ਸਾਡੇ ਪੁਰਖੇ ਜੋ ਮਿੱਟੀ ਦੇ ਬਣੇ ਹੋਏ ਬਰਤਨ ਵਰਤਦੇ ਰਹੇ ਹਨ ਉਨ੍ਹਾਂ ਵਿਚ ਤੌੜੀ, ਘੜਾ ਜਾਂ ਤੌੜਾ ਵੀ ਕਹਿ ਲੈਂਦੇ ਸਨ
Let's know about the ancient pottery used by our ancestors: ਬਦਲਾਅ ਸਮੇਂ ਦਾ ਨਿਯਮ ਹੈ। ਇਹ ਹਰ ਹਾਲਤ ਹੁੰਦਾ ਹੈ ਅਤੇ ਹੋ ਰਿਹਾ ਹੈ, ਪਰ ਜੋ ਪੁਰਾਤਨ ਸਮੇਂ ਸਾਡੇ ਪੁਰਖਿਆਂ ਨੇ ਹੰਢਾਏ ਹਨ ਉਨ੍ਹਾਂ ’ਤੇ ਨਜ਼ਰਸਾਨੀ ਕਰਨਾ ਵੀ ਅਪਣਾ ਜ਼ਰੂਰੀ ਫ਼ਰਜ਼ ਹੈ। ਇਨ੍ਹਾਂ ਗੱਲਾਂ ਨੂੰ ਅਜੋਕੀ ਪੀੜ੍ਹੀ ਕਹਿ ਲਈਏ ਜਾਂ ਅਗਾਂਹਵਧੂ ਸੋਚ ਦੇ ਧਾਰਨੀ ਪਸੰਦ ਕਰਨ ਜਾਂ ਨਾ ਉਹ ਇਕ ਵਖਰੀ ਗੱਲ ਹੈ, ਹਾਂ ਜੋ ਇਸ ਸਮੇਂ ਸੱਠ ਸਾਲ ਦੀ ਉਮਰ ਭੋਗ ਚੁੱਕੇ ਹਨ ਉਹ ਜ਼ਰੂਰ ਇਸ ਵਿਰਸੇ ਨਾਲ ਸਬੰਧਤ ਲੇਖ ਪੜ੍ਹ ਕੇ ਜ਼ਰੂਰ ਅਪਣੇ ਬਚਪਨ ਵਿਚ ਇਕ ਵਾਰ ਗੇੜਾ ਮਾਰ ਆਉਂਦੇ ਹਨ।
ਸਾਡੇ ਪੁਰਖੇ ਜੋ ਮਿੱਟੀ ਦੇ ਬਣੇ ਹੋਏ ਬਰਤਨ ਵਰਤਦੇ ਰਹੇ ਹਨ ਉਨ੍ਹਾਂ ਵਿਚ ਤੌੜੀ, ਘੜਾ ਜਾਂ ਤੌੜਾ ਵੀ ਕਹਿ ਲੈਂਦੇ ਸਨ। ਕਾੜ੍ਹਨੀ, ਕੂੰਡਾ, ਕੂੰਡੀ, ਮੱਟ, ਕੁੱਜਾ ਕੁੱਜੀ ਆਦਿ ਬਰਤਨ ਹੁੰਦੇ ਸਨ। ਇਹ ਸਾਰੇ ਹੀ ਬਰਤਨ ਉਸ ਸਮੇਂ ਘੁਮਿਆਰ ਬਰਾਦਰੀ ਤੋਂ ਮਿਲ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਇਸ ਭਾਈਚਾਰੇ ਦਾ ਕੰਮ ਵੀ ਬਹੁਤ ਵਧੀਆ ਚਲਦਾ ਸੀ ਤੇ ਵਧੀਆ ਗੁਜ਼ਾਰਾ ਹੋ ਜਾਇਆ ਕਰਦਾ ਸੀ, ਬੇਸ਼ੱਕ ਉਦੋਂ ਪੈਸੇ ਦੀ ਜ਼ਿਆਦਾ ਅਹਿਮੀਅਤ ਨਹੀਂ ਸੀ, ਪਰ ਮਹਿੰਗਾਈ ਵੀ ਸਿਖਰਾਂ ਨੂੰ ਨਹੀਂ ਸੀ ਛੂੰਹਦੀ। ਇਸ ਲਈ ਉਨ੍ਹਾਂ ਸਮਿਆਂ ਨੂੰ ਯਾਦ ਕਰ ਕੇ ਸਾਡੇ ਪੁਰਖੇ ਜੋ ਇਸ ਸਮੇਂ ਸੌ ਸਾਲ ਦੀ ਉਮਰ ਨੂੰ ਢੁੱਕੇ ਹਨ ਉਹ ਮਨ ਭਰ ਆਉਂਦੇ ਹਨ। ਇਹ ਸੱਭ ਗੱਲਾਂ ਦਾਸ ਨੇ ਖ਼ੁਦ ਅੱਖੀਂ ਵੇਖੀਆਂ ਹਨ।
