
ਸਾਰਸ-ਕੋਵ-2 ਕਾਰਨ ਹੋਣ ਵਾਲੀ ਲਾਗ ਉੱਚ ਕੋਲੈਸਟਰੋਲ ਦੇ ਵਿਕਾਸ ਦੇ ਖਤਰੇ ਨੂੰ ਲਗਭਗ 30 ਫ਼ੀ ਸਦੀ ਤਕ ਵਧਾ ਸਕਦੀ ਹੈ
ਨਵੀਂ ਦਿੱਲੀ : ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਲਈ ਜ਼ਿੰਮੇਵਾਰ ਸਾਰਸ-ਕੋਵ-2 ਕਾਰਨ ਹੋਣ ਵਾਲੀ ਲਾਗ ਡਿਸਲਿਪੀਡੇਮੀਆ ਜਾਂ ਉੱਚ ਕੋਲੈਸਟਰੋਲ ਦੇ ਵਿਕਾਸ ਦੇ ਖਤਰੇ ਨੂੰ ਲਗਭਗ 30 ਫ਼ੀ ਸਦੀ ਤਕ ਵਧਾ ਸਕਦੀ ਹੈ।
ਅਲਬਰਟ ਆਈਨਸਟਾਈਨ ਕਾਲਜ ਆਫ ਮੈਡੀਸਨ ਦੇ ਖੋਜਕਰਤਾਵਾਂ ਦੀ ਅਗਵਾਈ ਵਿਚ ਕੀਤੇ ਗਏ ਅਧਿਐਨ ਵਿਚ ਵਿਖਾਇਆ ਗਿਆ ਹੈ ਕਿ ਖੂਨ ਵਿਚ ਅਸਧਾਰਨ ਲਿਪਿਡ (ਚਰਬੀ) ਦਾ ਪੱਧਰ - ਦਿਲ ਦੇ ਦੌਰੇ ਅਤੇ ਸਟ੍ਰੋਕ ਵਰਗੀਆਂ ਦਿਲ ਦੀਆਂ ਬਿਮਾਰੀਆਂ ਲਈ ਇਕ ਵੱਡਾ ਜੋਖਮ ਕਾਰਕ - ਮਹਾਂਮਾਰੀ ਤੋਂ ਬਾਅਦ ਦਿਲ ਦੀਆਂ ਸਮੱਸਿਆਵਾਂ ਦੇ ਵਿਸ਼ਵ ਵਿਆਪੀ ਮਾਮਲਿਆਂ ਦੀ ਵਿਆਖਿਆ ਕਰ ਸਕਦਾ ਹੈ।
ਜਰਨਲ ਆਫ ਕਲੀਨਿਕਲ ਇਨਵੈਸਟੀਗੇਸ਼ਨ ’ਚ ਪ੍ਰਕਾਸ਼ਿਤ ਖੋਜ ’ਚ ਕਿਹਾ ਗਿਆ ਹੈ ਕਿ ਬਜ਼ੁਰਗ ਬਾਲਗਾਂ ਅਤੇ ਟਾਈਪ-2 ਡਾਇਬਿਟੀਜ਼ ਵਾਲੇ ਲੋਕਾਂ ’ਚ ਡਿਸਲਿਪੀਡੇਮੀਆ ਹੋਣ ਦਾ ਖਤਰਾ ਦੋ ਗੁਣਾ ਵੱਧ ਜਾਂਦਾ ਹੈ। ਆਈਨਸਟਾਈਨ ਵਿਚ ਮੈਡੀਸਨ ਅਤੇ ਅਣੂ ਫਾਰਮਾਕੋਲੋਜੀ ਦੇ ਐਸੋਸੀਏਟ ਪ੍ਰੋਫੈਸਰ ਗੇਟਾਨੋ ਸੰਤੁਲੀ ਨੇ ਦਸਿਆ ਕਿ ਸਾਰਸ-ਕੋਵ-2 ਐਂਡੋਥੇਲੀਅਲ ਸੈੱਲਾਂ ਦੇ ਕੰਮ ਨੂੰ ਵਿਗਾੜ ਸਕਦਾ ਹੈ - ਜੋ ਖੂਨ ਦੀਆਂ ਨਾੜੀਆਂ ਦੇ ਅੰਦਰ ਲਾਈਨ ਕਰਦੇ ਹਨ ਅਤੇ ਖੂਨ ਦੇ ਲਿਪਿਡ ਨੂੰ ਨਿਯਮਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਲੋਕਾਂ ਨੂੰ ਸਲਾਹ ਦਿਤੀ ਕਿ ਉਹ ਅਪਣੇ ਲਿਪਿਡ ਪੱਧਰਾਂ ਦੀ ਨਿਯਮਤ ਤੌਰ ’ਤੇ ਨਿਗਰਾਨੀ ਕਰਨ। ਉਨ੍ਹਾਂ ਨੇ ਉੱਚ ਕੋਲੈਸਟਰੋਲ ਵਾਲੇ ਮਰੀਜ਼ਾਂ ਨੂੰ ਜਲਦੀ ਇਲਾਜ ਕਰਵਾਉਣ ਲਈ ਕਿਹਾ। ਸੰਤੁਲੀ ਨੇ ਕਿਹਾ ਕਿ ਇਹ ਸਲਾਹ ਸਾਰੇ ਬਾਲਗਾਂ ’ਤੇ ਲਾਗੂ ਹੋਵੇਗੀ, ਨਾ ਕਿ ਸਿਰਫ ਉਨ੍ਹਾਂ ਲੋਕਾਂ ’ਤੇ ਜਿਨ੍ਹਾਂ ਨੂੰ ਰਸਮੀ ਤੌਰ ’ਤੇ ਕੋਵਿਡ-19 ਦੀ ਪਛਾਣ ਕੀਤੀ ਗਈ ਹੈ, ਕਿਉਂਕਿ ਬਹੁਤ ਸਾਰੇ ਲੋਕ ਇਸ ਦਾ ਅਹਿਸਾਸ ਕੀਤੇ ਬਿਨਾਂ ਸੰਕਰਮਿਤ ਹੋਏ ਹਨ।
ਅਧਿਐਨ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ (2017-2019) ਤਿੰਨ ਸਾਲਾਂ ਦੌਰਾਨ ਇਟਲੀ ਦੇ ਨੇਪਲਜ਼ ’ਚ ਰਹਿਣ ਵਾਲੇ 200,000 ਤੋਂ ਵੱਧ ਬਾਲਗਾਂ ਦੇ ਸਮੂਹ ’ਚ ਡਿਸਲਿਪੀਡੇਮੀਆ ਦੀਆਂ ਘਟਨਾਵਾਂ ’ਤੇ ਧਿਆਨ ਕੇਂਦਰਿਤ ਕੀਤਾ ਅਤੇ 2020-2022 ਦੇ ਵਿਚਕਾਰ ਉਸੇ ਸਮੂਹ ਨਾਲ ਤੁਲਨਾ ਕੀਤੀ।
ਨਤੀਜਿਆਂ ਨੇ ਵਿਖਾਇਆ ਕਿ ਕੋਵਿਡ ਨੇ ਸਾਰੇ ਭਾਗੀਦਾਰਾਂ ’ਚ ਡਿਸਲਿਪੀਡੇਮੀਆ ਦੇ ਵਿਕਾਸ ਦੇ ਜੋਖਮ ਨੂੰ ਔਸਤਨ 29 ਫ਼ੀ ਸਦੀ ਤਕ ਵਧਾ ਦਿਤਾ। ਅਧਿਐਨ ਵਿਚ ਪ੍ਰਗਟਾਵਾ ਹੋਇਆ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਚਿਰਕਾਲੀਨ ਬਿਮਾਰੀਆਂ ਵਾਲੇ ਲੋਕਾਂ ਵਿਚ ਇਹ ਖਤਰਾ ਹੋਰ ਵੀ ਜ਼ਿਆਦਾ ਸੀ, ਖ਼ਾਸਕਰ ਸ਼ੂਗਰ ਅਤੇ ਮੋਟਾਪਾ, ਦਿਲ ਦੀ ਬਿਮਾਰੀ, ਚਿਰਕਾਲੀਨ ਰੁਕਾਵਟ ਵਾਲੀ ਪਲਮੋਨਰੀ ਬਿਮਾਰੀ ਅਤੇ ਹਾਈਪਰਟੈਨਸ਼ਨ।