
Records Playing:ਵਿਗਿਆਨ ਦੀਆਂ ਕਾਢਾਂ ਭਾਵੇਂ ਸਾਰੀਆਂ ਹੀ ਬਚਿੱਤਰ ਹਨ ਕਿਉਂਕਿ ਉਨ੍ਹਾਂ ਵਿਚੋਂ ਬਹੁਤੀਆਂ ਤਾਂ ਮਨੁੱਖ ਨੂੰ ਸੁੱਖ ਪਹੁੰਚਾਉਣ ਲਈ ਬਣਾਈਆਂ ਗਈਆਂ ਹਨ
The records playing on the box machine seemed very dear: ਸਾਡੇ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੀਆਂ ਕੁੱਝ ਚੀਜ਼ਾਂ ਅਜਿਹੀਆਂ ਹੁੰਦੀਆਂ ਸਨ ਕਿ ਵਰਿਆਂ ਦੇ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਉਹ ਸਾਡੀਆਂ ਯਾਦਾਂ ਵਿਚੋਂ ਵਿਸਰਦੀਆਂ ਹੀ ਨਹੀਂ। ਅਜਿਹੀਆਂ ਹੀ ਵਸਤਾਂ ਵਿਚੋਂ ਇਕ ਬਹੁਤ ਹੀ ਪਿਆਰੀ ਹੁੰਦੀ ਸੀ ਸਾਡੀ ਰਿਕਾਰਡ ਵਜਾਉਣ ਵਾਲੀ ਡੱਬਾ ਮਸ਼ੀਨ। ਬੜੇ ਕਮਾਲ ਦੀ ਹੁੰਦੀ ਸੀ ਇਹ ਛੋਟੀ ਜਿਹੀ ਗਾਉਣ ਵਾਲੀ ਮਸ਼ੀਨ, ਜਿਹੜੀ ਪਿੰਡਾਂ ਦੇ ਲੋਕਾਂ ਦਾ ਭਰਪੂਰ ਮਨੋਰੰਜਨ ਕਰਦੀ ਸੀ।
ਵਿਗਿਆਨ ਦੀਆਂ ਕਾਢਾਂ ਭਾਵੇਂ ਸਾਰੀਆਂ ਹੀ ਬਚਿੱਤਰ ਹਨ ਕਿਉਂਕਿ ਉਨ੍ਹਾਂ ਵਿਚੋਂ ਬਹੁਤੀਆਂ ਤਾਂ ਮਨੁੱਖ ਨੂੰ ਸੁੱਖ ਪਹੁੰਚਾਉਣ ਲਈ ਬਣਾਈਆਂ ਗਈਆਂ ਹਨ ਪਰ ਇਹ ਗਾਉਣ ਵਾਲੀ ਮਸ਼ੀਨ ਤਾਂ ਬਿਲਕੁਲ ਵਿਲੱਖਣ ਹੁੰਦੀ ਸੀ ਜਿਹੜੀ ਕਿ ਸਿਰਫ਼ ਮਨੁੱਖ ਦੇ ਮਨੋਰੰਜਨ ਲਈ ਬਣਾਈ ਗਈ ਸੀ। ਛੋਟੇ ਜਿਹੇ ਡੱਬੇ ’ਤੇ ਚਲਦਾ ਰਿਕਾਰਡ ਜਦੋਂ ਉਪਰ ਲੱਗੇ ਓਪਨ ਹਾਰਨ ਵਿਚੋਂ ਆਵਾਜ਼ ਕਢਦਾ ਤਾਂ ਹਰ ਇਕ ਦੇ ਮਨ ਨੂੰ ਮੋਹ ਲੈਂਦਾ। ਦੂਜਾ ਇਹ ਮਸ਼ੀਨ ਪਿੰਡਾਂ ਵਿਚ ਕਿਸੇ-ਕਿਸੇ ਘਰ ਹੀ ਹੁੰਦੀ ਸੀ ਕਿਉਂਕਿ ਉਨ੍ਹਾਂ ਦਿਨਾਂ ਵਿਚ ਪਿੰਡਾਂ ਵਿਚ ਗ਼ਰੀਬੀ ਹੋਣ ਕਾਰਨ ਲੋਕਾਂ ਦੀ ਆਮਦਨ ਦੇ ਸਾਧਨ ਘੱਟ ਸਨ ਅਤੇ ਹਰ ਕੋਈ ਥੋੜ੍ਹਾ ਜਿਹਾ ਖ਼ਰਚਾ ਵੀ ਨਹੀਂ ਸੀ ਕਰ ਸਕਦਾ। ਇਹ ਮਸ਼ੀਨ ਉਨ੍ਹਾਂ ਦਿਨਾਂ ਦੀ ਕਾਢ ਸੀ ਜਦੋਂ ਹਾਲੇ ਟੀ ਵੀ ਅਤੇ ਰੇਡੀਉ ਪਿੰਡਾਂ ਵਿਚ ਨਹੀਂ ਸਨ ਪਹੁੰਚੇ। ਮਨੋਰੰਜਨ ਤਾਂ ਮਨੁੱਖ ਦੇ ਮਨ ਦੀ ਅਤਿ ਜ਼ਰੂਰੀ ਮੰਗ ਹੁੰਦੀ ਹੈ ਅਤੇ ਇਸ ਦੇ ਸਾਧਨ ਵੀ ਮਨੁੱਖ ਵਖਰੇ-ਵਖਰੇ ਲੱਭਦਾ ਰਿਹਾ ਹੈ।
ਦੂਜਾ ਦਿਲ ਦੇ ਸ਼ੌਕ ਦੀ ਵੀ ਗੱਲ ਹੈ ਜੇ ਕਿਸੇ ਨੇ ਦਿਲ ਦਾ ਸ਼ੌਕ ਪੂਰਾ ਕਰਨਾ ਹੁੰਦਾ ਹੈ ਤਾਂ ਉਨ੍ਹਾਂ ਅਜਿਹੀਆਂ ਚੀਜ਼ਾਂ ਤੇ ਪੈਸੇ ਖ਼ਰਚਣ ਦੀ ਪ੍ਰਵਾਹ ਨਹੀਂ ਕਰਦਾ। ਜਦੋਂ ਮਨੁੱਖ ਸਾਰਾ ਦਿਨ ਕੰਮ ਕਰਦਾ ਥਕਿਆ ਹਾਰਿਆ ਘਰ ਆਉਂਦਾ ਹੈ ਤਾਂ ਉਸ ਦਾ ਮਨ ਕਿਸੇ ਨਾ ਕਿਸੇ ਤਰ੍ਹਾਂ ਦੇ ਮਨੋਰੰਜਨ ਦੀ ਭਾਲ ਵਿਚ ਰਹਿੰਦਾ ਹੈ। ਭਾਵੇਂ ਉਸ ਪਾਸ ਮਨੋਰੰਜਨ ਦੇ ਹੋਰ ਵੀ ਨਿਵੇਕਲੇ ਅਤੇ ਸਸਤੇ ਸਾਧਨ ਹੁੰਦੇ ਹਨ ਪਰ ਮਨੁੱਖ ਦੀ ਰੁਚੀ ਮਨੋਰੰਜਨ ਲਈ ਗਾਉਣ-ਵਜਾਉਣ ਵਲ ਵਧੇਰੇ ਰਹੀ ਹੈ। ਜਦੋਂ ਪਿੰਡਾਂ ਵਿਚ ਇਨ੍ਹਾਂ ਮਸ਼ੀਨਾਂ ਉਤੇ ਰਿਕਾਰਡ ਵਜਦੇ ਤਾਂ ਉਸ ਦਾ ਮਨ ਸਾਰਾ ਦਿਨ ਭਰ ਦਾ ਥਕੇਵਾਂ ਭੁੱਲ ਜਾਂਦਾ। ਵੱਡੀ ਗੱਲ ਇਹ ਹੁੰਦੀ ਸੀ ਕਿ ਇਸ ਮਸ਼ੀਨੀ ਤੇ ਉਹ ਮਨੁੱਖ ਗਾਣੇ ਘਰ ਬੈਠਾ ਹੀ ਅਪਣੇ ਪ੍ਰਵਾਰ ਵਿਚ ਹੀ ਸੁਣ ਲੈਂਦਾ ਸੀ।
ਜਦੋਂ ਪ੍ਰਵਾਰ ਵਿਚ ਬੈਠਿਆਂ ਮਿੱਠੀ-ਮਿੱਠੀ ਆਵਾਜ਼ ਵਿਚ ਗਾਣਾ ਵਜਦਾ ਤਾਂ ਹਰ ਸੁਣਨ ਵਾਲੇ ਮਨੁੱਖ ਦਾ ਮਨ ਵੀ ਆਪ ਹੀ ਗਾਉਣ ਲਗਦਾ। ਭਾਵੇਂ ਇਹ ਮਸ਼ੀਨ ਕਿਸੇ-ਕਿਸੇ ਘਰ ਵਿਚ ਹੁੰਦੀ ਸੀ ਪਰ ਸਾਡੇ ਪੰਜਾਬ ਦੇ ਪਿੰਡਾਂ ਵਿਚ ਸਮਾਜਕ ਸਾਂਝ ਵੀ ਬੜੀ ਮਜ਼ਬੂਤ ਹੁੰਦੀ ਸੀ। ਕੋਈ ਵੀ ਵਿਅਕਤੀ ਦੂਜੇ ਘਰ ਜਾ ਕੇ ਅਜਿਹੇ ਗਾਣੇ ਸੁਨਣ ਲਈ ਅਤੇ ਅਪਣਾ ਮਨੋਰੰਜਨ ਕਰਨ ਲਈ ਚਲਾ ਜਾਂਦਾ ਸੀ। ਬੱਚਿਆਂ ਲਈ ਤਾਂ ਇਹ ਖੇਡ ਦੀ ਖੇਡ ਅਤੇ ਮਨੋਰੰਜਨ ਦਾ ਅਦਭੁੱਤ ਨਜ਼ਾਰਾ ਪੇਸ਼ ਕਰਦਾ ਸੀ।
ਉਹ ਇਕੱਠੇ ਹੋ ਕੇ ਟੋਲੀਆਂ ਵਿਚ ਮਸ਼ੀਨ ਵਾਲਿਆਂ ਦੇ ਘਰ ਚਲੇ ਜਾਂਦੇ ਅਤੇ ਬੜੇ ਪਿਆਰ ਨਾਲ ਉਸ ਮਸ਼ੀਨ ਤੇ ਰਿਕਾਰਡ ਵਜਾਉਣ ਦੀ ਮੰਗ ਕਰਦੇ। ਅਪਣੇ ਘਰ ਇੰਨੀ ਗਿਣਤੀ ਵਿਚ ਆਏ ਬੱਚਿਆਂ ਨੂੰ ਦੇਖ ਉਸ ਮਸ਼ੀਨ ਵਾਲੇ ਘਰ ਦਾ ਕੋਈ ਨਾ ਕੋਈ ਮੈਂਬਰ ਬੱਚਿਆਂ ਦੀ ਦਿਲਚਸਪੀ ਲਈ ਉਸ ਮਸ਼ੀਨ ਤੇ ਰਿਕਾਰਡ ਚਲਾ ਦੇਂਦਾ।
ਮੈਨੂੰ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਬਚਪਨ ਵਿਚ ਸਾਡੇ ਗੁਆਂਢੀ ਘਰ ਵਿਚ ਇਕ ਅਜਿਹੀ ਮਸ਼ੀਨ ਹੁੰਦੀ ਸੀ ਅਤੇ ਜਦੋਂ ਸਾਡਾ ਮਨ ਕਰਦਾ ਅਸੀਂ ਗੁਆਢੀਆਂ ਦੇ ਘਰ ਉਸ ਮਸ਼ੀਨ ’ਤੇ ਗਾਣੇ ਸੁਣਨ ਜਾ ਲਗਦੇ।
