Health News: ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਕਈ ਹਾਨੀਕਾਰਕ ਕੈਮੀਕਲ ਛਡਦਾ ਹੈ
Health News: ਦੀਵਾਲੀ ਵਾਲੇ ਦਿਨ ਲੋਕ ਘਰਾਂ ’ਚ ਦੀਵੇ ਜਗਾਉਂਦੇ ਹਨ, ਮਠਿਆਈਆਂ ਵੰਡਦੇ ਹਨ ਤੇ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਖਾਂਦੇ ਹਨ। ਇਸ ਤਿਉਹਾਰ ਮੌਕੇ ਲੋਕ ਪਟਾਕੇ ਵੀ ਚਲਾਉਂਦੇ ਹਨ, ਜਿਨ੍ਹਾਂ ’ਚ ਬੱਚੇ ਵੀ ਸ਼ਾਮਲ ਹੁੰਦੇ ਹਨ। ਤੁਸੀਂ ਜਾਣਦੇ ਹੋਵੇਗੇ ਕਿ ਪਟਾਕੇ ਹਵਾ ਪ੍ਰਦੂਸ਼ਣ ਵਧਾਉਂਦੇ ਹਨ ਜਿਸ ਕਾਰਨ ਸਿਹਤ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਪਟਾਕਿਆਂ ਤੋਂ ਨਿਕਲਿਆ ਧੂੰਆਂ ਬੱਚਿਆਂ ਦੀਆਂ ਅੱਖਾਂ ਲਈ ਹੋਰ ਵੀ ਘਾਤਕ ਸਾਬਤ ਹੋ ਸਕਦਾ ਹੈ।
ਪਟਾਕਿਆਂ ਨਾਲ ਹੋਣ ਵਾਲਾ ਪ੍ਰਦੂਸ਼ਣ ਬੱਚਿਆਂ ਦੀਆਂ ਅੱਖਾਂ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ ਤੇ ਇਸ ਖ਼ਤਰੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਕਈ ਹਾਨੀਕਾਰਕ ਕੈਮੀਕਲ ਛਡਦਾ ਹੈ ਜੋ ਬੱਚਿਆਂ ਦੀਆਂ ਅੱਖਾਂ ’ਚ ਜਲਣ ਪੈਦਾ ਕਰ ਸਕਦਾ ਹੈ। ਦਰਦ ਦਾ ਕਾਰਨ ਬਣ ਸਕਦਾ ਹੈ ਤੇ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਹੈ। ਜਦੋਂ ਬੱਚੇ ਇਸ ਧੂੰਏਂ ਦੇ ਸੰਪਰਕ ’ਚ ਆਉਂਦੇ ਹਨ ਤਾਂ ਛੋਟੇ- ਛੋਟੇ ਕਣ ਉਨ੍ਹਾਂ ਦੀਆਂ ਅੱਖਾਂ ’ਚ ਜਾ ਸਕਦੇ ਹਨ ਜਿਸ ਨਾਲ ਰੈੱਡਨਸ, ਖਾਰਸ਼ ਤੇ ਅੱਖਾਂ ’ਚ ਐਲਰਜੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਬੱਚਿਆਂ ਦੀਆਂ ਅੱਖਾਂ ਇਨ੍ਹਾਂ ਪ੍ਰਭਾਵਾਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਦੀ ਇਮਿਊਨਟੀ ਅਜੇ ਵਿਕਸਤ ਹੋ ਰਹੀ ਹੁੰਦੀ ਹੈ। ਪਟਾਕਿਆਂ ਦੇ ਧੂੰਏਂ ’ਚ ਪਾਏ ਜਾਣ ਵਾਲੇ ਹਾਨੀਕਾਰਕ ਤੱਤ ਵਰਗੇ ਲੀਡ ਤੇ ਬੇਰੀਅਮ ਐਲਰਜੀ ਪੈਦਾ ਕਰ ਸਕਦੇ ਹਨ ਤੇ ਅੱਖ ਦਾ ਪਾਰਦਰਸ਼ੀ ਹਿੱਸਾ ਜੋ ਨਜ਼ਰ ਲਈ ਮਹੱਤਵਪੂਰਨ ਹੈ, ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਲੰਮੇ ਸਮੇਂ ਤਕ ਧੂੰਏਂ ਦੇ ਸੰਪਰਕ ’ਚ ਰਹਿਣ ਨਾਲ ਅੱਖਾਂ ਵਿਚ ਲਗਾਤਾਰ ਖ਼ੁਸ਼ਕੀ ਦੀ ਸਮੱਸਿਆ ਹੋ ਸਕਦੀ ਹੈ ਜੋ ਦੇਖਣ ’ਚ ਮੁਸ਼ਕਲ ਤੇ ਅੱਖਾਂ ਨੂੰ ਹੋਰ ਵੀ ਕਈ ਨੁਕਸਾਨ ਪਹੁੰਚਾ ਸਕਦੀ ਹੈ।
ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਦਾ ਖ਼ਤਰਾ ਇਥੇ ਹੀ ਖ਼ਤਮ ਨਹੀਂ ਹੁੰਦਾ। ਇਸ ਕਿਸਮ ਦੇ ਪ੍ਰਦੂਸ਼ਣ ਦੇ ਨਿਯਮਿਤ ਸੰਪਰਕ ਨਾਲ ਅੱਖਾਂ ਦੀਆਂ ਗੰਭੀਰ ਅਤੇ ਪੁਰਾਣੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਮੋਤੀਆਬਿੰਦ ਜੋ ਸਮੇਂ ਦੇ ਨਾਲ ਅੱਖਾਂ ਨੂੰ ਗੰਭੀਰ ਰੂਪ ਵਿਚ ਪ੍ਰਭਾਵਤ ਕਰ ਸਕਦਾ ਹੈ। ਇਨ੍ਹਾਂ ਖ਼ਤਰਿਆਂ ਨੂੰ ਧਿਆਨ ’ਚ ਰਖਦੇ ਹੋਏ, ਮਾਪਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੱਚਿਆਂ ਨੂੰ ਇਨ੍ਹਾਂ ਖ਼ਤਰਿਆਂ ਤੋਂ ਬਚਾਉਣ ਲਈ ਕਦਮ ਚੁੱਕਣ।
ਬੱਚਿਆਂ ਨੂੰ ਪਟਾਕਿਆਂ ਦੇ ਧੂੰਏਂ ਤੋਂ ਦੂਰ ਰਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਵਿਸ਼ੇਸ਼ ਤੌਰ ’ਤੇ ਸੰਵੇਦਨਸ਼ੀਲ ਹੁੰਦੀਆਂ ਹਨ ਤੇ ਹਾਨੀਕਾਰਕ ਧੂੰਆਂ ਅਤੇ ਗੈਸਾਂ ਸਥਾਈ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਪਟਾਕੇ ਬਿਲਕੁਲ ਨਾ ਚਲਾਉ ਪਰ ਜੇ ਤੁਹਾਡੇ ਆਸ-ਪਾਸ ਲੋਕ ਪਟਾਕੇ ਚਲਾ ਰਹੇ ਹਨ ਤਾਂ ਬੱਚਿਆਂ ਨੂੰ ਉਥੋਂ ਦੂਰ ਰੱਖੋ ਤੇ ਤੁਸੀਂ ਖ਼ੁਦ ਵੀ ਉਥੋਂ ਦੂਰ ਰਹੋ। ਇਸ ਤੋਂ ਇਲਾਵਾ ਪਟਾਕਿਆਂ ਦੇ ਧੂੰਏਂ ’ਚ ਮੌਜੂਦ ਪ੍ਰਦੂਸ਼ਣ ਬੱਚਿਆਂ ’ਚ ਅਸਥਾਈ ਅੰਨ੍ਹੇਪਣ ਤੇ ਰੋਸ਼ਨੀ ਪ੍ਰਤੀ ਸੰਵੇਦਨਸ਼ੀਲਤਾ ਨੂੰ ਵਧਾ ਸਕਦੇ ਹਨ ਜਿਸ ਨਾਲ ਬਾਹਰ ਖੇਡਣਾ ਤੇ ਹੋਰ ਗਤੀਵਿਧੀਆਂ ’ਚ ਸ਼ਾਮਲ ਹੋਣਾ ਮੁਸ਼ਕਲ ਹੋ ਸਕਦਾ ਹੈ।