
ਪਤੀ-ਪਤਨੀ ਕਿਸੇ ਸਮੱਸਿਆ ਤੋਂ ਪੀੜਤ ਹਨ ਤਾਂ ਦਾਨਕਰਤਾ ਦੇ ਅੰਡੇ ਜਾਂ ਸ਼ੁਕਰਾਣੂ ਵਰਤ ਸਕਣਗੇ
ਨਵੀਂ ਦਿੱਲੀ: ਸੁਪਰੀਮ ਕੋਰਟ ਵਲੋਂ ਸਵਾਲ ਉਠਾਏ ਜਾਣ ਤੋਂ ਬਾਅਦ ਸਰੋਗੇਸੀ ਨਿਯਮਾਂ ’ਚ ਇਕ ਮਹੱਤਵਪੂਰਨ ਸੋਧ ਕੀਤੀ ਗਈ ਹੈ, ਜਿਸ ਤੋਂ ਬਾਅਦ ਜੇਕਰ ਪਤੀ-ਪਤਨੀ ਕਿਸੇ ਡਾਕਟਰੀ ਸਮੱਸਿਆ ਤੋਂ ਪੀੜਤ ਹਨ ਤਾਂ ਉਨ੍ਹਾਂ ਨੂੰ ਦਾਨਕਰਤਾ ਦੇ ਅੰਡੇ ਜਾਂ ਸ਼ੁਕਰਾਣੂ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ।
ਅਦਾਲਤ ਨੇ ਕੇਂਦਰ ਸਰਕਾਰ ਨੂੰ ਪੁਛਿਆ ਸੀ ਕਿ ਉਹ ਇਸ ਸਬੰਧ ’ਚ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਨਿਯਮਾਂ ’ਚ ਸੋਧ ਕੀਤੀ ਹੈ ਜਿਸ ’ਚ ਕਿਹਾ ਗਿਆ ਸੀ ਕਿ ਸਰੋਗੇਸੀ ਰਾਹੀਂ ਬੱਚੇ ਪੈਦਾ ਕਰਨ ਦੀ ਇੱਛਾ ਰੱਖਣ ਵਾਲੇ ਜੋੜਿਆਂ ਨੂੰ ਇੱਛੁਕ ਦਾਨੀ ਜੋੜੇ ਤੋਂ ਅੰਡੇ ਅਤੇ ਸ਼ੁਕਰਾਣੂ ਲੈਣੇ ਚਾਹੀਦੇ ਹਨ।
ਸੁਪਰੀਮ ਕੋਰਟ ਦੇ ਬੈਂਚ ਨੇ ਪਿਛਲੇ ਸਾਲ ਦਸੰਬਰ ’ਚ ਦੋ ਦਰਜਨ ਤੋਂ ਵੱਧ ਪਟੀਸ਼ਨਕਰਤਾਵਾਂ ਨੂੰ ਸਰੋਗੇਸੀ ਰਾਹੀਂ ਮਾਂ ਬਣਨ ਲਈ ਕਿਸੇ ਹੋਰ ਔਰਤ ਦੇ ਅੰਡੇ ਦੀ ਵਰਤੋਂ ਕਰਨ ਦੀ ਇਜਾਜ਼ਤ ਦਿਤੀ ਸੀ। ਜਨਵਰੀ ’ਚ ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁਛਿਆ ਸੀ ਕਿ ਕਈ ਔਰਤਾਂ ਵਲੋਂ ਅਪਣੀਆਂ ਸ਼ਿਕਾਇਤਾਂ ਲੈ ਕੇ ਸੁਪਰੀਮ ਕੋਰਟ ਪਹੁੰਚਣ ਦੇ ਬਾਵਜੂਦ ਉਹ ਕੋਈ ਫੈਸਲਾ ਕਿਉਂ ਨਹੀਂ ਲੈ ਸਕੀ।
ਕੇਂਦਰ ਵਲੋਂ ਪੇਸ਼ ਵਧੀਕ ਸਾਲਿਸਿਟਰ ਜਨਰਲ ਐਸ਼ਵਰਿਆ ਭਾਟੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਰਕਾਰ ਪਿਛਲੇ ਸਾਲ ਸਰੋਗੇਸੀ ਕਾਨੂੰਨ ’ਚ ਲਿਆਂਦੀਆਂ ਗਈਆਂ ਸੋਧਾਂ ’ਤੇ ਮੁੜ ਵਿਚਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 14 ਮਾਰਚ 2023 ਨੂੰ ਸਰੋਗੇਸੀ ਦੇ ਨਿਯਮ 7 ’ਚ ਕੀਤੀ ਗਈ ਸੋਧ ਤੋਂ ਬਾਅਦ ਸੁਪਰੀਮ ਕੋਰਟ ’ਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਨਿਯਮ 7 ਸਰੋਗੇਟ ਮਾਂ ਦੀ ਸਹਿਮਤੀ ਅਤੇ ਸਰੋਗੇਸੀ ਲਈ ਸਹਿਮਤੀ ਅਤੇ ਪਤੀ ਦੇ ਸ਼ੁਕਰਾਣੂ ਨਾਲ ਦਾਨੀ ਦੇ ਆਂਡਿਆਂ ਦੇ ਗਰਭਪਾਤ ਬਾਰੇ ਗੱਲ ਕਰਦਾ ਹੈ।