Health News: ਇਹ ਹਰ ਉਮਰ ਦੇ ਵਿਅਕਤੀ ਲਈ ਸੰਪੂਰਣ ਸਿਹਤਮੰਦ ਭੋਜਨ ਹੈ।
Health News: ਬ੍ਰੋਕਲੀ ਦੇਖਣ ਵਿਚ ਗੋਭੀ ਦੀ ਤਰ੍ਹਾਂ ਲਗਦੀ ਹੈ ਪਰ ਇਸ ਦਾ ਰੰਗ ਹਰਾ ਹੁੰਦਾ ਹੈ। ਇਹ ਭਾਰਤ ਵਿਚ ਬਹੁਤ ਮਸ਼ਹੂਰ ਨਹੀਂ ਪਰ ਹੁਣ ਜਿਵੇਂ-ਜਿਵੇਂ ਲੋਕਾਂ ਨੂੰ ਇਸ ਦੇ ਫ਼ਾਇਦਿਆਂ ਬਾਰੇ ਪਤਾ ਲੱਗ ਰਿਹਾ ਹੈ, ਲੋਕ ਇਸ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰ ਰਹੇ ਹਨ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡਰੇਟ, ਆਇਰਨ ਅਤੇ ਵਿਟਾਮਿਨ ਭਾਰੀ ਮਾਤਰਾ ਵਿਚ ਮਿਲਦੇ ਹਨ। 100 ਗ੍ਰਾਮ ਬ੍ਰੋਕਲੀ ਵਿਚ 34 ਕੈਲੋਰੀ ਅਤੇ 0.4 ਗ੍ਰਾਮ ਫ਼ੈਟ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ 33 ਮਿਲੀਗ੍ਰਾਮ ਸੋਡੀਅਮ, 9 ਫ਼ੀ ਸਦੀ ਪੋਟਾਸ਼ੀਅਮ, 2 ਫ਼ੀ ਸਦੀ ਕਾਰਬੋਹਾਈਡਰੇਟ, 10 ਫ਼ੀ ਸਦੀ ਡਾਇਟਰੀ ਫ਼ਾਈਬਰ, 1.7 ਗ੍ਰਾਮ ਸ਼ੂਗਰ, 2.8 ਗ੍ਰਾਮ ਪ੍ਰੋਟੀਨ, ਵਿਟਾਮਿਨ ਏ, 148 ਫ਼ੀ ਸਦੀ ਵਿਟਾਮਿਨ ਸੀ, 4 ਫ਼ੀ ਸਦੀ ਕੈਲਸ਼ੀਅਮ, 3 ਫ਼ੀ ਸਦੀ ਆਇਰਨ, 10 ਫ਼ੀ ਸਦੀ ਵਿਟਾਮਿਨ ਬੀ-6 ਅਤੇ 5 ਫ਼ੀ ਸਦੀ ਮੈਗਨੀਸ਼ੀਅਮ ਹੁੰਦਾ ਹੈ।
ਜ਼ਿਆਦਾਤਰ ਲੋਕ ਬ੍ਰੋਕਲੀ ਦੀ ਸਬਜ਼ੀ ਬਣਾ ਕੇ ਖਾਂਦੇ ਹਨ ਪਰ ਜੇ ਇਸ ਨੂੰ ਉਬਾਲ ਕੇ ਜਾਂ ਕੱਚੀ ਸਲਾਦ ਦੇ ਰੂਪ ਵਿਚ ਖਾਧਾ ਜਾਵੇ ਤਾਂ ਇਹ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਜੇ ਤੁਸੀਂ ਨਿਯਮਤ ਤੌਰ ‘ਤੇ ਅਪਣੀ ਡਾਈਟ ਵਿਚ ਬ੍ਰੋਕਲੀ ਸ਼ਾਮਲ ਕਰਦੇ ਹੋ ਤਾਂ ਤੁਹਾਨੂੰ ਨਿਸ਼ਚਤ ਤੌਰ ‘ਤੇ ਬਹੁਤ ਸਾਰੇ ਲਾਭ ਪ੍ਰਾਪਤ ਹੋਣਗੇ। ਜਿੰਮ ਜਾਣ ਵਾਲੇ ਲੋਕਾਂ ਨੂੰ ਬ੍ਰੋਕਲੀ ਖਾਣ ਦੀ ਸਲਾਹ ਦਿਤੀ ਜਾਂਦੀ ਹੈ ਪਰ ਅਜਿਹਾ ਨਹੀਂ ਕਿ ਬ੍ਰੋਕਲੀ ਸਿਰਫ਼ ਉਨ੍ਹਾਂ ਲੋਕਾਂ ਲਈ ਫ਼ਾਇਦੇਮੰਦ ਹੁੰਦੀ ਹੈ।
ਇਹ ਹਰ ਉਮਰ ਦੇ ਵਿਅਕਤੀ ਲਈ ਸੰਪੂਰਣ ਸਿਹਤਮੰਦ ਭੋਜਨ ਹੈ।ਉਹ ਲੋਕ ਜੋ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਬ੍ਰੋਕਲੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ, ਇਸ ਲਈ ਭਾਰ ਕੰਟਰੋਲ ਵਿਚ ਰਹਿੰਦਾ ਹੈ।
ਇਸ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸ਼ਿਕਾਇਤ ਰਹਿੰਦੀ ਹੈ। ਜੇ ਤੁਹਾਨੂੰ ਵੀ ਇਹ ਸਮੱਸਿਆ ਹੈ ਤਾਂ ਬ੍ਰੋਕਲੀ ਦਾ ਸੂਪ ਪੀਣ ਨਾਲ ਤੁਹਾਨੂੰ ਭੁੱਖ ਲਗਣੀ ਸ਼ੁਰੂ ਹੋ ਜਾਵੇਗੀ। ਗਰਭਵਤੀ ਔਰਤਾਂ ਨੂੰ ਨਿਯਮਤ ਤੌਰ ‘ਤੇ ਬ੍ਰੋਕਲੀ ਖਾਣੀ ਚਾਹੀਦੀ ਹੈ। ਇਸ ਵਿਚ ਮੌਜੂਦ ਤੱਤ ਨਾ ਸਿਰਫ਼ ਬੱਚੇ ਦੀ ਸਿਹਤ ਅਤੇ ਵਿਕਾਸ ਲਈ ਫ਼ਾਇਦੇਮੰਦ ਹੁੰਦੇ ਹਨ ਬਲਕਿ ਮਾਂ ਨੂੰ ਵੀ ਕਈ ਕਿਸਮ ਦੀਆਂ ਬੀਮਾਰੀਆਂ ਤੋਂ ਦੂਰ ਰਖਦੇ ਹਨ।