
ਨਵੀਂ ਦਿੱਲੀ, 29 ਨਵੰਬਰ: ਦੇਸ਼ 'ਚ ਕਾਫ਼ੀ ਹਰਮਨਪਿਆਰੀ ਮੈਗੀ ਦਾ ਨਾਮ ਇਕ ਵਾਰ ਮੁੜ ਵਿਵਾਦਾਂ 'ਚ ਉਲਝ ਗਿਆ ਹੈ। ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕੋਰਟ ਨੇ ਕੰਜ਼ਿਊਮਰ ਗੁਡਜ਼ ਕੰਪਨੀ ਨੈਸਲੇ ਅਤੇ ਇਸ ਦੇ ਡਿਸਟ੍ਰੀਬਿਊਟਰਜ਼ 'ਤੇ 62 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਮੈਗੀ ਨਿਊਡਲਜ਼ ਦੇ ਸੈਂਪਲ 'ਚ ਐਸ਼ ਕੰਟੈਂਟ ਲੋੜ ਤੋਂ ਜ਼ਿਆਦਾ ਪਾਏ ਜਾਣ 'ਤੇ ਇਹ ਕਾਰਵਾਈ ਕੀਤੀ ਗਈ ਹੈ।2015 'ਚ ਵੀ ਮੈਗੀ ਦੇ 7 ਸੈਂਪਲ ਲਖਨਊ ਲੈਬ 'ਚ ਜਾਂਚ ਲਈ ਭੇਜੇ ਗਏ ਸਨ ਅਤੇ 2016 'ਚ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਏ.ਡੀ.ਐਮ. ਕੋਰਟ 'ਚ 7 ਕੇਸ ਦਰਜ ਕੀਤੇ ਗਏ ਸਨ। ਕੁਲ ਜੁਰਮਾਨੇ 'ਚੋਂ 45 ਲੱਖ ਨੈਸਲੇ ਇੰਡੀਆ ਨੂੰ ਅਦਾ ਕਰਨਗੇ ਪੈਣਗੇ। 15 ਲੱਖ ਡਿਸਟ੍ਰੀਬਿਊਟਰਜ਼ ਅਤੇ 2-2 ਲੱਖ ਰੁਪਏ ਜੁਰਮਾਨਾ ਵਿਕ੍ਰੇਤਾਵਾਂ 'ਤੇ ਵੀ ਲਗਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 2015 'ਚ ਲੇਡ ਦੀ ਮਾਤਰਾ ਜ਼ਿਆਦਾ ਪਾਏ ਜਾਣ ਤੋਂ ਬਾਅਦ ਕਾਫ਼ੀ ਵਿਵਾਦ ਹੋਇਆ ਸੀ ਅਤੇ ਮੈਗੀ ਨੂੰ ਦੇਸ਼ ਭਰ 'ਚ 5 ਮਹੀਨੇ ਲਈ ਬੈਨ ਕੀਤਾ ਗਿਆ ਸੀ। ਹਾਲਾਂ ਕਿ ਨੈਸਲੇ ਇੰਡੀਆ ਦੇ ਬੁਲਾਰੇ ਨੇ ਦਸਿਆ ਕਿ ਅਸੀਂ ਮਜਬੂਤੀ ਨਾਲ ਇਸ ਗੱਲ ਨੂੰ ਦੁਹਰਾਉਂਦੇ ਹਾਂ ਕਿ ਮੈਗੀ ਨਿਊਡਲਜ਼ 100 ਫ਼ੀ ਸਦੀ ਸੁਰਖਿਅਤ ਹਨ। ਸਾਨੂੰ ਆਰਡਰ ਦੀ ਕਾਪੀ ਅਜੇ ਤਕ ਨਹੀਂ ਮਿਲੀ ਹੈ। ਸਾਨੂੰ ਦਸਿਆ ਗਿਆ ਹੈ ਕਿ ਸੈਂਪਲ 2015 ਦੇ ਹਨ ਅਤੇ ਇਨ੍ਹਾਂ ਨਿਊਡਲਜ਼ 'ਚ ਐਸ਼ ਕੰਟੈਂਟ ਪਾਇਆ ਗਿਆ ਹੈ। ਇਹ ਗ਼ਲਤ ਦੋਸ਼ ਲਗਾਉਣ ਦਾ ਮਾਮਲਾ ਮਹਿਸੂਸ ਹੁੰਦਾ ਹੈ। ਆਦੇਸ਼ ਦੀ ਕਾਪੀ ਮਿਲਦਿਆਂ ਹੀ ਅਸੀਂ ਇਸ ਵਿਰੁਧ ਅਪੀਲ ਦਰਜ ਕਰਾਂਗੇ। (ਏਜੰਸੀ)