ਕਈ ਵਾਰ ਤਾਂ ਬਹੁਤ ਹੀ ਮਿੱਠੀ ਅਤੇ ਸੁਰੀਲੀ ਆਵਾਜ਼ ਵਾਲੇ ਅਜਿਹੇ ਗਾਣੇ ਵਜਦੇ ਕਿ ਸਾਰੇ ਬੱਚੇ ਮੰਤਰ-ਮੁਗਧ ਹੋ ਕੇ ਬੈਠੇ ਰਹਿੰਦੇ। ਕਈ ਗਾਣੇ ਤਾਂ ਸਾਲਾਂ ਬਾਅਦ ਹੁਣ ਵੀ ਯਾਦ ਆ ਜਾਂਦੇ ਹਨ। ਉਨ੍ਹਾਂ ਦਿਨਾਂ ਵਿਚ ਰਿਕਾਰਡ ਵੀ ਬੜੇ ਚੰਗੇ ਅਤੇ ਸਮਾਜਕ ਸੇਧ ਵਾਲੇ ਹੁੰਦੇ ਸਨ ਅਤੇ ਕੇਵਲ ਮਨੋਰੰਜਨ ਲਈ ਹੀ ਤਿਆਰ ਕੀਤੇ ਜਾਂਦੇ ਸਨ, ਫ਼ਾਲਤੂ ਦਾ ਰੌਲਾ-ਰੱਪਾ ਜਾਂ ਚੀਕ-ਚਿਹਾੜਾ ਉਨ੍ਹਾਂ ਗੀਤਾਂ ਵਿਚ ਨਹੀਂ ਸੀ ਹੁੰਦਾ। ਇਸੇ ਕਰ ਕੇ ਉਹ ਚੇਤੇ ਵੀ ਰਹਿ ਜਾਂਦੇ ਸਨ ਅਤੇ ਮਨੁੱਖ ਵਿਹਲੇ ਸਮੇਂ ਵਿਚ ਵੀ ਗੁਣਗੁਣਾਉਂਦਾ ਰਹਿੰਦਾ ਸੀ। ਜਿਵੇਂ ਕਈ ਵਾਰ ਅਸੀਂ ਸੁਣਿਆ ਕਰਦੇ ਸੀ:
ਮਨ ਡੋਲੇ, ਮੇਰਾ ਤਨ ਡੋਲੇ,
ਮੇਰੇ ਦਿਲ ਦਾ ਗਿਆ ਕਰਾਰ
ਕਿ ਕੌਣ ਵਜਾਵੇ ਬੰਸਰੀਆਂ
ਬਹੁਤ ਹੀ ਮਿੱਠੀ ਅਤੇ ਸੁਰੀਲੀ ਆਵਾਜ਼ ਵਿਚ ਚਲਦਾ ਇਹ ਗਾਣਾ ਬਹੁਤ ਹੀ ਪਿਆਰਾ ਲਗਦਾ। ਇਸੇ ਤਰ੍ਹਾਂ ਕਈ ਵਾਰ ਗੀਤ ਚਲਦਾ:
ਲੈ ਜਾਅ ਛੱਲੀਆਂ-ਭੁਨਾ ਲਈ ਦਾਣੇ
ਮਿੱਤਰਾਂ ਦੂਰ ਦਿਆਂ ਜਾਂ
ਫਿਰ ਕਈ ਵਾਰ ਸੁਣਦੇ
ਮਿੱਤਰਾਂ ਦੀ ਲੂਣ ਦੀ ਡਲੀ,
ਨੀ ਤੂੰ ਮਿਸਰੀ ਬਰੋਬਰ ਜਾਣੀ।
ਪਰ ਜਦੋਂ ਕਦੇ ਉਸ ਮਸ਼ੀਨ ਤੇ ਸਾਉਣ ਦੇ ਮਹੀਨੇ ਵਿਚ ਇਹ ਗਾਣਾ ਵੱਜਦਾ ਕਿ