ਜੇਕਰ ਇਨ੍ਹਾਂ ਬਰਤਨਾਂ ਦੀ ਬਣਤਰ ਬਾਰੇ ਗੱਲ ਕਰੀਏ ਤਾਂ ਇਨ੍ਹਾਂ ਉਪਰੋਕਤ ਲਿਖੇ ਬਰਤਨਾਂ ਵਿਚੋਂ ਸੱਭ ਤੋਂ ਵੱਡਾ ਆਕਾਰ ਮੱਟ ਦਾ ਹੀ ਹੁੰਦਾ ਸੀ। ਇਸ ਵਿਚ ਦੋ ਤਿੰਨ ਘੜੇ ਪਾਣੀ ਪੈ ਜਾਂਦਾ ਸੀ ਤੇ ਇਸ ਮੱਟ, ਘੜੇ ਦਾ ਪਾਣੀ ਹੀ ਪੀਤਾ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਫ਼ਰਿਜ਼ ਵਰਗੇ ਯੰਤਰ ਹਾਲੇ ਆਏ ਹੀ ਨਹੀਂ ਸਨ ਅਤੇ ਅੱਜ ਵੀ ਡਾਕਟਰ ਸਾਹਿਬ ਘੜੇ ਦੇ ਪਾਣੀ ਪੀਣ ਲਈ ਹੀ ਸਲਾਹ ਦਿੰਦੇ ਹਨ। (ਮੱਟ ਨੂੰ ਉਸ ਥਾਂ ਤੇ ਰਖਿਆ ਜਾਂਦਾ ਸੀ ਜਿਥੇ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਸੀ ਭਾਵ ਛਬੀਲ ਤੇ ਜਾਂ ਕਿਸੇ ਸਾਂਝੇ ਥਾਵਾਂ ਤੇ ਜਿਥੋਂ ਹਰ ਆਉਣ ਜਾਣ ਵਾਲੇ ਰਾਹੀ ਪਾਣੀ ਪੀਆ ਕਰਦੇ ਸਨ)।
ਇਨ੍ਹਾਂ ਮਿੱਟੀ ਦੇ ਬਣੇ ਬਰਤਨਾਂ ਵਿਚੋਂ ਸਰੀਰ ਨੂੰ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਘੜਾ ਇਸ ਦੇ ਆਕਾਰ ਤੋਂ ਥੋੜ੍ਹਾ ਛੋਟਾ ਹੁੰਦਾ ਸੀ। ਮੈਨੂੰ ਅੱਜ ਵੀ ਯਾਦ ਹੈ ਸਾਡੇ ਪਿੰਡ ਵਿਚ ਵਹਿੰਗੀ ਤੇ ਦੋਵੇਂ ਪਾਸੇ ਦੋ ਦੋ ਘੜੇ ਪਾਣੀ ਦੇ ਭਰੇ ਰੱਖ ਕੇ ਮਹਿਰੇ ਜਾਤੀ ਦਾ ਇਕ ਵੀਰ ਘਰ ਘਰ ਪਾਣੀ ਪਾ ਕੇ ਜਾਂਦਾ ਸੀ ਕਿਉਂਕਿ ਫਿਰਨੀ ਅੰਦਰ ਭਾਵ ਪਿੰਡ ਵਿਚ ਲੱਗੇ ਨਲਕਿਆਂ ਦਾ ਪਾਣੀ ਖਾਰਾ ਹੁੰਦਾ ਸੀ ਤੇ ਬਾਹਰ ਬਿਲਕੁਲ ਨੇੜੇ ਭਾਵ ਨਿਆਈਂ ਵਿਚ ਸਾਡਾ ਭਾਵ ਪੰਡਤਾਂ ਦੇ ਖੂਹ ਦਾ ਪਾਣੀ ਬਹੁਤ ਮਿੱਠਾ ਸੀ ਜਿਥੋਂ ਸਾਰਾ ਪਿੰਡ ਹੀ ਪਾਣੀ ਭਰਿਆ ਕਰਦਾ ਸੀ।
