ਨਸ਼ਾ ਛੁਡਾਇਆ ਜਾ ਸਕਦਾ ਹੈ
Published : Jan 10, 2018, 12:04 am IST
Updated : Jan 9, 2018, 6:34 pm IST
SHARE ARTICLE

ਮਾਲਤੀ ਨੇ ਅਪਣੇ ਪਤੀ ਸੁਨੀਲ ਨੂੰ ਸਵੇਰੇ ਗ਼ੁਸਲਖ਼ਾਨੇ ਵਿਚ ਜਾ ਕੇ ਉਲਟੀ ਕਰਦੇ ਵੇਖਿਆ ਤਾਂ ਘਬਰਾ ਗਈ ਅਤੇ ਉਸ ਨੂੰ ਤੁਰਤ ਹਸਪਤਾਲ ਲੈ ਗਈ। ਉਥੇ ਸਾਰੀ ਜਾਂਚ ਮਗਰੋਂ ਪਤਾ ਲਗਿਆ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਸੁਨੀਲ ਦਾ ਗੁਰਦਾ ਖ਼ਰਾਬ ਹੋ ਗਿਆ ਹੈ। ਸ਼ਰਾਬ ਛੱਡਣ ਅਤੇ 6 ਮਹੀਨੇ ਤਕ ਲਗਾਤਾਰ ਇਲਾਜ ਤੋਂ ਬਾਅਦ ਹੀ ਉਸ ਦੀ ਜਾਨ ਬਚਾਈ ਜਾ ਸਕੀ।ਬਾਬੂ ਹਰਗੋਪਾਲ ਅੱਜ ਫਿਰ ਹੈਰਾਨ ਰਹਿ ਗਏ। ਗ਼ੁਸਲਖ਼ਾਨੇ ਵਿਚ ਰੱਖੀ ਉਨ੍ਹਾਂ ਦੀ ਸੋਨੇ ਦੀ ਅੰਗੂਠੀ ਗ਼ਾਇਬ ਹੋ ਗਈ। ਘਰ ਦੇ ਗਹਿਣੇ ਗ਼ਾਇਬ ਹੋਣ ਦਾ ਇਹ ਤੀਜਾ ਮੌਕਾ ਸੀ। ਉਨ੍ਹਾਂ ਨੇ ਘਰ ਦੇ ਨੌਕਰ ਨੂੰ ਝਿੜਕਿਆ ਅਤੇ ਪੁਲਿਸ ਕੋਲ ਫੜਾਉਣ ਦੀ ਧਮਕੀ ਦਿਤੀ ਤਾਂ ਉਸ ਨੇ ਭੇਤ ਖੋਲ੍ਹਦੇ ਹੋਏ ਕਿਹਾ, ''ਬਾਬੂ ਜੀ, ਤੁਹਾਡਾ ਛੋਟਾ ਲੜਕਾ ਨਸ਼ੇ ਦੀ ਭੈੜੀ ਆਦਤ ਪੂਰੀ ਕਰਨ ਲਈ ਇਹ ਕੰਮ ਕਰਦਾ ਹੈ।'' ਇਹ ਸੁਣ ਕੇ ਬਾਬੂ ਹਰਗੋਪਾਲ ਹੱਕੇ-ਬੱਕੇ ਰਹਿ ਗਏ।ਜਿਸ ਤੇਜ਼ੀ ਨਾਲ ਸਭਿਅਤਾ ਦਾ ਵਿਕਾਸ ਹੋ ਰਿਹਾ ਹੈ ਉਸੇ ਰਫ਼ਤਾਰ ਨਾਲ ਤਰ੍ਹਾਂ ਤਰ੍ਹਾਂ ਦੇ ਨਸ਼ੇ ਦਾ ਰਿਵਾਜ ਵੀ ਵੱਧ ਰਿਹਾ ਹੈ। ਅੱਜ ਦਾ ਭੌਤਿਕ ਅਤੇ ਮਸ਼ੀਨੀ ਜੀਵਨ ਬੰਦੇ ਨੂੰ ਤਣਾਅ ਦਿੰਦਾ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਉਹ ਨਸ਼ਾ ਕਰਦਾ ਹੈ। ਇਸ ਪਿੱਛੇ ਕੁੱਝ ਦੂਜੀਆਂ ਮਾਨਸਿਕਤਾਵਾਂ ਵੀ ਕੰਮ ਕਰਦੀਆਂ ਹਨ। ਆਉ, ਨਸ਼ੇ ਨਾਲ ਜੁੜੀਆਂ ਮਾਨਸਿਕਤਾਵਾਂ ਦਾ ਅਧਿਐਨ ਕਰੀਏ। ਆਮ ਤੌਰ ਤੇ ਅੱਲੜ੍ਹ ਅਤੇ ਨੌਜੁਆਨ ਕੁੱਝ ਨਵੀਆਂ ਚੀਜ਼ਾਂ ਬਾਰੇ ਜਾਣਨ ਦੇ ਇੱਛੁਕ ਹੁੰਦੇ ਹਨ। ਅਜਿਹੇ ਵਿਚ ਜਦੋਂ ਉਨ੍ਹਾਂ ਨੂੰ ਨਵੀਆਂ ਨਵੀਆਂ ਨਸ਼ੀਲੀਆਂ ਚੀਜ਼ਾਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਇਨ੍ਹਾਂ ਦੀ ਇਕ ਵਾਰੀ ਵਰਤੋਂ ਕਰ ਕੇ ਵੇਖਣ ਦੀ ਸੋਚਦੇ ਹਨ। ਫਿਰ ਹੌਲੀ ਹੌਲੀ ਇਹ ਮਾੜਾ ਚਸਕਾ ਮਾੜੀ ਆਦਤ ਬਣ ਜਾਂਦਾ ਹੈ।ਦੋਸਤਾਂ ਦੀ ਦੋਸਤੀ ਦਾ ਵਾਸਤਾ ਦੇ ਕੇ ਦਬਾਅ ਵੀ ਨਸ਼ੀਲੀ ਆਦਤ ਅਪਨਾਉਣ ਲਈ ਕੁੱਝ ਜ਼ਿੰਮੇਵਾਰ ਹੈ। ਉਸ ਵਿਅਕਤੀ ਦੇ ਮਨ ਵਿਚ ਇਹ ਡਰ ਬਣਿਆ ਰਹਿੰਦਾ ਹੈ ਕਿ ਜੇਕਰ ਉਸ ਨੇ ਅਪਣੇ ਦੋਸਤਾਂ ਦੀ ਗੱਲ ਨਾ ਮੰਨੀ ਤਾਂ ਉਸ ਨੂੰ ਮੰਡਲੀ ਤੋਂ ਬਾਹਰ ਕਰ ਦਿਤਾ ਜਾਵੇਗਾ। ਕਈ ਵਾਰ ਬੰਦਾ ਬੋਰੀਅਤ ਖ਼ਤਮ ਕਰਨ ਜਾਂ ਇਕੱਲਾਪਨ ਦੂਰ ਕਰਨ ਲਈ ਵੀ ਨਸ਼ਾ ਸ਼ੁਰੂ ਕਰਦਾ ਹੈ ਜੋ ਬਾਅਦ ਵਿਚ ਉਸ ਲਈ ਇਕ ਜ਼ਰੂਰਤ ਬਣ ਜਾਂਦਾ ਹੈ। ਜਿਹੜੇ ਬੱਚੇ ਨੂੰ ਮਾਂ-ਬਾਪ ਵਲੋਂ ਪੂਰੀ ਦੇਖ-ਰੇਖ ਨਹੀਂ ਮਿਲਦੀ ਜਾਂ ਪਤੀ-ਪਤਨੀ ਦੇ ਆਪਸੀ ਸਬੰਧ ਮਿੱਠੇ ਸੋਹਣੇ ਨਹੀਂ ਹੁੰਦੇ, ਅਜਿਹੇ ਲੋਕਾਂ ਦਾ ਝੁਕਾਅ ਵੀ ਨਸ਼ੇ ਵਲ ਹੁੰਦਾ ਹੈ ਅਤੇ ਅੱਗੇ ਚੱਲ ਕੇ ਇਹ ਨਸ਼ਾ ਜੀਵਨ ਲਈ ਜ਼ਰੂਰੀ ਬਣ ਜਾਂਦਾ ਹੈ। ਵਿਗਿਆਨਕਾਂ ਦਾ ਇਹ ਵੀ ਮੰਨਣਾ ਹੈ ਕਿ ਸਰੀਰ ਦੇ ਜੀਨਜ਼ ਯਾਨੀ ਕਿ ਅਣੂਵੰਸ਼ਿਕ (ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੇ) ਕਾਰਨਾਂ ਕਰ ਕੇ ਵੀ ਬੰਦਾ ਨਸ਼ਾ ਕਰਦਾ ਹੈ। ਪ੍ਰੀਖਿਆ ਜਾਂ ਪਿਆਰ ਵਿਚ ਅਸਫ਼ਲਤਾ, ਲਾਟਰੀ ਵਿਚ ਇਨਾਮ ਨਾ ਆਉਣਾ ਆਦਿ ਅਜਿਹੇ ਕਾਰਨ ਵੀ ਹਨ ਜਿਹੜੇ ਬੰਦੇ ਨੂੰ ਨਸ਼ੇ ਵਲ ਧਕਦੇ ਹਨ। ਇਸ ਦਾ ਅਰਥ ਇਹ ਹੈ ਕਿ ਗ਼ਮ ਖ਼ਤਮ ਕਰਨ ਲਈ ਨਸ਼ਾ ਸਾਧਨ ਬਣਦਾ ਹੈ।