ਅੱਜ ਤੋਂ 22 ਦਸੰਬਰ ਤਕ ਵੱਖ-ਵੱਖ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਚੰਡੀਗੜ੍ਹ (ਸਸਸ) : ਪੰਜਾਬ ਅਤੇ ਚੰਡੀਗੜ੍ਹ ਵਿਚ ਇਸ ਵੇਲੇ ਸੰਘਣੀ ਧੁੰਦ ਛਾਈ ਹੋਈ ਹੈ। ਸਵੇਰ ਅਤੇ ਸ਼ਾਮ ਨੂੰ ਕਾਫ਼ੀ ਠੰਢ ਹੁੰਦੀ ਹੈ। ਅੱਜ ਅਤੇ ਕੱਲ੍ਹ ਲਈ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ, 20 ਤੋਂ 22 ਦਸੰਬਰ ਤਕ ਵੱਖ-ਵੱਖ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ, ਹਵਾ ਦੀ ਗਤੀ ਥੋੜ੍ਹੀ ਵਧੀ ਹੈ, ਜਿਸ ਨਾਲ ਪ੍ਰਦੂਸ਼ਣ ਅਤੇ ਧੁੰਦ ਵਿਚ ਥੋੜ੍ਹੀ ਕਮੀ ਆਈ ਹੈ। ਇੱਕ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ, ਜਿਸ ਕਾਰਨ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਦੀ ਸੰਭਾਵਨਾ ਹੈ। ਵਿਭਾਗ ਨੇ ਅੱਜ ਸ਼ਹਿਰਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਹੈ। ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਮੋਗਾ, ਲੁਧਿਆਣਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਨਵਾਂਸ਼ਹਿਰ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਕੁਝ ਥਾਵਾਂ ’ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਅੱਜ ਤੋਂ 22 ਦਸੰਬਰ ਦੇ ਵਿਚਕਾਰ ਸੂਬੇ ਵਿਚ ਕੁਝ ਥਾਵਾਂ ’ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। 23 ਤੋਂ 24 ਦਸੰਬਰ ਤਕ ਮੌਸਮ ਖੁਸ਼ਕ ਰਹੇਗਾ। ਅਗਲੇ 24 ਘੰਟਿਆਂ ਵਿਚ ਘੱਟੋ-ਘੱਟ ਤਾਪਮਾਨ ਵਿਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ, ਜਿਸ ਤੋਂ ਬਾਅਦ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵਧ ਸਕਦਾ ਹੈ।