ਅੜੀ ਵੇ ਅੜੀ ਲੱਗੀ ਸਾਉਣ ਦੀ ਝੜੀ,
ਦੁੱਧ ਪੀ ਲੈ ਬਾਲਮਾ ਵੇ-ਮੈਂ ਕਦੋਂ ਦੀ ਖੜੀ
ਇਹ ਗੀਤ ਤਾਂ ਸੱਭ ਸੁਣਨ ਵਾਲਿਆਂ ਦੇ ਮਨਾਂ ਨੂੰ ਨੱਚਣ ਲਾ ਦੇਂਦਾ। ਪਰ ਉਦੋਂ ਤਾਂ ਕਮਾਲ ਹੀ ਹੋ ਜਾਂਦੀ ਸੀ ਜਦੋਂ ਇਸ ਤਵਾ ਮਸ਼ੀਨ ਜਾਂ ਡੱਬਾ ਮਸ਼ੀਨ ਤੇ ਪੁਰਾਣਾ ਤਵਾ, ਸਾਰੇ ਘਰ ਵਿਚ ਸੰਗੀਤਕ ਖ਼ੁਸ਼ਬੂਆਂ ਬਿਖੇਰ ਦੇਂਦਾ ਅਤੇ ਗਾਉਣਾ ਸ਼ੁਰੂ ਕਰਦਾ।
ਬੱਤੀ ਬਾਲ ਕੇ ਬਨੇਰੇ ਉਤੇ ਰਖਦੀ ਆਂ
ਗਲੀ ਭੁੱਲ ਨਾ ਜਾਵੇ, ਚੰਨ ਮੇਰਾ
ਕੁੱਝ ਵੀ ਹੋਵੇ ਉਹ ਮਸ਼ੀਨ ਜਿਥੇ ਦੇਖਣ ਨੂੰ ਇੰਨੀ ਪਿਆਰੀ ਲਗਦੀ ਸੀ ਉਥੇ ਹੀ ਰੱਜ ਕੇ ਪੇਂਡੂ ਲੋਕਾਂ ਦਾ ਮਨੋਰੰਜਨ ਕਰਦੀ ਸੀ। ਘਰ ਦੇ ਇਕ ਕੋਨੇ ਵਿਚ ਥੋੜ੍ਹੀ ਥਾਂ ਵਿਚ ਹੀ ਰੱਖੀ ਉਹ ਪਿਆਰੀ ਗਾਉਣ ਵਾਲੀ ਮਸ਼ੀਨ, ਪਿਆਰ, ਸਮਾਜਕ ਸਾਂਝ ਅਤੇ ਖ਼ੁਸ਼ ਰਹਿਣ ਦਾ ਵਖਰਾ ਹੀ ਸੰਦੇਸ਼ ਦੇ ਜਾਂਦੀ ਸੀ। ਭਾਵੇਂ ਸਾਇੰਸ ਨੇ ਹੁਣ ਬਹੁਤ ਤਰੱਕੀ ਕਰ ਲਈ ਹੈ। ਅੰਤਾਂ ਦੇ ਮਨੋਰੰਜਨ ਦੇ ਸਾਧਨ ਮਨੁੱਖ ਪਾਸ ਹਨ ਪਰ ਉਹ ਮਸ਼ੀਨ ਨੇ ਤਾਂ ਮਨੁੱਖ ਦਾ ਮਨ ਹੀ ਕੀਲ ਲਿਆ ਸੀ ਅਤੇ ਇਸੇ ਕਰ ਕੇ ਅੱਜ ਵੀ ਵਾਰ-ਵਾਰ ਯਾਦ ਆਉਂਦੀ, ਮਨੁੱਖੀ ਦਿਮਾਗ ਦੀ ਉਹ ਵਿਲੱਖਣ ਕਾਢ।-ਬਹਾਦਰ ਸਿੰਘ ਗੋਸਲ, ਮਕਾਨ ਨੰ: 3098, ਸੈਕਟਰ-37 ਡੀ, ਚੰਡੀਗੜ੍ਹ,
ਮੋਬਾਈਲ: 9876452223