ਆਖ਼ਰ ਸਮੱਸਿਆ ਦਾ ਹੱਲ ਕਿਵੇਂ ਹੋਵੇ?: ਸੱਭ ਤੋਂ ਖ਼ਾਸ ਗੱਲ ਹੈ ਨਸ਼ੀਲੇ ਪਦਾਰਥਾਂ ਦੀ ਵਰਤੋਂ/ਸੇਵਨ ਖ਼ਤਮ ਕਰਨਾ। ਇਸ ਨੂੰ ਇਕਦਮ ਤੋਂ ਵੀ ਛਡਿਆ ਜਾ ਸਕਦਾ ਹੈ ਜਾਂ ਫਿਰ ਹੌਲੀ ਹੌਲੀ ਇਸ ਦੀ ਹਰ ਰੋਜ਼ ਦੀ ਖ਼ੁਰਾਕ ਘੱਟ ਕਰ ਕੇ ਵੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਸਾਰੇ ਬੰਦਿਆਂ ਦੀ ਦ੍ਰਿੜ ਇੱਛਾਸ਼ਕਤੀ ਉਤੇ ਨਿਰਭਰ ਕਰਦਾ ਹੈ।ਜਦ ਕੋਈ ਬੰਦਾ ਨਸ਼ੇ ਨੂੰ ਛੱਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸ਼ੁਰੂ ਵਿਚ ਉਸ ਨੂੰ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਉਤੇਜਨਾ, ਚਿੜਚਿੜਾਪਨ, ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਕੰਬਣੀ, ਵੱਧ ਥਕਾਵਟ, ਬੋਰੀਅਤ ਆਦਿ। ਪਰ ਜੇਕਰ ਬੰਦੇ ਵਿਚ ਮਾਨਸਿਕ ਤਾਕਤ ਹੈ ਅਤੇ ਉਹ ਪੱਕਾ ਇਰਾਦਾ ਕਰ ਲਵੇ ਕਿ ਜਿਸ ਨੂੰ ਛੱਡ ਦਿਤਾ ਤਾਂ ਛੱਡ ਦਿਤਾ, ਮੁੜ ਹੱਥ ਨਹੀਂ ਲਾਉਣਾ ਤਾਂ ਕੋਈ ਕਾਰਨ ਨਹੀਂ ਕਿ ਉਸ ਨੂੰ ਨਸ਼ੇ ਦੀ ਲਤ ਤੋਂ ਛੁਟਕਾਰਾ ਨਾ ਮਿਲੇ।ਕੁੱਝ ਦਵਾਈਆਂ ਵੀ ਨਸ਼ਾ ਛੁਡਾਉਣ ਲਈ ਦਿਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ 'ਐਂਟ ਅਬਯੂਜ਼' ਕਹਿੰਦੇ ਹਨ। ਇਨ੍ਹਾਂ ਦੇ ਸੇਵਨ ਤੋਂ ਬਾਅਦ ਜੇਕਰ ਸ਼ਰਾਬ ਵਰਗਾ ਨਸ਼ੀਲਾ ਪਦਾਰਥ ਲਿਆ ਜਾਵੇ ਤਾਂ ਉਲਟੀ, ਬੇਚੈਨੀ, ਜੀਅ ਕੱਚਾ ਹੋਣਾ ਵਰਗੇ ਲੱਛਣ ਉਭਰ ਕੇ ਬੰਦੇ ਦੇ ਦਿਮਾਗ਼ ਉਤੇ ਨਸ਼ੇ ਪ੍ਰਤੀ ਉਦਾਸੀ ਜਾਂ ਮੋਹ ਦਾ ਤਿਆਗ ਪੈਦਾ ਕਰ ਦੇਂਦੇ ਹਨ।