ਇਸੇ ਤਰ੍ਹਾਂ ਕਾੜ੍ਹਨੀ ਵਿਚ ਦੁੱਧ ਨੂੰ ਕੜ੍ਹਨ ਲਈ ਹਾਰੇ ਜਾਂ ਹਾਰੀ ਵਿਚ ਰਖਿਆ ਜਾਂਦਾ ਸੀ। ਇਸ ਦਾ ਆਕਾਰ ਵੀ ਘੜੇ ਤੋਂ ਥੋੜ੍ਹਾ ਜਿਹਾ ਘੱਟ ਹੁੰਦਾ ਸੀ ਤੇ ਘੁਮਿਆਰ ਇਸ ਨੂੰ ਘੜੇ ਤੋਂ ਥੋੜ੍ਹਾ ਜਿਹਾ ਭਾਰੀ ਬਣਾਉਂਦਾ ਸੀ ਕਿਉਂਕਿ ਇਸ ਨੇ ਸਦਾ ਹੀ ਅੱਗ ਉਪਰ ਟਿਕਣਾ ਹੁੰਦਾ ਸੀ। ਤੌੜੀ ਵਿਚ ਵੀ ਸਾਗ ਧਰਿਆ ਜਾਂਦਾ ਸੀ। ਇਸ ਦਾ ਆਕਾਰ ਵੀ ਦੋ ਤਿੰਨ ਕਿਸਮਾਂ ਦਾ ਹੁੰਦਾ ਸੀ। ਪ੍ਰਵਾਰ ਮੁਤਾਬਕ ਇਹ ਵੀ ਘੁਮਿਆਰ ਤੋਂ ਉਦੋਂ ਲੈ ਲਈ ਜਾਂਦੀ ਸੀ ਤੇ ਇਸ ਨੂੰ ਵੀ ਥੋੜ੍ਹੀ ਜਿਹੀ ਜ਼ਿਆਦਾ ਭਾਰੀ ਮਿੱਟੀ ਲਾ ਕੇ ਬਣਾਇਆ ਜਾਂਦਾ ਸੀ। ਇਸ ਦੀ ਬਣਤਰ ਵੀ ਘੜੇ ਵਰਗੀ ਹੀ ਹੁੰਦੀ। ਆਕਾਰ ਬੇਸ਼ੱਕ ਛੋਟਾ ਹੁੰਦਾ ਸੀ ਪਰ ਮਿੱਟੀ ਥੋੜ੍ਹੀ ਜਿਹੀ ਸਖ਼ਤ ਤੇ ਸਾਈਜ਼ ਵਿਚ ਮੋਟੀ ਬਣਾਈ ਹੁੰਦੀ ਸੀ।
ਇਸ ਤੋਂ ਇਲਾਵਾ ਕੁੱਜਾ ਕੁੱਜੀ ਵੀ ਦੋ ਤਰ੍ਹਾਂ ਦੇ ਆਕਾਰ ਦੇ ਬਰਤਨ ਸਨ ਜਿਸ ਨੂੰ ਵੱਡੇ ਛੋਟੇ ਪ੍ਰਵਾਰ ਦੇ ਹਿਸਾਬ ਨਾਲ ਲੈ ਲਿਆ ਜਾਂਦਾ ਸੀ ਤੇ ਇਸ ਵਿਚ ਦਹੀਂ ਜਮਾਈ ਜਾਂਦੀ ਸੀ। ਉਨ੍ਹਾਂ ਸਮਿਆਂ ਵਿਚ ਹਰ ਘਰ ਵਿਚ ਲਵੇਰਾ ਰੱਖਣ ਦਾ ਰਿਵਾਜ ਸੀ ਤੇ ਆਮ ਤੌਰ ’ਤੇ ਇਹ ਕਹਾਵਤ ਵੀ ਮਸ਼ਹੂਰ ਸੀ ਕਿ ਜੀਹਨੇ ਦੁੱਧ ਵੇਚਿਆ ਉਸ ਨੇ ਸਮਝੋ ਪੁੱਤ ਵੇਚ ਦਿਤਾ। ਭਾਵ ਦੁੱਧ ਵੇਚਣ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਕੁੰਡਾ ਕੁੰਡੀ ਵੀ ਚਟਣੀ ਰਗੜਨ ਲਈ ਮਿੱਟੀ ਦੇ ਬਣੇ ਬਰਤਨ ਸਨ ਤੇ ਵੱਡੇ ਛੋਟੇ ਆਕਾਰ ਦੇ ਹੁੰਦੇ ਸਨ ਤੇ ਪ੍ਰਵਾਰਾਂ ਅਨੁਸਾਰ ਹੀ ਲੈ ਲਏ ਜਾਂਦੇ ਰਹੇ ਹਨ।
