Diwali Special Article 2025: ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟ ਦਾ ਬੋਲਬਾਲਾ
Published : Oct 18, 2025, 7:10 am IST
Updated : Oct 18, 2025, 7:59 am IST
SHARE ARTICLE
Adulteration rampant during festive season Diwali Special Article 2025
Adulteration rampant during festive season Diwali Special Article 2025

ਅੱਜ ਮਿਲਾਵਟ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਗੋਰਖ ਧੰਦੇ ਨੇ ਪਤਾ ਨਹੀਂ ਕਿੰਨੇ ਹੀ ਇਨਸਾਨਾਂ ਦੀ ਜਾਨ ਲੈ ਲਈ ਹੈ

Adulteration rampant during festive season Diwali Special Article 2025 : ਜਿਸ ਕੋਲ ਸਮਝ ਹੈ, ਉਸ ਨੂੰ ਅਪਣੇ ਚੰਗੇ-ਮਾੜੇ ਦਾ ਪਤਾ ਹੈ। ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਸੀਮਤ ਸਾਧਨ ਸਨ, ਲੋਕਾਂ ਵਿਚ ਆਪਸੀ ਪਿਆਰ ਸੀ। ਮਿਲਾਵਟ ਬਿਲਕੁਲ ਵੀ ਨਹੀਂ ਸੀ। ਕਹਿਣ ਦਾ ਭਾਵ ਹੈ ਕਿ ਖਾਣਾ ਪੀਣਾ, ਹਵਾ, ਪਾਣੀ, ਕੋਈ ਵੀ ਖਾਣ ਵਾਲੀ ਚੀਜ਼ ਸ਼ੁੱਧ ਮਿਲ ਜਾਂਦੀ ਸੀ। ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮਿਲਾਵਟ ਕੀ ਹੁੰਦੀ ਹੈ? ਜੋ ਪ੍ਰਵਾਰ ਉਸ ਸਮੇਂ ਦੁੱਧ ਵੇਚਦੇ ਸਨ, ਉਹ ਸਾਫ਼ ਸੁਥਰਾ ਸ਼ੁੱਧ ਦੁੱਧ  ਵੇਚਦੇ ਸਨ। ਪਰ ਅੱਜ ਦੇ ਸਮੇਂ ਵਿਚ ਮਿਲਾਵਟ ਦਾ ਬਹੁਤ ਜ਼ਿਆਦਾ ਦਬਦਬਾ ਹੈ। ਜੋ ਕੰਮ ਇਨਸਾਨ ਨੂੰ ਧਰਤੀ ਤੇ ਕਰਨ ਲਈ ਪ੍ਰਮਾਤਮਾ ਨੇ ਭੇਜਿਆ ਸੀ, ਅੱਜ ਦਾ ਇਨਸਾਨ ਅਪਣੇ ਨਿੱਜੀ ਸਵਾਰਥਾਂ ਖ਼ਾਤਰ ਮਨੁੱਖੀ  ਸਿਹਤ ਨਾਲ ਖਿਲਵਾੜ ਕਰ ਰਿਹਾ ਹੈ।

ਮਿਲਾਵਟ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਗੋਰਖ ਧੰਦੇ ਨੇ ਪਤਾ ਨਹੀਂ ਕਿੰਨੇ ਹੀ ਇਨਸਾਨਾਂ ਦੀ ਜਾਨ ਲੈ ਲਈ ਹੈ। ਕੋਈ ਵੀ ਖਾਣ-ਪੀਣ ਦੀ ਚੀਜ਼ ਲੈ ਲਵੋ, ਅੱਜ ਦੇ ਸਮੇਂ ਉਹ ਸ਼ੁੱਧ ਨਹੀਂ। ਚਾਹੇ ਉਹ ਦੁੱਧ ਹੈ, ਦੇਸੀ ਘਿਉ, ਮਿਠਾਈਆਂ ਲੈ ਲਵੋ ਜਾਂ ਦਵਾਈਆਂ, ਹਰ ਚੀਜ਼ ਮਿਲਾਵਟ ਨਾਲ ਬਾਜ਼ਾਰ ’ਚ ਵਿੱਕ ਰਹੀ ਹੈ। ਨਾਮੀ ਕੰਪਨੀਆਂ ਦੇ ਮਾਰਕਾ ਲਗਾ ਕੇ ਕਈ ਵਾਰ ਬੰਦ ਡੱਬਿਆਂ ’ਚ ਮਿਲਾਵਟ ਬਹੁਤ ਦੇਖੀ ਜਾ ਸਕਦੀ ਹੈ। ਕਹਿਣ ਦਾ ਭਾਵ ਹੈ ਕਿ ਅੱਜ ਦਾ ਇਨਸਾਨ ਨਿਰਾ ਜ਼ਹਿਰ ਖਾ ਰਿਹਾ ਹੈ।