ਸਮਾਜ, ਪ੍ਰਵਾਰ ਅਤੇ ਭਿੰਨ ਭਿੰਨ ਸਮਾਜਕ ਜਥੇਬੰਦੀਆਂ ਦਾ ਵੀ ਫ਼ਰਜ਼ ਹੈ ਕਿ ਉਹ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਦੇ ਪ੍ਰਤੀ 'ਪੁਨਰਵਾਸ' ਦੀ ਯੋਜਨਾ ਬਣਾਉਣ। ਅਜਿਹੇ ਵਿਚ ਉਸ ਬੰਦੇ ਦੀ ਜਨਤਕ ਰੂਪ ਤੋਂ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਨਸ਼ਾ ਛੱਡ ਚੁੱਕੇ ਹਨ। ਇਹ ਵੀ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਜਿਹਾ ਵਿਅਕਤੀ ਹੀ ਨਸ਼ੇ ਦੇ ਬੁਰੇ ਅਸਰ ਪ੍ਰਤੀ ਸਮਾਜ ਵਿਚ ਵੱਧ ਚੇਤਨਾ ਪੈਦਾ ਕਰ ਸਕਦਾ ਹੈ।ਜੇਕਰ ਤੁਹਾਡਾ ਬੱਚਾ ਨਸ਼ੇ ਦਾ ਆਦੀ ਹੋ ਚੁੱਕਾ ਹੈ ਤਾਂ ਇਕ ਮਾਪੇ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀ ਉਸ ਨਾਲ ਸਿੱਧੀ ਗੱਲਬਾਤ ਕਰੋ, ਉਸ ਦੇ ਮਨੋਵਿਗਿਆਨ ਨੂੰ ਪਰਖੋ। ਇਸ ਤਰ੍ਹਾਂ ਤੁਹਾਡੇ ਪਿਆਰ ਅਤੇ ਵਿਸ਼ਵਾਸ ਦੇ ਘੇਰੇ ਵਿਚ ਆਉਣ ਤੋਂ ਬਾਅਦ ਉਸ ਨੂੰ ਅਪਣੀ ਨਸ਼ੀਲੀ ਆਦਤ ਉਤੇ ਪਛਤਾਵਾ ਹੋਵੇਗਾ ਜਿਸ ਤੋਂ ਉਹ ਨਸ਼ਾ ਛੱਡਣ ਲਈ ਮਜਬੂਰ ਹੋ ਜਾਵੇਗਾ।ਲੋਕਾਂ ਨੇ ਇਹ ਸੋਚ ਬੇਕਾਰ ਹੀ ਪਾਲੀ ਹੋਈ ਹੈ ਕਿ ਇਕ ਵਾਰ ਨਸ਼ੇ ਦੇ ਚੁੰਗਲ ਵਿਚ ਫੱਸ ਜਾਣ ਤੋਂ ਬਾਅਦ ਬੰਦਾ ਉਸ ਤੋਂ ਬਾਹਰ ਨਿਕਲ ਨਹੀਂ ਸਕਦਾ। ਜੇਕਰ ਗੰਭੀਰਤਾ ਨਾਲ ਕੋਸ਼ਿਸ਼ ਕੀਤੀ ਜਾਵੇ ਤਾਂ ਨਸ਼ਾ ਛੁਡਾਇਆ ਜਾ ਸਕਦਾ ਹੈ। ਪਰ ਲੋੜ ਮਜ਼ਬੂਤ ਇੱਛਾਸ਼ਕਤੀ ਦੀ ਹੈ।

SHARE ARTICLE
Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement