ਕੀਤੇ ਹੋਏ)-300 ਗ੍ਰਾਮ, ਲਾਲ ਮਿਰਚ - 1/2 ਚਮਚਾ, ਅੰਬਚੂਰਨ - 1/2 ਚਮਚਾ, ਗਰਮ ਮਸਾਲਾ - 1/2 ਚਮਚਾ, ਤੇਲ ਤਲਣ ਲਈ
ਵਿਧੀ: ਸੱਭ ਤੋਂ ਪਹਿਲਾਂ ਕੌਲੀ ਵਿਚ ਮੈਦਾ, ਸੂਜੀ, ਲੂਣ, ਘਿਉ, ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ੍ਹ ਲਉ ਅਤੇ 20 ਮਿੰਟ ਲਈ ਇਕ ਪਾਸੇ ਰੱਖ ਦਿਉ। ਫ਼ਰਾਈਪੈਨ ਵਿਚ 2 ਚਮਚੇ ਤੇਲ ਗਰਮ ਕਰ ਕੇ ਉਸ ਵਿਚ ਜ਼ੀਰਾ, ਧਨੀਏ ਦੇ ਬੀਜ, ਸੌਫ਼ ਪਾਊਡਰ, ਹਿੰਗ ਪਾਉ ਅਤੇ ਹਿਲਾਉ। ਫਿਰ ਇਸ ਵਿਚ 2 ਚਮਚੇ ਹਰੀ ਮਿਰਚ ਅਤੇ ਅਦਰਕ ਦਾ ਪੇਸਟ ਪਾ ਕੇ 2-3 ਮਿੰਟ ਤਕ ਭੁੰਨ ਲਉ। ਹੁਣ ਇਸ ਵਿਚ ਹਲਦੀ ਪਾ ਕੇ ਹਿਲਾਉ ਅਤੇ ਫਿਰ ਉਬਲੇ ਅਤੇ ਮੈਸ਼ ਕੀਤੇ ਆਲੂ ਮਿਲਾ ਕੇ 5 ਤੋਂ 7 ਮਿੰਟ ਤਕ ਪਕਾਉ।
ਇਸ ਤੋਂ ਬਾਅਦ ਇਸ ਵਿਚ ਲਾਲ ਮਿਰਚ, ਅੰਬਚੂਰ, ਲੂਣ, ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਉ ਅਤੇ 3 ਤੋਂ 5 ਮਿੰਟ ਤਕ ਦੁਬਾਰਾ ਪਕਾਉ ਅਤੇ ਫਿਰ ਇਕ ਪਾਸੇ ਰੱਖ ਦਿਉ। ਹੁਣ ਗੁੰਨ੍ਹੇ ਆਟੇ ਵਿਚੋਂ ਕੁੱਝ ਹਿੱਸਾ ਲੈ ਕੇ ਨਿੰਬੂ ਦੇ ਆਕਾਰ ਜਿੰਨੇ ਪੇੜੇ ਬਣਾਉ ਅਤੇ ਇਸ ਨੂੰ ਹੱਥਾਂ ਨਾਲ ਫੈਲਾਉ। ਫਿਰ ਇਸ ਵਿਚ ਤਿਆਰ ਕੀਤਾ ਆਲੂ ਮਿਸ਼ਰਣ ਭਰੋ। ਹੁਣ ਇਸ ਦੇ ਕਿਨਾਰਿਆਂ ਨੂੰ ਵਿਚਕਾਰ ਇਕੱਠਾ ਕਰ ਕੇ ਦਬਾ ਕੇ ਚੰਗੀ ਤਰ੍ਹਾਂ ਬੰਦ ਕਰੋ ਤਾਂ ਜੋ ਮਿਸ਼ਰਣ ਬਾਹਰ ਨਾ ਨਿਕਲ ਸਕੇ। ਇਸ ਨੂੰ ਕੌਲੀ ਦੀ ਸ਼ੇਪ ਦੇਣ ਲਈ ਹੌਲੀ-ਹੌਲੀ ਦਬਾਉ। ਕੜਾਹੀ ਵਿਚ ਤੇਲ ਗਰਮ ਕਰ ਕੇ ਇਸ ਨੂੰ ਬਰਾਊਨ ਅਤੇ ਕੁਰਕਰੀ ਹੋਣ ਤਕ ਫ਼ਰਾਈ ਕਰੋ। ਤੁਹਾਡੀ ਆਲੂ ਕਚੋਰੀ ਬਣ ਕੇ ਤਿਆਰ ਹੈ।