
ਲੜਕੇ ਦੀ ਭੈਣ ਵਲੋਂ ਭਰਾ ਦੇ ਸਿਰ ’ਤੇ ਸਿਹਰਾਬੰਦੀ ਤੇ ਕਲਗੀ ਦੀ ਰਸਮ ਪੂਰੀ ਕੀਤੀ ਜਾਂਦੀ ਹੈ।
Culture: ਪੰਜਾਬੀ ਵਿਆਹ ਵਿਚ ਇਕ ਬਹੁਤ ਵਿਸਤ੍ਰਿਤ ਅਤੇ ਜਟਿਲ ਪ੍ਰਕਿਰਿਆ ਹੈ। ਰੋਕੇ, ਠਾਕੇ ਤੋਂ ਲੈ ਕੇ ਕੁੜੀ ਨੂੰ ਚੌਕੇ ਚੜ੍ਹਾਉਣ ਤਕ ਚਲਦੀ ਰਹਿੰਦੀ ਹੈ। ਇਸ ਦੌਰਾਨ ਛੋਟੀਆਂ, ਵੱਡੀਆਂ ਰਸਮਾਂ ਚਲਦੀਆਂ ਰਹਿੰਦੀਆਂ ਹਨ। ਮੁੱਖ ਤੌਰ ’ਤੇ ਵਰ ਦੀ ਚੋਣ, ਵੇਖ ਵਿਖਾਵਾ, ਰੋਕਾਂ, ਠਾਕਾ ਸ਼ਗਨ, ਚੂੜੀਆਂ ਆਦਿ ਦੀ ਰਸਮ। ਇਥੇ ਮੈਂ ਹੁਣ ਸਿਹਰਾ ਬੰਦੀ ਦੀ ਗੱਲ ਕਰ ਰਿਹਾ ਹਾਂ। ਸਿਹਰੇ ਬਣਾਈ ਦੀ ਰਸਮ ਅਹਿਮ ਹੁੰਦੀ ਹੈ। ਲੜਕੇ ਦੀ ਭੈਣ ਵਲੋਂ ਭਰਾ ਦੇ ਸਿਰ ’ਤੇ ਸਿਹਰਾਬੰਦੀ ਤੇ ਕਲਗੀ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਗੁੱਟ ਤੇ ਸ਼ਗਨਾਂ ਦੀ ਪਹੁੰਚੀ ਬੰਨ੍ਹੀ ਜਾਂਦੀ ਹੈ ਅਤੇ ਭਾਬੀਆਂ ਵਲੋਂ ਸੁਰਮਾ ਪਾਇਆ ਜਾਂਦਾ ਹੈ। ਨਾਲ ਨਾਲ ਸ਼ਗਨਾਂ ਦੇ ਗੀਤ ਗਾਏ ਜਾਂਦੇ ਹਨ। ਬਦਲੇ ਵਿਚ ਲਾੜੇ ਵਲੋਂ ਭੈਣਾਂ ਭਾਬੀਆਂ ਨੂੰ ਸ਼ਗਨ ਦਿਤਾ ਜਾਂਦਾ ਹੈ।
ਸਿਹਰਾ ਬੰਨ੍ਹ ਮੇਰਿਆ ਵੀਰਾ ਕਲਗੀ ਲਾਵਾਂ ਮੈਂ ਖੜੀ ਵੇ ਖੜੀ।
ਬਰਾਤ ਚੜ੍ਹਨ ਵੇਲੇ ਲਾੜੇ ਤੇ ਸਰਬਾਲੇ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਭੈਣ, ਭਰਜਾਈਆਂ ਵਲੋਂ ਗੀਤ ਵੀ ਗਾਏ ਜਾਂਦੇ ਹਨ।
ਜਿੰਨੀਂ ਰਾਹੀਂ ਮੇਰਾ ਵੀਰ ਜੰਨ ਚੜਿ੍ਹਆ,
ਉਨ੍ਹਾਂ ਰਾਹਾਂ ਦਾ ਰਾ ਖੰਡ ਬਣਿਆ,
ਵੇ ਲਾਹੌਰੋਂ ਮਾਲਣ ਆਈ ਵੀਰਾ,
ਤੇਰਾ ਸਿਹਰਾ ਗੁੰਦ ਲਿਆਈ ਵੀਰਾ।
