
ਖੰਨਾ/ਦੋਰਾਹਾ, 7 ਨਵੰਬਰ (ਅਵਤਾਰ ਸਿੰਘ ਜੰਟੀ ਮਾਨ/ਅਸ਼ੀਸ਼ ਸੱਚਦੇਵਾ) : ਡੇਂਗੂ ਦਾ ਡੰਕ ਸ਼ਹਿਰ ਦੇ ਕਈ ਘਰਾਂ ਦੇ ਚਿਰਾਗ਼ ਬੁਝਾ ਚੁੱਕਾ ਹੈ। ਪਰ ਡੇਂਗੂ ਦਾ ਕਹਿਰ ਰੂਕਣ ਦਾ ਨਾਮ ਨਹੀਂ ਲੈ ਰਿਹਾ। ਇਸ ਕੜੀ ਤਹਿਤ ਇਕ ਹੋਰ ਬੇਸ਼ਕੀਮਤੀ ਜਾਨ ਡੇਂਗੂ ਦੀ ਲਪੇਟ ਵਿਚ ਆ ਗਈ। ਜਦਕਿ ਸਿਵਲ ਹਸਪਤਾਲ ਅਤੇ ਸਿਹਤ ਵਿਭਾਗ ਵਲੋਂ ਇਸ ਮੌਤ ਦੀ ਹਾਲੇ ਤਕ ਡੇਂਗੂ ਸੰਬਧੀ ਪੁਸ਼ਟੀ ਨਹੀਂ ਕੀਤੀ ਹੈ ਪਰ ਮ੍ਰਿਤਕ ਔਰਤ ਜਿਸ ਦੀ ਪਹਿਚਾਣ ਵੀਨਾ ਰਾਣੀ (53) ਪਤਨੀ ਤਰਸੇਮ ਲਾਲ ਵਾਸੀ ਮਾਤਾ ਰਾਣੀ ਮੁਹੱਲੇ ਦੇ ਰੂਪ ਵਿੱਚ ਹੋਈ ਹੈ, ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੀਨਾ ਰਾਣੀ ਨੂੰ ਬੁਖਾਰ ਹੋਇਆ ਸੀ ਅਤੇ ਪਲੇਟਲੈਟ ਸੈਲ ਘੱਟ ਹੋਣ ਸੰਬਧੀ ਟੈਸਟ ਰਿਪੋਰਟ ਆਈ। ਜਿਸ ਉਪਰੰਤ ਉਸ ਨੂੰ ਲੁਧਿਆਣਾ ਦੇ ਸੀ.ਐਮ.ਸੀ ਵਿਚ ਦਾਖਲ ਕਰਵਾਇਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿਤਾ।
ਇਸੇ ਤਰ੍ਹਾਂ ਸ਼ਹਿਰ 'ਚ ਕੱਲ੍ਹ ਕੁਸਮ ਦੇਵੀ ਡੇਂਗੂ ਦੀ ਚਪੇਟ ਵਿਚ ਆਉਣ ਕਰਕੇ ਮੌਤ ਹੋ ਗਈ। ਪਰਵਾਰ ਦੇ ਸਾਰੇ ਮੈਂਬਰ ਡੇਂਗੂ ਦੀ ਚਪੇਟ ਵਿਚ ਆਉਣ ਕਰਕੇ ਹਸਪਤਾਲ ਵਿਚ ਦਾਖ਼ਲ ਹਨ। ਪੁੱਤਰ ਸੰਦੀਪ ਨੇ ਦੱਸਿਆ ਕਿ ਟੂਟੀਆਂ ਵਿਚ ਗੰਦਾ ਪਾਣੀ ਆਉਣ ਕਰਕੇ ਨਾ ਮੁਰਾਦ ਬੀਮਾਰੀ ਦਾ ਸ਼ਿਕਾਰ ਹੋਏ ਹਾਂ। ਹਰ ਸਾਲ ਵੱਧ ਰਹੀ ਡੇਂਗੂ ਅਤੇ ਸੈੱਲ ਘਟਣ ਦੀ ਬਿਮਾਰੀ ਇਸੇ ਮਹੀਨਿਆਂ ਵਿਚ ਆਉਂਦੀ ਹੈ। ਸਫ਼ਾਈ ਪੱਖੋਂ ਪ੍ਰਸ਼ਾਸਨ ਦੀ ਢਿੱਲ ਹੋਣ ਕਰਕੇ ਸਾਲ ਕੇਸਾਂ ਵਿਚ ਇੰਨਾ ਵਾਧਾ ਹੋਇਆ ਹੈ। ਸਿਰਫ ਇਕ ਦੋ ਵਾਰ ਧੂੰਆਂ ਮਰਵਾਉਣ ਨਾਲ ਜੇ ਹੱਲ ਹੁੰਦਾ ਤਾਂ ਹੁਣ ਤਕ ਹੱਲ ਹੋ ਜਾਂਦਾ। ਸ਼ਹਿਰ ਵਾਸੀ ਆਸ ਕਰਦੇ ਹਨ ਕਿ ਪ੍ਰਸ਼ਾਸਨ ਇਸ ਵੱਲ ਜ਼ਰੂਰ ਧਿਆਨ ਦੇਵੇਗਾ।