ਹਾਲ ਹੀ ਵਿਚ ਵਿਸ਼ਵ ਸੰਗਠਨ ਦੀ ਨਸ਼ਰ ਹੋਈ ਰਿਪੋਰਟ ਮੁਤਾਬਕ 60 ਕਰੋੜ ਤੋਂ ਵੱਧ ਭਾਰਤ ਵਿਚ ਦੁੱਧ ਦੀ ਵਿਕਰੀ ਹੁੰਦੀ ਹੈ। ਜਿਸ ਵਿਚ 45 ਕਰੋੜ ਲੀਟਰ ਤੋਂ ਵੱਧ ਮਿਲਾਵਟੀ ਹੁੰਦਾ ਹੈ। ਸਭ ਤੋਂ ਮਿਲਾਵਟੀ ਦੁੱਧ ਦੇ ਮਾਮਲੇ ਉੱਤਰ ਪ੍ਰਦੇਸ਼ ਵਿਚ ਫੜੇ ਗਏ ਹਨ। ਦੁੱਧ ਤੋਂ ਬਣਿਆ ਪਨੀਰ, ਦਹੀਂ, ਖੋਆ, ਬਿਸਕੁਟ ਦੇ ਜਦੋਂ ਸੈਂਪਲ ਭਰੇ ਗਏ ਤਾਂ ਸਾਰੇ ਹੀ ਮਿਲਾਵਟੀ ਦੁੱਧ ਨਾਲ ਬਣੇ ਸਨ। ਉੱਧਰ ਵਿਸ਼ਵ ਸੰਗਠਨ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਵੀ ਦੇ ਦਿਤੀ ਹੈ ਕਿ ਜੇ ਮਿਲਾਵਟੀ ਦੁੱਧ ਦਾ ਕਾਰੋਬਾਰ ਨਾ ਰੋਕਿਆ ਗਿਆ ਤਾਂ ਭਾਰਤ ਜਲਦੀ ਹੀ ਕੈਂਸਰ ਦਾ ਸ਼ਿਕਾਰ ਹੋ ਜਾਵੇਗਾ। ਹਾਲਾਂਕਿ ਉੱਤਰ ਪ੍ਰਦੇਸ਼ ’ਚ ਮਿਲਾਵਟ ਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਹਰ ਸੂਬੇ ਵਿਚ ਮਿਲਾਵਟ ਦਾ ਬੋਲ ਬਾਲਾ ਹੈ। ਹਰ ਸੂਬੇ ਵਿਚ ਮਿਲਾਵਟ ਸਿਖ਼ਰਾਂ ’ਤੇ ਹੈ। ਦੁਧਾਰੂ ਪਸ਼ੂਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਮਾਹਰਾਂ ਮੁਤਾਬਕ ਜੋ ਮਿਲਾਵਟ ਵਾਲਾ ਦੁੱਧ ਹੁੰਦਾ ਹੈ, ਉਹ ਲੀਵਰ, ਪੇਟ ਦੀਆਂ ਅੰਤੜੀਆਂ ’ਚ ਹੌਲੀ ਹੌਲੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਘਾਤਕ ਬਿਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨ। ਬੱਚਿਆਂ ਦਾ ਸਰੀਰਕ ਵਿਕਾਸ ਰੁਕਣਾ ਸ਼ੁਰੂ ਹੋ ਜਾਂਦਾ ਹੈ। ਸਮੇਂ ਤੋਂ ਪਹਿਲਾਂ ਕੁੜੀਆਂ ’ਚ ਮਹੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰਤਾਂ  ਵਿਚ ਹਾਰਮੋਨ ਅਸੰਤੁਲਿਤ ਹੋਣੇ ਸ਼ੁਰੂ ਹੋ ਜਾਂਦੇ ਹਨ।