ਮੈ ਇਥੇ ਹੁਣ ਗੱਲ ਸਿਹਰਾ ਪੜ੍ਹਨ ਦੀ ਕਰ ਰਿਹਾ ਹਾਂ। ਸਿਹਰਾ ਪੜ੍ਹਨਾ ਵਿਆਹ ਵਿਚ ਵਿਆਂਧੜ ਮੁੰਡੇ ਤੇ ਉਸ ਦੇ ਪ੍ਰਵਾਰ ਦੀ ਤਾਰੀਫ਼ ਵਿਚ ਪੜ੍ਹੇ ਜਾਣ ਵਾਲੀ ਕਾਵਿ ਰਚਨਾ ਦੀ ਰਸਮ ਨੂੰ ਕਿਹਾ ਜਾਂਦਾ ਸੀ ਜਿਸ ਵਿਚ ਲਾੜੇ ਨੂੰ ਸਿਖਿਆ ਦੇਣ ਦੇ ਨਾਲ-ਨਾਲ ਉਸ ਦੇ ਪ੍ਰਵਾਰ, ਖ਼ਾਨਦਾਨ ਅਤੇ ਰਿਸ਼ਤੇਦਾਰਾਂ ਦੀਆਂ ਖ਼ੂਬੀਆਂ ਨੂੰ ਸਾਇਰਨਾਂ ਅੰਦਾਜ਼ ਵਿਚ ਨੌਜਵਾਨ ਬਰਾਤੀ ਰਾਹੀਂ ਜਾਂ ਪੇਸ਼ੇਵਰ ਲਿਖਾਰੀ ਵਲੋਂ ਪੇਸ਼ ਕੀਤਾ ਜਾਂਦਾ ਸੀ। ਸਿਹਰਾ ਪੜ੍ਹਨ ਵਾਲੇ ਨੌਜਵਾਨ ਨੂੰ ਮੁੰਡੇ ਲਾੜੇ ਦਾ ਪਿਉ ਤੇ ਬਰਾਤੀ ਉਸ ਦੀ ਹੌਂਸਲਾ ਅਫ਼ਜ਼ਾਈ ਵਾਸਤੇ ਪੈਸੇ ਦਿੰਦੇ ਸਨ।
ਸਿਹਰਾ ਫੇਰਿਆਂ ਤੋਂ ਬਾਅਦ ਪੜਿ੍ਹਆ ਜਾਂਦਾ ਸੀ। ਸਿਹਰਾ ਛੁਪਾਇਆ ਜਾਂਦਾ ਸੀ। ਸਿਹਰਾ ਪੜ੍ਹਨ ਤੋਂ ਬਾਅਦ ਸਿਹਰੇ ਦੀਆਂ ਕਾਪੀਆਂ ਬਰਾਤੀਆਂ ਵਿਚ ਵੰਡ ਦਿਤੀਆਂ ਜਾਂਦੀਆਂ ਸਨ। ਸਿਹਰੇ ਦੇ ਸ਼ੁਰੂ ਵਿਚ ਮਾਂ ਪਿਉ ਦੀ ਸਿਫ਼ਤ, ਭੂਆ, ਫੁਫੜ, ਮਾਸੀ ਮਾਸੜ, ਮਾਮਾ ਮਾਮੀ, ਭੈਣਾਂ, ਭਰਾ, ਜੀਜੇ, ਭਰਜਾਈਆਂ, ਬਰਾਤੀਆਂ ਆਦਿ ਦਾ ਅਹਿਮ ਜ਼ਿਕਰ ਕੀਤਾ ਜਾਂਦਾ ਸੀ। ਸਿਹਰਾ ਚੁੰਮ ਕੇ ਕਿਹਾ ਬਰਾਤੀਆਂ ਨੇ ਡਿੱਠਾ ਨਹੀਂ ਸਿਹਰਾ ਜਹਾਨ ਉਤੇ, ਸਿਹਰਾ ਬੋਲਣ ਵਾਲਾ ਅਖ਼ੀਰ ਵਿਚ ਲਾੜੇ ਨੂੰ ਸਿਖਿਆ ਸ਼ਾਇਰਾਨਾ ਅੰਦਾਜ਼ ਵਿਚ ਦਿੰਦਾ ਸੀ।
ਮੈਂ ਅਪਣੇ ਦੋਸਤ ਪ੍ਰੀਤਮ ਦੇ ਵਿਆਹ ਤੇ ਕਰੀਬ ਪੰਜਾਹ ਸਾਲ ਪਹਿਲਾ ਦਸਾਂ ਗੁਰੂਆਂ ਦੀ ਓਟ ਲੈ ਕੇ ਉਸ ਦੇ ਰਿਸ਼ਤੇਦਾਰਾਂ ਦੀਆਂ ਖ਼ੂਬੀਆਂ ਨੂੰ ਪੜ੍ਹ ਸਿਹਰਾ ਪੜਿ੍ਹਆ ਸੀ ਜਿਸ ਦੀਆਂ ਚੰਦ ਲਾਈਨਾਂ ਅਜੇ ਵੀ ਮੈਨੂੰ ਯਾਦ ਹਨ ਜਿਸ ਦਾ ਜ਼ਿਕਰ ਮੈਂ ਕਰ ਰਿਹਾ ਹਾਂ। ਇਹ ਸੁਭਾਗ ਸਿਹਰਾ ਪ੍ਰੀਤਮ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਤੁੜ ਦੇ ਸ਼ੁਭ ਅਨੰਦ-ਕਾਰਜ ਸਮੇ ਸਮੂਹ ਪ੍ਰਵਾਰ ਵਲੋਂ ਪ੍ਰੇਮ ਭੇਟ ਕੀਤਾ ਗਿਆ।