ਇਸ ਤੋਂ ਬਿਨਾਂ ਵੀ ਹੋਰ ਕਈ ਬਰਤਨ ਵੀ ਮਿੱਟੀ ਦੇ ਬਣੇ ਹੁੰਦੇ ਸਨ ਜਿਵੇਂ ਝਾਵੇਂ ਤੇ ਕਾੜ੍ਹਨੀ ਨੂੰ ਢਕਣ ਵਾਲਾ ਬਰਤਨ ਭਾਵ ਢੱਕਣ ਕਹਿ ਲਈਏ। ਉਸ ਵਿਚ ਮੋਰੀਆਂ ਰੱਖੀਆਂ ਜਾਂਦੀਆਂ ਸਨ ਤਾਕਿ ਹਵਾ ਕਰਾਸ ਕਰਦੀ ਰਹੇ। ਅੱਜਕਲ ਇਨ੍ਹਾਂ ਵਿਚੋਂ ਕੁੱਝ ਕੁ ਨੂੰ ਛੱਡ ਕੇ ਬਾਕੀ ਸਾਰੇ ਬਰਤਨ ਅਲੋਪ ਹੋ ਚੁੱਕੇ ਹਨ ਕਿਉਂਕਿ ਅਗਾਂਹਵਧੂ ਤੇ ਪੈਸੇ ਵਾਲਾ ਜ਼ਮਾਨਾ ਆ ਚੁੱਕਾ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਜੇਕਰ ਇਹ ਉਪਰੋਕਤ ਮਿੱਟੀ ਦੇ ਬਰਤਨਾਂ ਨੂੰ ਵਰਤਣਾ ਛੱਡ ਦਿਤਾ ਹੈ ਤਾਂ ਬੀਮਾਰੀਆਂ ਨੇ ਵੀ ਘਰ ਘਰ ਡੇਰਾ ਲਾਇਆ ਹੋਇਆ ਹੈ।
ਹੁਣ ਅਸੀਂ ਘਰਾਂ ਵਿਚੋਂ ਕੋਠੀਆਂ ਵਿਚ ਆ ਗਏ ਹਾਂ ਤੇ ਇਹੋ ਜਿਹੇ ਬਰਤਨਾਂ ਨੂੰ ਘਰਾਂ ਵਿਚ ਰਖਣਾ ਅਪਣੀ ਤੌਹੀਨ ਸਮਝਦੇ ਹਾਂ ਪਰ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ। ਕੋਈ ਵਿਰਲਾ ਟਾਵਾਂ ਘਰ ਅੱਜ ਵੀ ਅਜਿਹਾ ਹੈ ਜਿਨ੍ਹਾਂ ਨੇ ਇਹ ਸੱਭ ਅਪਣਾਇਆ ਹੋਇਆ ਹੈ ਤੇ ਨਿਰਸੰਦੇਹ ਉਸ ਘਰ ਵਿਚ ਬੀਮਾਰੀਆਂ ਦਾ ਵਾਸਾ ਵੀ ਨਹੀਂ ਹੋਵੇਗਾ। ਇਹ ਮੈਨੂੰ ਪੱਕਾ ਯਕੀਨ ਹੈ। ਹੁਣ ਵੀ ਬਹੁਤ ਸਾਰੇ ਡਾਕਟਰ ਸਾਹਿਬ ਮਿੱਟੀ ਦੇ ਬਰਤਨਾਂ ਵਿਚੋਂ ਪਾਣੀ ਪੀਣ ਲਈ ਆਮ ਹੀ ਕਹਿੰਦੇ ਹਨ। ਪਰ ਅਸੀਂ ਆਖੇ ਕਿਨਾਂ ਕੁ ਲਗਦੇ ਹਾਂ ਇਹ ਆਪਾਂ ਸੱਭ ਜਾਣਦੇ ਹਾਂ। ਹੁਣ ਤਾਂ ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ ਬਣ ਚੁੱਕੇ ਹਨ। ਕਿਨਾਂ ਚੰਗਾ ਹੋਵੇ ਜੇਕਰ ਅਸੀਂ ਉਪਰੋਕਤ ਗੱਲਾਂ ਵਿਚੋਂ ਕੁੱਝ ਕੁ ਨੂੰ ਹੀ ਅਪਣਾ ਲਈਏ?
-ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
95691-49556