
ਕੋਲਡ ਡਰਿੰਕ ਅਤੇ ਪੈਕਿੰਗ ਵਾਲੇ ਜੂਸ ਬੱਚਿਆਂ ਦੇ ਪੇਟ ਦੀ ਇਨਫੈਕਸ਼ਨ ਵਿਚ ਵਾਧਾ ਕਰਦੇ ਹਨ
Harmful Effects of Cold Drinks: ਚੰਡੀਗੜ੍ਹ: ਗਰਮੀ ਨੇ ਪੂਰਾ ਜ਼ੋਰ ਫੜ ਲਿਆ ਹੈ, ਅਜਿਹੇ ਵਿਚ ਲੋਕ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਕੁੱਝ ਨਾ ਕੁੱਝ ਠੰਢਾ ਦਿੰਦੇ ਰਹਿੰਦੇ ਹਨ ਜਿਵੇਂ ਕੋਲਡ ਡਰਿੰਕ ਅਤੇ ਪੈਕ ਕੀਤਾ ਹੋਇਆ ਜੂਸ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਜੂਸ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹਨ। ਇਸ ਸਬੰਧੀ ਪੀਜੀਆਈ ਦੇ ਗੈਸਟਰੋਲੋਜੀ ਵਿਭਾਗ ਦੀ ਮੁਖੀ ਪ੍ਰੋਫੈਸਰ ਊਸ਼ਾ ਦੱਤਾ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇਨ੍ਹਾਂ ਪੀਣ ਵਾਲੇ ਪਦਾਰਥਾਂ ਦੀ ਆਦਤ ਨਹੀਂ ਪਾਉਣੀ ਚਾਹੀਦੀ।
ਕੋਲਡ ਡਰਿੰਕ ਅਤੇ ਪੈਕਿੰਗ ਵਾਲੇ ਜੂਸ ਬੱਚਿਆਂ ਦੇ ਪੇਟ ਦੀ ਇਨਫੈਕਸ਼ਨ ਵਿਚ ਵਾਧਾ ਕਰਦੇ ਹਨ। ਇਸ ਨਾਲ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਕਈ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਇਹਨਾਂ ਕੋਲਡ ਡਰਿੰਕਸ ਵਿਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਕਿ ਸ਼ੂਗਰ ਦਾ ਵੱਡਾ ਕਾਰਨ ਹੈ।
ਪ੍ਰੋ. ਊਸ਼ਾ ਦੱਤਾ ਨੇ ਦੱਸਿਆ ਕਿ ਇਹਨਾਂ ਨਾਲ ਬੱਚਿਆਂ ਨੂੰ ਬਚਪਨ ਵਿਚ ਹੀ ਮੋਟਾਪਾ ਹੋਣ ਲੱਗ ਜਾਂਦਾ ਹੈ। ਕੋਲਡ ਡਰਿੰਕ 'ਚ ਜ਼ਿਆਦਾ ਮਾਤਰਾ 'ਚ ਚੀਨੀ ਪਾਈ ਜਾਂਦੀ ਹੈ। ਇਸ ਦੇ ਸੇਵਨ ਨਾਲ ਬੱਚਿਆਂ ਦੀ ਕੈਲੋਰੀ ਦੀ ਮਾਤਰਾ ਵਧਣ ਲੱਗਦੀ ਹੈ। ਇਸ ਕਾਰਨ ਬੱਚੇ ਛੋਟੀ ਉਮਰ ਵਿਚ ਹੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕੁਝ ਕੋਲਡ ਡਰਿੰਕਸ 'ਚ ਅਜਿਹੇ ਹਾਨੀਕਾਰਕ ਕੈਮੀਕਲ ਪਾਏ ਜਾਂਦੇ ਹਨ, ਜਿਸ ਕਾਰਨ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।
ਡਾਕਟਰ ਨੇ ਇਹ ਠੰਢੀਆਂ ਚੀਜ਼ਾਂ ਪੀਣ ਦੀ ਦਿੱਤੀ ਸਲਾਹ
ਪ੍ਰੋ. ਊਸ਼ਾ ਨੇ ਦੱਸਿਆ ਕਿ ਅਸੀਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਕੋਲਡ ਡਰਿੰਕਸ ਅਤੇ ਪੈਕਡ ਜੂਸ ਦੀ ਆਦਤ ਪਾਉਂਦੇ ਹਾਂ। ਬਿਹਤਰ ਹੋਵੇਗਾ ਜੇਕਰ ਬੱਚੇ ਕੁਦਰਤੀ ਪੀਣ ਵਾਲੇ ਪਦਾਰਥ ਜਿਵੇਂ ਘਰੇਲੂ ਬਣੇ ਨਿੰਬੂ ਪਾਣੀ, ਲੱਸੀ, ਸੀਂਜਵੀ, ਫਲਾਂ ਦੇ ਰਸ ਅਤੇ ਸ਼ੇਕ ਆਦਿ ਪੀਣ ਦੀ ਆਦਤ ਪਾਉਣ। ਫਲਾਂ ਦੇ ਰਸ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਨਾਲ ਪੇਟ ਦੀ ਇੰਫੈਕਸ਼ਨ ਦਾ ਖਤਰਾ ਘੱਟ ਹੋਵੇਗਾ ਅਤੇ ਇਮਿਊਨਿਟੀ ਵੀ ਵਧੇਗੀ।