ਗੁਰੂ ਨਾਨਕ ਦੇਵ ਤੋਂ ਸਿਦਕ ਦੀ ਸੂਈ ਮੰਗੀ
ਅੰਗਦ ਦੇਵ ਤੋਂ ਸਿੱਖੀ ਪਿਆਰ ਮੰਗਿਆ,
ਧਾਗਾ ਲਿਆ ਸੱਤ ਦਾ ਅਮਰਦਾਸ ਜੀ ਤੋਂ,
ਰਾਮਦਾਸ ਤੇ ਨਾਮ ਆਧਾਰ ਮੰਗਿਆ,
ਪੰਚਮ ਪਿਤਾ ਸੰਤੋਖ ਦੇ ਫਲ ਦਿਤੇ,
ਹਰਗੋਬਿੰਦ ਜੀ ਤੋਂ ਸ਼ਰਧਾ ਦਾ ਹਾਰ ਮੰਗਿਆ,
ਹਰਰਾਇ ਤੋਂ ਰਹਿਮਤ ਬਖ਼ਸ਼ਿਸ਼ ਦਾ ਭਰਿਆ ਭੰਡਾਰ ਮੰਗਿਆ,
ਹਰਕ੍ਰਿਸ਼ਨ ਤੋਂ ਅਰੋਗਤਾ ਦਾ ਦਾਨ ਮੰਗਿਆ,
ਨੌਵੇਂ ਪਿਤਾ ਗੁਰੂ ਤੇਗ ਬਹਾਦਰ ਜੀ ਤੋਂ,
ਲੀਤੀ ਨਿਮਰਤਾ ਉੱਚਾ ਉਚਾਰ ਚੰਨਾਂ,
ਚੜ੍ਹਦੀ ਕਲਾ ਲੈ ਪਿਤਾ ਦਸ਼ਮੇਸ਼ ਕੋਲੋਂ,
ਤੇਰੇ ਸਿਹਰੇ ਨੂੰ ਦਿਤਾ ਸ਼ਿੰਗਾਰ ਚੰਨਾ
ਸਿਹਰੇ ਵਾਲਿਆ ਸੋਹਣਿਆਂ ਹੀਰਿਆਂ ਵੇ,
ਸੋਹਣੇ ਮੁੱਖ ਤੇ ਸਿਹਰਾ ਸਜਾ ਕੇ ਚਲ,
ਕਿਤੇ, ਚੰਨ ਦੀ ਨਜ਼ਰ ਨਾ ਲੱਗ ਜਾਵੇ,
ਚੰਨਾਂ ਚੰਨ ਤੋਂ ਸਿਹਰਾ ਛੁਪਾ ਕੇ ਚਲ,
ਤੇਰੇ ਸਿਹਰੇ ਤੋਂ ਮਸਤੀਆਂ ਡੁੱਲਦੀਆਂ ਨੇ,
ਘੁੱਟ ਸਾਨੂੰ ਵੀ ਜ਼ਰਾ ਪਿਲਾ ਕੇ ਚਲ,
ਸਿਹਰਾ ਵੇਖਣ ਲਈ ਤਰਸਦੀ ਨਜ਼ਰ ਸਾਡੀ,
ਸਾਡੇ ਨਾਲ ਵੀ ਨਜ਼ਰ ਮਿਲਾ ਕੇ ਚਲ,
ਲਾਲ ਕੱਢ ਹਿਮਾਲੇ ਦੀ ਹਿੱਕ ਵਿਚੋਂ,
ਇਨ੍ਹਾਂ ਲੜੀਆਂ ਦੇ ਵਿਚ ਲਕੋਏ ਨੇ ਮੈਂ,
ਕੌਣ ਆਖਦਾ ਸਿਹਰੇ ਵਿਚ ਫੁੱਲ ਗੁੰਦੇ,
ਇਹ ਤਾਂ ਤੋੜ ਕੇ ਤਾਰੇ ਪਰੋਏ ਨੇ ਮੈਂ,
ਜਦੋਂ ਮੈ ਸਿਹਰਾ ਪੜ੍ਹ ਰਿਹਾ ਸੀ ਮੇਰੇ ਦੋਸਤ ਦੇ ਪਿਤਾ ਨੇ ਮੈਨੂੰ ਪੰਜ ਰੁਪਏ ਦਿਤੇ ਜੋ ਮੈਂ ਉਸ ਸਮੇਂ ਦੇ ਰਿਵਾਜ ਦੇ ਸਫ਼ਾਰੀ ਸੂਟ ਦੀ ਵੱਡੀ ਥੱਲੇ ਦੀ ਜੇਬ ਵਿਚ ਪਾ ਦਿਤੇ ਜੋ ਦੇਖੋ ਦੇਖੀ ਬਰਾਤੀਆਂ ਨੇ ਮੇਰੇ ਸਫ਼ਾਰੀ ਦੇ ਸੂਟ ਦੀਆਂ ਸਾਰੀਆਂ ਜੇਬਾਂ ਰੁਪਇਆਂ ਨਾਲ ਭਰ ਦਿਤੀਆਂ ਜੋ ਮੈਂ ਸਾਰੇ ਪੈਸੇ ਇਕੱਠੇ ਕਰ ਕੇ ਅਪਣੇ ਦੋਸਤ ਦੀ ਘਰ ਦੀ ਗ਼ਰੀਬੀ ਦੀ ਹਾਲਤ ਦੇਖ ਕਿ ਤੁਹਾਡਾ ਵਿਆਹ ਤੇ ਕਾਫ਼ੀ ਖ਼ਰਚਾ ਹੋਇਆ ਹੈ, ਉਸ ਦੇ ਪਿਤਾ ਜੀ ਨੂੰ ਦੇ ਦਿਤੇ ਜੋ ਬਹੁਤ ਹੀ ਖ਼ੁਸ਼ ਹੋਏ ਤੇ ਮੈਨੂੰ ਘੁਟ ਕੇ ਜੱਫੀ ਪਾ ਲਈ। ਉਨ੍ਹਾਂ ਸਾਰੇ ਬਰਾਤੀਆਂ ਦੇ ਸਾਹਮਣੇ ਕਿਹਾ ਭਾਈ ਦੋਸਤ ਹੋਵੇ ਤੇ ਗੁਰਮੀਤ ਵਰਗਾ ਹੋਵੇ ਜਿਸ ਨੇ ਲੋੜ ਵੇਲੇ ਸਾਡੀ ਮਦਦ ਕੀਤੀ ਹੈ। ਉਸ ਵੇਲੇ ਮਾਰੇ ਖ਼ੁਸ਼ੀ ਦੇ ਮੇਰਾ ਸੀਨਾ ਚੌੜਾ ਹੋ ਗਿਆ ਸੀ। ਹੁਣ ਦੀ ਕ੍ਰਾਂਤੀਕਾਰੀ ਯੁਗ ਨੇ ਸਿਹਰੇ ਦੀ ਥਾਂ ਡੀਜੇ, ਗਾਉਣ ਵਾਲਿਆਂ ਨੇ ਲੈ ਲਈ ਹੈ। ਅਸ਼ਲੀਲਤਾ ਤੇ ਨਸ਼ਿਆਂ ਤੇ ਹਥਿਆਰਾਂ ਵਾਲੇ ਗਾਣਿਆਂ ਦਾ ਬੋਲਬਾਲਾ ਹੈ। ਬੱਚੇ ਨਸ਼ੇ ਦੇ ਆਦੀ ਹੋ ਗਏ ਹਨ। ਕੁੱਝ ਗੈਂਗਸਟਰ ਬਣ ਗਏ ਹਨ। ਪੰਜਾਬ ਦਾ ਕਲਚਰ ਅਲੋਪ ਹੁੰਦਾ ਜਾ ਰਿਹਾ ਹੈ, ਨਾ ਹੀ ਸਿਹਰਾ ਲਿਖਣ ਤੇ ਸਿਹਰਾ ਪੜ੍ਹਨ ਵਾਲੇ ਰਹੇ ਹਨ। ਵਿਆਹ ਪੈਲੇਸਾਂ ਵਿਚ ਕੁੱਝ ਘੰਟਿਆਂ ਵਿਚ ਹੋ ਜਾਂਦਾ ਹੈ। ਦਿਲ ਕਰਦਾ ਹੈ ਫਿਰ ਪੁਰਾਣੀ ਦੁਨੀਆਂ ਵਿਚ ਚਲੇ ਜਾਈਏ ਜਿਸ ਤੋਂ ਨਵੀਂ ਪੀੜ੍ਹੀ ਬਿਲਕੁਲ ਅਨਜਾਣ ਹੈ। ਨਵੀਂ ਪੀੜ੍ਹੀ ਨੂੰ ਅਪਣੇ ਪੁਰਾਣੇ ਸਭਿਆਚਾਰ ਬਾਰੇ ਸਕੂਲ ਲੈਵਲ ਤੇ ਬਾਲ ਸਭਾ ਲਗਾ ਕੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੁਲਿਸ। 9878600221