ਅੱਜ ਇਨਸਾਨ ਅਨੇਕਾਂ ਹੀ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ। ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ ਕਿ ਛੋਟੀ ਉਮਰ ’ਚ ਹੀ ਕਈ ਬੱਚੇ ਅਨੇਕਾਂ ਨਾਮੁਰਾਦ ਬੀਮਾਰੀਆਂ ਨਾਲ ਪੀੜਤ ਹਨ। ਜੇ ਅਸੀਂ ਸਾਫ਼ ਸੁਥਰਾ ਤੇ ਵਧੀਆ ਖਾਣਾ ਖਾਵਾਂਗੇ ਤਾਂ ਹੀ ਤੰਦਰੁਸਤ ਰਹਿ ਸਕਦੇ ਹਾਂ। ਜੇ ਤੰਦਰੁਸਤ ਰਹਾਂਗੇ ਤਾਂ ਹੀ ਅਸੀਂ ਅਪਣੇ ਕੰਮ ਕਾਜ ਕਰ ਸਕਾਂਗੇ। ਮਿਲਾਵਟੀ ਚੀਜ਼ਾਂ ਖਾਣ ਨਾਲ ਤਾਂ ਹਰ ਰੋਜ਼ ਕੋਈ ਨਾ ਕੋਈ ਬਿਮਾਰੀ ਕਾਰਨ ਪੀੜਤ ਰਹਾਂਗੇ। ਹਰ ਰੋਜ਼ ਡਾਕਟਰ ਜਾਂ ਮੈਡੀਕਲ ਲੈਬ ਦੇ ਚੱਕਰ ਹੀ ਲਗਾਉਂਦੇ ਰਹਾਂਗੇ। ਪਰ ਅੱਜ ਦੇ ਸਮੇਂ ਵਿਚ ਮਿਲਾਵਟ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਮੈਡੀਕਲ ਸਟੋਰਾਂ ਤੇ ਨਕਲੀ ਦਵਾਈਆਂ ਮਿਲ ਰਹੀਆਂ ਹਨ। ਪਤਾ ਨਹੀਂ ਕਿੰਨੀਆਂ ਹੀ ਕੰਪਨੀਆਂ ਇਕ ਤਰ੍ਹਾਂ ਦੀ ਦਵਾਈਆਂ ਬਣਾ ਕੇ ਬਾਜ਼ਾਰ ’ਚ ਉਤਾਰ ਦਿੰਦੀਆਂ ਹਨ। ਬੇਈਮਾਨੀ ਤੇ ਪੈਸੇ ਦੇ ਲਾਲਚੀ ਲੋਕਾਂ ਵਲੋਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਆਮ ਤੌਰ ’ਤੇ  ਸਿਹਤ ਵਿਭਾਗ ਤਿਉਹਾਰਾਂ ਦੇ ਸੀਜਨ ’ਚ ਹੀ ਸਰਗਰਮ ਹੁੰਦਾ ਹੈ। ਤਿਉਹਾਰਾਂ ਸਮੇਂ ਨਕਲੀ ਮਿਠਿਆਈਆਂ, ਖੋਆ ਕੁਇੰਟਲਾਂ ਦੇ ਹਿਸਾਬ ਨਾਲ ਫੜਿਆ ਜਾਂਦਾ ਹੈ।

ਹਰ ਰੋਜ਼ ਸਿਹਤ ਮਹਿਕਮਾ ਟੀਮਾਂ ਬਣਾ ਕੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿਚ ਭੇਜਦਾ ਹੈ। ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਜਾਂਦੇ ਹਨ। ਇਹ ਜਿਆਦਾਤਰ ਤਿਉਹਾਰਾਂ ਦੇ ਸੀਜਨ ਦੌਰਾਨ ਹੀ ਹੁੰਦਾ ਹੈ। ਹਰ ਸ਼ਹਿਰ ’ਚ ਸ਼ਾਮ ਨੂੰ ਜੰਕ ਫੂਡ ਦੀਆਂ ਰੇਹੜੀਆਂ ਲਗਦੀਆਂ ਹਨ। ਇਹ ਰੇਹੜੀਆਂ ਵਾਲੇ ਨਕਲੀ ਰਿਫਾਇੰਡ ਦੀ ਮਦਦ ਨਾਲ ਤਰ੍ਹਾਂ ਤਰ੍ਹਾਂ ਦੇ ਜੰਕ ਫੂਡ ਲੋਕਾਂ ਨੂੰ ਪਰੋਸ ਰਹੇ ਹਨ। ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਫਿਰ ਉਨ੍ਹਾਂ ਵਿਰੁਧ ਵਿਭਾਗੀ ਕਾਰਵਾਈ ਵੀ ਹੁੰਦੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਖਾਣ-ਪੀਣ ਦੇ ਸ਼ੌਕੀਨ ਤਾਂ ਹਰ ਰੋਜ਼ ਹੀ ਕੁੱਝ ਨਾ ਕੁੱਝ ਖਾਣ ਪੀਣ ਵਾਲੀਆਂ ਵਸਤਾਂ ਦੁਕਾਨਾਂ ਤੋਂ ਲੈ ਕੇ ਖਾਂਦੇ ਹਨ। ਇਹ ਜਾਂਚ-ਪੜਤਾਲ ਸਿਰਫ਼ ਤਿਉਹਾਰਾਂ ਦੇ ਸਮੇਂ ਹੀ ਕਿਉਂ? ਸਾਰਾ ਸਾਲ ਕਿਉਂ ਨਹੀਂ ਕੀਤੀ ਜਾਂਦੀ? 

ਜੋ ਪਿੰਡਾਂ ’ਚੋਂ ਦੁੱਧ ਲੈ ਕੇ ਦੋਧੀ ਸ਼ਹਿਰ ਵਲ ਜਾਂਦੇ ਹਨ, ਇਨ੍ਹਾਂ ਦੇ ਹਰ ਹਫ਼ਤੇ ਡੈਅਰੀ ਵਿਭਾਗ ਵਲੋਂ ਕੈਂਪ ਲਗਾ ਕੇ ਨਮੂਨੇ ਭਰਨੇ ਚਾਹੀਦੇ ਹਨ। ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਜੋ ਡੇਅਰੀਆਂ ਤੇ ਨਕਲੀ ਦੁੱਧ, ਖੋਆ, ਪਨੀਰ ਮਿਲਦਾ ਹੈ, ਉਸ ਦੀ ਵੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਸੀ ਕਿ ਦਿੱਲੀ ਵਿਖੇ ਲਗਭਗ ਪਿਛਲੇ 20 ਸਾਲਾਂ ਤੋਂ ਬਿਨਾਂ ਦੁੱਧ ਤੋਂ ਵੱਖ ਵੱਖ ਰਸਾਇਣਕ ਤੱਤਾਂ ਤੇ ਜਾਨਵਰਾਂ ਦੀ ਚਰਬੀ   ਨਾਲ ਦੇਸੀ ਘਿਓ ਤਿਆਰ ਕਰਨ ਵਾਲੀ ਫ਼ੈਕਟਰੀ ਤੇ ਛਾਪਾ ਮਾਰਿਆ ਗਿਆ। ਪਤਾ ਨਹੀਂ ਕਿੰਨੇ ਲੋਕਾਂ ਨੇ ਨਿਰਾ ਜ਼ਹਿਰ ਖਾਇਆ ਹੋਣੈ।

ਆਮ ਤੌਰ ਤੇ ਜੋ ਦੋਧੀ ਦੁੱਧ ਪਾਉਂਦੇ ਹਨ, ਉਹ ਵੀ ਤਰ੍ਹਾਂ ਤਰ੍ਹਾਂ ਦੇ ਪਾਊਡਰ ਮਿਲਾ ਕੇ ਦੁੱਧ ਵੇਚ ਰਹੇ ਹਨ। ਐਫਐੱਸਐੱਸਏਆਈ ਦੀ ਰਿਪੋਰਟ ਮੁਤਾਬਕ ਖ਼ੁਲਾਸਾ ਹੋਇਆ ਹੈ ਕਿ ਦੁੱਧ ’ਚ ਅਰਾਰੋਟ, ਰੰਗ, ਮਿਲਕ ਪਾਊਡਰ, ਗੁਲੂਕੋਜ਼, ਕਪੜੇ ਧੋਣ ਵਾਲਾ ਪਾਊਡਰ ਮਿਲਾਇਆ ਜਾਂਦਾ ਹੈ। ਸੁਣਨ ਵਿਚ ਆਉਂਦਾ ਹੈ ਕਿ ਨਕਲੀ ਦੁੱਧ ਵਿਚ ਵਾਸ਼ਿੰਗ ਪਾਊਡਰ ਤੇ ਹੋਰ ਜ਼ਹਿਰੀਲੇ ਤੱਤ ਮਿਲਾ ਕੇ ਉਸ ਨੂੰ ਪਰੋਸਿਆ ਜਾ ਰਿਹਾ ਹੈ। ਮਠਿਆਈ ਖਾਣ ਦਾ ਤਾਂ ਅੱਜਕਲ ਸਮਾਂ ਹੀ ਨਹੀਂ। ਤਿਉਹਾਰਾਂ ਮੌਕੇ ਤਰ੍ਹਾਂ-ਤਰ੍ਹਾਂ ਦੇ ਮਠਿਆਈਆਂ ਵਿਚ ਰੰਗ ਲਗਾ ਕੇ ਨਕਲੀ ਮਠਿਆਈਆਂ ਨਾਲ ਦੁਕਾਨਾਂ ਸੱਜ ਜਾਂਦੀਆਂ ਹਨ। ਮਿਲਾਵਟੀ ਚੀਜ਼ਾਂ ਖਾਣ ਨਾਲ ਅੱਜ ਲੋਕ ਕੈਂਸਰ, ਬਲੱਡ ਪ੍ਰੈਸ਼ਰ, ਦਮਾ, ਸ਼ੂਗਰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮੁਨਾਫ਼ਾਖ਼ੋਰਾਂ ਤੇ ਸਰਕਾਰ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਅਜਿਹੇ ਲੋਕਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਹੋਰਾਂ ਨੂੰ ਵੀ ਕੰਨ ਹੋ ਜਾਣ।

ਸੰਜੀਵ ਸਿੰਘ ਸੈਣੀ
ਮੋ:78889-66168

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement