
ਐਸ.ਸੀ.ਆਈ. ਇੰਡੈਕਸਡ ਰਸਾਲਿਆਂ ਵਿਚ ਪ੍ਰਕਾਸ਼ਤ ਹੋਏ ਖੋਜ ਨਤੀਜੇ
- ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿਚ ਚਾਰ ਖੋਜ-ਪੱਤਰ ਪੇਸ਼
ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇਕ ਖੋਜ ਰਾਹੀਂ ਚਮੜੀ ਦੇ ਕੈਂਸਰ ਦੀਆਂ ਕਿਸਮਾਂ ਦੀ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਪਛਾਣ ਕੀਤੇ ਜਾਣ ਦੀ ਵਿਧੀ ਲੱਭਣ ਵਲ ਅਹਿਮ ਕਦਮ ਪੁੱਟਿਆ ਗਿਆ ਹੈ। ਯੂਨੀਵਰਸਿਟੀ ਦੇ ਇਲੈਕਟਰਾਨਿਕ ਅਤੇ ਕਮਿਊਨੀਕੇਸ਼ਨਜ਼ ਵਿਭਾਗ ਵਿਖੇ ਡਾ. ਬਾਲ ਕ੍ਰਿਸ਼ਨ ਦੀ ਨਿਗਰਾਨੀ ਹੇਠ ਖੋਜਾਰਥੀ ਡਾ. ਸ਼ੈਲੀ ਨੇ ਡਰਮੋਸਕੋਪਿਕ ਡਿਜੀਟਲ ਚਿੱਤਰਾਂ ਵਿਚ ਚਮੜੀ ਦੇ ਕੈਂਸਰ ਦਾ ਪਤਾ ਲਗਾਉਣ ਬਾਰੇ ਖੋਜ ਕੀਤੀ ਹੈ। ਇਸ ਖੋਜ ਨਾਲ ਸਬੰਧਤ ਚਾਰ ਖੋਜ-ਪੱਤਰ ਐਸ.ਸੀ.ਆਈ. ਇੰਡੈਕਸਡ ਰਸਾਲਿਆਂ ਵਿਚ ਪ੍ਰਕਾਸ਼ਤ ਹੋਣ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿਚ ਚਾਰ ਖੋਜ-ਪੱਤਰ ਪੇਸ਼ ਕੀਤੇ ਜਾ ਚੁੱਕੇ ਹਨ।
ਡਾ. ਸ਼ੈਲੀ ਨੇ ਦਸਿਆ ਕਿ ਉਸ ਦੀ ਖੋਜ ਚਮੜੀ ਦੇ ਕੈਂਸਰ ਦੀਆਂ ਕਿਸਮਾਂ ਦਾ ਪਤਾ ਲਗਾਉਣ ਲਈ ਬੇਲੋੜੇ ਬਾਇਉਪਸੀ ਟੈਸਟ ਨੂੰ ਘੱਟ ਕਰਨ ਹਿਤ ਡਰਮੋਸਕੋਪਿਕ ਇਮੇਜਿੰਗ ਦੀ ਵਰਤੋਂ ਕਰਨ ਬਾਰੇ ਹੈ ਤਾਕਿ ਬਿਮਾਰੀ ਲੱਭਣ (ਡਾਇਗਨੋਜ਼ ਕਰਨ) ਦੇ ਹੋਰ ਵਧੇਰੇ ਉਚਿਤ ਅਤੇ ਸੁਰੱਖਿਅਤ ਢੰਗ ਵਿਕਸਤ ਕੀਤੇ ਜਾ ਸਕਣ। ਉਨ੍ਹਾਂ ਦਸਿਆ ਕਿ ਉਸ ਦਾ ਅਧਿਐਨ ਰੋਗ ਪਛਾਣੇ ਜਾਣ ਦੀ ਸ਼ੁਧਤਾ (ਡਾਇਗਨੌਸਟਿਕ ਅਕੂਰੇਸੀ) ਨੂੰ ਬਿਹਤਰ ਬਣਾਉਣ ਲਈ ਉੱਚ-ਪੱਧਰੀ ਸਿਖਲਾਈ ਆਧਾਰਤ ਤਕਨੀਕਾਂ ਦੀ ਵਰਤੋਂ ਕਰਨ ਉਤੇ ਕੇਂਦਰਤ ਹੈ।
ਉਨ੍ਹਾਂ ਦਸਿਆ ਕਿ ਚਮੜੀ ਦੇ ਹਰ ਤਰ੍ਹਾਂ ਦੇ ਕੈਂਸਰ ਵਿਚ ਜਲਦੀ ਦਖ਼ਲ ਦਿਤੇ ਜਾਣ ਦੀ ਲੋੜ ਹੁੰਦੀ ਹੈ। ਇਸ ਲਈ ਇਸ ਰੋਗ ਨੂੰ ਜਲਦੀ ਅਤੇ ਸਪਸ਼ਟਤਾ ਸਹਿਤ ਸੁਰੱਖਿਅਤ ਤਕਨੀਕਾਂ ਨਾਲ ਲੱਭਦਿਆਂ ਇਸ ਦੀ ਵਧ ਰਹੀ ਮੌਤ ਦਰ ਉਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਚਮੜੀ ਦਾ ਕੈਂਸਰ ਵਰਤਮਾਨ ਸਮੇਂ ਮੌਤ ਦਰ ਦੇ ਮਾਮਲੇ ਵਿਚ ਕਈ ਹੋਰ ਬਿਮਾਰੀਆਂ ਨੂੰ ਪਛਾੜਦਾ ਹੈ। ਇਹ ਦਰ ਸਾਲਾਨਾ 1 ਫ਼ੀ ਸਦੀ ਵਧ ਰਹੀ ਹੈ। ਇਸ ਦੀ ਸ਼ੁਰੂਆਤੀ ਭਿਆਨਕਤਾ ਅਣਪਛਾਤੀ ਰਹਿੰਦੀ ਹੈ, ਜਿਸ ਕਾਰਨ ਸਮੇਂ ਸਿਰ ਪਤਾ ਲਗਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਉਨ੍ਹਾਂ ਦਸਿਆ ਕਿ ਇਹ ਖੋਜ ਕਾਰਜ ਅਜਿਹੇ ਸਵੈਚਾਲਿਤ ਸੁਰੱਖਿਅਤ ਡਾਇਗਨੌਸਟਿਕ ਟੂਲ ਵਿਕਸਤ ਕਰਨ ਵਿਚ ਯੋਗਦਾਨ ਪਾਉਂਦਾ ਹੈ ਜੋ ਡਾਕਟਰੀ ਪੇਸ਼ੇਵਰਾਂ ਨੂੰ ਸ਼ੁਰੂਆਤੀ ਪੜਾਅ ਉੱਤੇ ਰੋਗ ਲੱਭਣ ਅਤੇ ਇਲਾਜ ਵਿਚ ਸਹਾਇਤਾ ਕਰ ਸਕਦੇ ਹਨ। ਡਾ. ਬਾਲ ਕ੍ਰਿਸ਼ਨ ਨੇ ਦਸਿਆ ਕਿ ਇਹ ਅਧਿਐਨ ਚਮੜੀ ਦੇ ਜਖਮਾਂ ਦੀ ਪਛਾਣ ਲਈ ਇਕ ਨਿਪੁੰਨ ਸਿਖਲਾਈ ਆਧਾਰਤ ਵਿਧੀ ਪੇਸ਼ ਕਰਦਾ ਹੈ। ਇਸ ਪਹੁੰਚ ਵਿਚ ਪ੍ਰੀ.ਪ੍ਰੋਸੈਸਿੰਗ, ਸੈਗਮੈਂਟੇਸ਼ਨ ਫ਼ੀਚਰ ਐਕਸਟਰੈਕਸ਼ਨ, ਚੋਣ ਅਤੇ ਵਰਗੀਕਰਨ ਸ਼ਾਮਲ ਹੈ। ਹਰੇਕ ਕਦਮ ਨੂੰ ਬਿਹਤਰ ਸ਼ੁਧਤਾ ਲਈ ਅਨੁਕੂਲ ਬਣਾਇਆ ਗਿਆ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਖੋਜ ਦੀ ਵਿਸ਼ੇਸ਼ ਤੌਰ ਉਤੇ ਸ਼ਲਾਘਾ ਕਰਦਿਆਂ ਨਿਗਰਾਨ ਅਤੇ ਖੋਜਾਰਥੀ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਮਨੁੱਖੀ ਜ਼ਿੰਦਗੀ ਨੂੰ ਮਾਰੂ ਬਿਮਾਰੀਆਂ ਅਤੇ ਅਜਿਹੀਆਂ ਹੋਰ ਅਲਾਮਤਾਂ ਤੋਂ ਬਚਾਉਣ ਵਾਲੀਆਂ ਖੋਜਾਂ ਕਰਨਾ ਸਮੇਂ ਦੀ ਲੋੜ ਹੈ।
ਪਟਿਆਲਾ ਤੋਂ ਪਰਮਿੰਦਰ ਸਿੰਘ ਰਾਏਪੁਰ ਦੀ ਰਿਪੋਰਟ