
ਅਨਾਰ ਵਿਚ ਮਿਲਣ ਵਾਲਾ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਦੂਜੇ ਫਲਾਂ ਦੇ ਜੂਸ ਨਾਲੋਂ ਜ਼ਿਆਦਾ ਹੁੰਦਾ
ਅਨਾਰ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਬਹੁਤ ਹੀ ਪੌਸ਼ਟਿਕ ਫਲ ਹੈ। ਅਨਾਰ ਦਾ ਸਵਾਦ ਜਿੰਨਾ ਲਾਜਵਾਬ ਹੁੰਦਾ ਹੈ, ਸਿਹਤ ਲਈ ਵੀ ਓਨਾ ਹੀ ਫ਼ਾਇਦੇਮੰਦ ਹੁੰਦਾ ਹੈ। ਕਈ ਬੀਮਾਰੀਆਂ ਵਿਚ ਡਾਕਟਰ ਅਨਾਰ ਖਾਣ ਦੀ ਸਲਾਹ ਦਿੰਦੇ ਹਨ। ਅਨਾਰ ਵਿਚ ਵਿਟਾਮਿਨ ਸੀ ਅਤੇ ਵਿਟਾਮਿਨ ਬੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਅਨਾਰ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ, ਫ਼ਾਸਫ਼ੋਰਸ, ਸੇਲੇਨੀਅਮ ਅਤੇ ਜ਼ਿੰਕ ਵੀ ਭਰਪੂਰ ਹੁੰਦਾ ਹੈ ਪਰ ਅਜਿਹਾ ਲਾਭਦਾਇਕ ਅਨਾਰ ਕਈ ਵਾਰ ਸਿਹਤ ਲਈ ਹਾਨੀਕਾਰਕ ਵੀ ਹੁੰਦਾ ਹੈ। ਆਉ ਜਾਣਦੇ ਹਾਂ ਅਨਾਰ ਦੇ ਫ਼ਾਇਦੇ ਅਤੇ ਨੁਕਸਾਨ ਬਾਰੇ:
ਜੇਕਰ ਤੁਹਾਨੂੰ ਐਲਰਜੀ ਦੀ ਸਮੱਸਿਆ ਹੈ ਤਾਂ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਤੁਹਾਡੀ ਸਮੱਸਿਆ ਹੋਰ ਵਧ ਸਕਦੀ ਹੈ। ਅਸਲ ਵਿਚ ਅਨਾਰ ਦਾ ਸੇਵਨ ਕਰਨ ਨਾਲ ਸਰੀਰ ਵਿਚ ਖ਼ੂਨ ਵਧਦਾ ਹੈ। ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਚਮੜੀ ਦੀ ਐਲਰਜੀ ਹੋਣ ’ਤੇ ਅਨਾਰ ਦਾ ਸੇਵਨ ਕਰਦੇ ਹੋ, ਤਾਂ ਤੁਹਾਡੇ ਸਰੀਰ ’ਤੇ ਲਾਲ ਧੱਫੜ ਹੋ ਸਕਦੇ ਹਨ।
ਜਿਹੜੇ ਲੋਕਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਇਸ ਲਈ ਹੈ ਕਿਉਂਕਿ ਅਨਾਰ ਵਿਚ ਕੂਲਿੰਗ ਪ੍ਰਭਾਵ ਹੁੰਦਾ ਹੈ, ਜੋ ਸਾਡੇ ਸਰੀਰ ਵਿਚ ਖ਼ੂਨ ਸੰਚਾਰ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ। ਮਾਹਰਾਂ ਅਨੁਸਾਰ ਲੋਅ ਬਲੱਡ ਪ੍ਰੈਸ਼ਰ ਦੀ ਦਵਾਈ ਲੈਣ ਵਾਲੇ ਲੋਕਾਂ ਨੂੰ ਅਨਾਰ ਦਾ ਸੇਵਨ ਕਰਨ ਨਾਲ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਵਿਚ ਮੌਜੂਦ ਤੱਤ ਦਵਾਈ ਨਾਲ ਪ੍ਰਤੀਕਿਰਿਆ ਕਰ ਸਕਦੇ ਹਨ ਜਿਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।
