
ਖ਼ੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ
ਖ਼ੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ ਹੈ। ਇਸ ਲਈ ਜ਼ਿਆਦਾ ਦੁੱਧ ਦੀ ਲੋੜ ਨਹੀਂ ਹੁੰਦੀ ਸਗੋਂ ਥੋੜੇ ਜਹੇ ਦੁੱਧ ਨਾਲ ਹੀ ਚਮੜੀ ਦੋਧੀ ਅਤੇ ਕੋਮਲ ਹੋ ਜਾਂਦੀ ਹੈ। ਅੱਧੀ ਕਟੋਰੀ ਕੱਚੇ ਤੇ ਕੋਸੇ ਦੁੱਧ ਵਿਚ ਇਕ ਸਾਫ਼ ਸੁਥਰੀ ਰੂੰ ਦਾ ਟੁਕੜਾ ਭਿÀੁਂ ਕੇ ਚਿਹਰੇ, ਗਰਦਨ, ਹੱਥਾਂ ਆਦਿ ਸਰੀਰ ਦੇ ਹੋਰ ਅੰਗਾਂ 'ਤੇ 5-10 ਮਿੰਟ ਤਕ ਨਰਮੀ ਨਾਲ ਫੇਰੋ। ਇਸ ਨਾਲ ਮੈਲ ਉਤਰ ਕੇ ਰੂੰ ਨਾਲ ਲੱਗ ਜਾਵੇਗੀ। 20 ਮਿੰਟ ਤੋਂ ਬਾਅਦ ਠੰਢੇ ਜਾਂ ਕੋਸੇ ਪਾਣੀ ਨਾਲ ਧੋ ਲਉ। ਇਹੀ ਦੁੱਧ ਦਾ ਇਸ਼ਨਾਨ ਹੈ। ਇਸ ਨਾਲ ਚਮੜੀ ਗੋਰੀ ਬਣਦੀ ਹੈ। ਇਸ ਇਸਤੇਮਾਲ ਨੂੰ ਹਰ ਰੋਜ਼ ਕਰਨ ਨਾਲ ਮੁਹਾਸੇ, ਚਿਹਰੇ ਦੀਆਂ ਝੁਰੜੀਆਂ, ਦਾਗ਼, ਧੱਬੇ, ਛਾਈਆਂ ਅਤੇ ਖੁਰਦਰਾਪਨ ਆਦਿ ਨਸ਼ਟ ਹੋ ਕੇ ਮੁੱਖ ਮੰਡਲ ਦੀ ਸੋਭਾ ਤੇ ਚਮਕ ਵਿਚ ਵਾਧਾ ਹੁੰਦਾ ਹੈ ਅਤੇ ਚਮੜੀ ਦਾ ਰੰਗ ਨਿਖ਼ਰਦਾ ਹੈ।
ਕੱਚੇ ਦੁੱਧ ਜਾਂ ਦੁੱਧ ਦੀ ਝੱਗ ਨੂੰ ਸਾਫ਼ ਸੁਥਰੀ ਰੂੰ ਵਿਚ ਲਗਾ ਕੇ ਚਿਹਰੇ 'ਤੇ ਮਲਣ ਅਤੇ 20 ਮਿੰਟ ਬਾਅਦ ਨਿੰਬੂ ਮਸਲਣ ਨਾਲ ਚਿਹਰਾ ਚੀਕਣਾ ਹੋ ਜਾਂਦਾ ਹੈ। ਸਰਦ ਰੁੱਤ ਵਿਚ ਚਮੜੀ ਦੀ ਖ਼ੁਸ਼ਕੀ ਮਿਟਾਉਣ ਲਈ ਕੋਸਾ ਦੁੱਧ ਲੈ ਕੇ ਉਸ ਨੂੰ ਉਨ ਜਾਂ ਰੂੰ ਦੀ ਸਹਾਇਤਾ ਨਾਲ ਚਿਹਰੇ ਅਤੇ ਹੱਥਾਂ 'ਤੇ ਹੌਲੀ-ਹੌਲੀ ਮਲ ਕੇ ਕੁੱਝ ਦੇਰ ਬਾਅਦ ਹਲਕੇ ਗਰਮ ਪਾਣੀ ਨਾਲ ਧੋ ਲੈਣ ਨਾਲ ਵੀ ਚਮੜੀ ਸਾਫ਼ ਤੇ ਕੋਮਲ ਬਣਦੀ ਹੈ। ਇਕ ਚਮਚ ਦੁੱਧ ਦੀ ਠੰਢੀ ਮਲਾਈ ਅਤੇ ਇਕ ਚੁਟਕੀ ਹਲਦੀ ਦਾ ਬਰੀਕ ਚੂਰਨ ਮਿਲਾ ਕੇ ਚਿਹਰੇ 'ਤੇ ਹਰ ਰੋਜ਼ ਮਲਦੇ ਰਹਿਣ ਨਾਲ ਚਿਹਰਾ ਚਮਕਦਾਰ ਬਣਦਾ ਹੈ ਅਤੇ ਸੁੰਦਰਤਾ ਵਿਚ ਵਾਧਾ ਹੁੰਦਾ ਹੈ।