
ਸਰ੍ਹੋਂ ਦੇ ਬੀਜਾਂ ਨਾਲ ਮਿਲਾਓ ਇਹ ਚੀਜ਼ਾਂ, ਫ਼ਾਇਦੇ ਦੇਖ ਹੋ ਜਾਓਗੇ ਹੈਰਾਨ
ਚੰਡੀਗੜ੍ਹ: ਸਰਦੀਆਂ ਵਿਚ ਚਮੜੀ ਬਹੁਤ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ। ਇਸ ਨੂੰ ਚਮਕਦਾਰ ਬਣਾਉਣ ਲਈ ਲੋਕ ਕਈ ਤਰ੍ਹਾਂ ਦੇ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਜਿਸ ਲਈ ਬਹੁਤ ਸਾਰਾ ਪੈਸਾ ਅਤੇ ਸਮਾਂ ਬਰਬਾਦ ਹੁੰਦਾ ਹੈ ਅਤੇ ਨਤੀਜੇ ਵੀ ਮਨਚਾਹੇ ਨਹੀਂ ਹੁੰਦੇ। ਕੀ ਤੁਸੀਂ ਜਾਂਦੇ ਹੋ ਕਿ ਅਸੀਂ ਆਪਣੀ ਰਸੋਈ ਵਿਚ ਮੌਜੂਦ ਕਈ ਚੀਜ਼ਾਂ ਦੀ ਵਰਤੋਂ ਕਰ ਕੇ ਆਪਣੀ ਚਮੜੀ ਨੂੰ ਖ਼ੂਬਸੂਰਤ ਅਤੇ ਚਮਕਦਾਰ ਬਣਾ ਸਕਦੇ ਹਾਂ, ਆਓ ਜਾਂਦੇ ਹਾਂ ਇਨ੍ਹਾਂ ਬਾਰੇ:
ਮੁਲਾਇਮ ਚਮੜੀ ਲਈ ਲਾਭਦਾਇਕ ਸਰ੍ਹੋਂ
ਸਰ੍ਹੋਂ ਦੀ ਵਰਤੋਂ ਸਾਲਾਂ ਤੋਂ ਉਬਟਨ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਨਾਲ ਚਮੜੀ ਨਰਮ ਅਤੇ ਮੁਲਾਇਮ ਬਣੀ ਰਹਿੰਦੀ ਹੈ। ਸਰ੍ਹੋਂ ਦੇ ਦਾਣਿਆਂ ਤੋਂ ਬਣਿਆ ਫੇਸ ਪੈਕ ਚਮੜੀ ਨੂੰ ਦਾਗ਼ ਰਹਿਤ ਅਤੇ ਟੈਨ ਮੁਕਤ ਬਣਾਉਣ ਵਿਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ।
ਸਰ੍ਹੋਂ ਦੇ ਬੀਜ ਅਤੇ ਨਿੰਬੂ ਦੇ ਰਸ ਨਾਲ ਬਣਾਓ ਫੇਸ ਪੈਕ
ਫੇਸ ਪੈਕ ਬਣਾਉਣ ਲਈ ਤੁਸੀਂ ਸਰ੍ਹੋਂ ਦੇ ਬੀਜ ਅਤੇ ਨਿੰਬੂ ਦੇ ਰਸ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਸਰ੍ਹੋਂ ਨੂੰ ਪੀਸ ਕੇ ਬਰੀਕ ਪਾਊਡਰ ਬਣਾ ਲਓ। ਇਸ ਤੋਂ ਬਾਅਦ ਇਸ ਪਾਊਡਰ 'ਚ ਇਕ ਚੱਮਚ ਨਿੰਬੂ ਦਾ ਰਸ ਮਿਲਾ ਲਓ। ਇਸ ਪੇਸਟ ਨੂੰ ਮੁਲਾਇਮ ਬਣਾਉਣ ਲਈ ਇਸ ਵਿਚ ਕੁਝ ਚੱਮਚ ਪਾਣੀ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਫਿਰ ਵੀਹ ਮਿੰਟ ਲਈ ਛੱਡ ਦਿਓ। ਫਿਰ ਇਸ ਪੇਸਟ ਨੂੰ ਪਾਣੀ ਨਾਲ ਸਾਫ਼ ਕਰ ਲਓ।
ਸਰ੍ਹੋਂ ਦੇ ਬੀਜ ਅਤੇ ਵੇਸਣ ਦਾ ਫੇਸ ਪੈਕ
ਸਰ੍ਹੋਂ ਦੇ ਬੀਜਾਂ ਅਤੇ ਵੇਸਣ ਦਾ ਫੇਸ ਪੈਕ ਬਣਾਉਣ ਲਈ ਦੋ ਤੋਂ ਤਿੰਨ ਚੱਮਚ ਸਰ੍ਹੋਂ ਦੇ ਦਾਣਿਆਂ ਨੂੰ ਪੀਸ ਕੇ ਬਰੀਕ ਪਾਊਡਰ ਬਣਾ ਲਓ। ਇਸ 'ਚ ਦੋ ਚੱਮਚ ਵੇਸਣ ਅਤੇ ਦੋ ਚੱਮਚ ਦੁੱਧ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। ਤਿਆਰ ਹੋਈ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਪੰਦਰਾਂ ਮਿੰਟ ਤੱਕ ਇਸ ਤਰ੍ਹਾਂ ਹੀ ਰਹਿਣ ਦਿਓ, ਇਸ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਇਹ ਇੱਕ ਤਰ੍ਹਾਂ ਨਾਲ ਸਕਰੱਬ ਦਾ ਕੰਮ ਕਰੇਗਾ ਅਤੇ ਚਮੜੀ ਨੂੰ ਸਾਫ ਰੱਖਣ ਵਿਚ ਮਦਦ ਕਰੇਗਾ।
ਸਰ੍ਹੋਂ ਦੇ ਬੀਜ ਅਤੇ ਦਹੀਂ ਦਾ ਫੇਸ ਪੈਕ
ਸਰ੍ਹੋਂ ਦੇ ਦਾਣਿਆਂ ਅਤੇ ਦਹੀਂ ਦਾ ਫੇਸ ਪੈਕ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਹ ਚਿਹਰੇ 'ਤੇ ਜੰਮੀ ਮੈਲ ਅਤੇ ਟੈਨ ਦੂਰ ਕਰਨ ਵਿਚ ਸਹਾਈ ਹੁੰਦਾ ਹੈ। ਇਸ ਨੂੰ ਬਣਾਉਣ ਲਈ ਤਿੰਨ ਚੱਮਚ ਸਰ੍ਹੋਂ ਦੇ ਦਾਣੇ ਲਓ ਅਤੇ ਇਸ ਨੂੰ ਬਾਰੀਕ ਪੀਸ ਕੇ ਪਾਊਡਰ ਬਣਾ ਲਓ। ਇਸ 'ਚ ਇਕ ਚੱਮਚ ਦਹੀਂ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਪੇਸਟ ਨੂੰ ਉਦੋਂ ਤੱਕ ਲੱਗਾ ਰਹਿਣ ਦਿਓ ਜਦੋਂ ਤੱਕ ਇਹ ਥੋੜ੍ਹਾ ਸੁੱਕ ਨਾ ਜਾਵੇ, ਇਸ ਤੋਂ ਬਾਅਦ ਇਸ ਨੂੰ ਚਿਹਰੇ 'ਤੇ ਰਗੜੋ ਅਤੇ ਪੰਜ ਮਿੰਟ ਬਾਅਦ ਪਾਣੀ ਨਾਲ ਚਿਹਰਾ ਧੋ ਲਓ।