ਐਸੀਡਿਟੀ ਤੋਂ ਪੀੜਤ ਲੋਕਾਂ ਨੂੰ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਨਾਰ ਦੀ ਠੰਢੀ ਤਸੀਰ ਕਾਰਨ ਭੋਜਨ ਠੀਕ ਤਰ੍ਹਾਂ ਪਚਦਾ ਨਹੀਂ, ਜਿਸ ਕਾਰਨ ਪੇਟ ਵਿਚ ਖਾਣਾ ਸੜਨ ਲੱਗ ਜਾਂਦਾ ਹੈ।
ਅਨਾਰ ਦਾ ਠੰਢਾ ਪ੍ਰਭਾਵ ਹੁੰਦਾ ਹੈ, ਇਸ ਲਈ ਫਲੂ ਤੇ ਖੰਘ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਅਜਿਹੇ ਲੋਕ ਜ਼ਿਆਦਾ ਮਾਤਰਾ ਵਿਚ ਅਨਾਰ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਵੀ ਜ਼ਿਆਦਾ ਰਹਿੰਦਾ ਹੈ।
ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੀ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਨਾਰ ਦਾ ਜ਼ਿਆਦਾ ਸੇਵਨ ਪਾਚਨ ਤੰਤਰ ਨੂੰ ਖ਼ਰਾਬ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਗੈਸ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਅਨਾਰ ਨਹੀਂ ਖਾਣਾ ਚਾਹੀਦਾ ਕਿਉਂਕਿ ਅਨਾਰ ਦੇ ਠੰਢੀ ਤਸੀਰ ਕਾਰਨ ਇਹ ਸਾਡੇ ਸਰੀਰ ਵਿਚ ਠੀਕ ਤਰ੍ਹਾਂ ਪਚਦਾ ਨਹੀਂ।
ਸਵੇਰੇ ਅਨਾਰ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਅਨਾਰ ਵਿਚ ਖੰਡ ਅਤੇ ਵਿਟਾਮਿਨ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ। ਅਜਿਹੇ ਵਿਚ ਅਨਾਰ ਦੇ ਫ਼ਾਇਦੇ ਲੈਣ ਲਈ ਸਵੇਰ ਦੇ ਨਾਸ਼ਤੇ ਵਿਚ ਇਸ ਨੂੰ ਜ਼ਰੂਰ ਸਾਮਲ ਕਰੋ। ਅਨਾਰ ਦਾ ਰਸ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਅੰਮ੍ਰਿਤ ਦਾ ਕੰਮ ਕਰਦਾ ਹੈ। ਸ਼ੂਗਰ ਦੇ ਇਲਾਜ ਵਿਚ ਅਨਾਰ ਦਾ ਜੂਸ ਪੀਣ ਨਾਲ ਇਨਸੁਲਿਨ ਘੱਟ ਹੁੰਦਾ ਹੈ ਅਤੇ ਬਲੱਡ ਸ਼ੂਗਰ ਘੱਟ ਹੁੰਦੀ ਹੈ।
ਅਨਾਰ ਵਿਚ ਮਿਲਣ ਵਾਲਾ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਦੂਜੇ ਫਲਾਂ ਦੇ ਜੂਸ ਨਾਲੋਂ ਜ਼ਿਆਦਾ ਹੁੰਦਾ ਹੈ। ਇਸ ਦੇ ਸੇਵਨ ਨਾਲ ਕੋਸ਼ਿਕਾਵਾਂ ਮਜ਼ਬੂਤ ਹੁੰਦੀਆਂ ਹਨ। ਅਨਾਰ ਦਾ ਜੂਸ ਕੈਂਸਰ ਦੇ ਮਰੀਜ਼ਾਂ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਅਨਾਰ ਦਾ ਜੂਸ ਅੰਤੜੀਆਂ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਹਾਲਾਂਕਿ, ਡਾਇਰੀਆ ਦੇ ਮਰੀਜ਼ਾਂ ਨੂੰ ਅਨਾਰ ਦਾ ਜੂਸ ਨਹੀਂ ਦੇਣਾ ਚਾਹੀਦਾ।