
ਅਮਰੀਕਾ ਨੇ ਵੀਰਵਾਰ ਨੂੰ ‘ਓਪਨ ਸਕਾਈਜ਼’ ਸਮਝੌਤੇ ਤੋਂ ਵੱਖ ਹੋਣ ਦੇ ਅਪਣੇ ਫ਼ੈਸਲੇ ਦਾ ਐਲਾਨ ਕੀਤਾ।
ਵਾਸ਼ਿੰਗਟਨ, 22 ਮਈ : ਅਮਰੀਕਾ ਨੇ ਵੀਰਵਾਰ ਨੂੰ ‘ਓਪਨ ਸਕਾਈਜ਼’ ਸਮਝੌਤੇ ਤੋਂ ਵੱਖ ਹੋਣ ਦੇ ਅਪਣੇ ਫ਼ੈਸਲੇ ਦਾ ਐਲਾਨ ਕੀਤਾ। ਇਸ ਸਮਝੌਤੇ ਦੇ ਤਹਿਤ ਰੂਸ ਸਮੇਤ 34 ਦੇਸ਼ਾ ਨੂੰ ਅਪਣੇ ਜਹਾਜ਼ ਇਕ-ਦੂਜੇ ਦੇ ਖੇਤਰ ’ਚ ਉਡਾਣ ਦੀ ਇਜਾਜ਼ਤ ਹੈ। ਇਕ ਜਨਵਰੀ 2002 ਨੂੰ ਹੋਏ ਇਸ ਸਮਝੌਤੇ ਦਾ ਭਾਰਤ ਮੈਂਬਰ ਨਹੀਂ ਹੈ। ਇਸ ਸਮਝੌਤੇ ’ਚ ਸਾਮਲ ਜ਼ਿਆਦਾਤਰ ਦੇਸ਼ ਉਤਰ ਅਮਰੀਕਾ, ਯੂਰੋਪ ’ਚ ਅਤੇ ਪਛਮੀ ਏਸ਼ੀਆ ਦੇ ਹਨ।
ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ੁਕਰਵਾਰ ਨੂੰ ਕਿਹਾ ਕਿ ਅਮਰੀਕਾ ਓਪਨ ਸਕਾਈਜ਼ ’ਤੇ ਸਮਝੌਤੇ ਤੋਂ ਵੱਖ ਹੋਣ ਦੇ ਅਪਦੇ ਫ਼ੈਸਲੇ ਦਾ ਨੋਟਿਸ ਟ੍ਰੀਟੀ ਡਿਪੋਜ਼ਿਟਰੀਜ਼ ਅਤੇ ਇਸ ਸਮਝੌਤੇ ਦੇ ਸਾਰੇ ਪੱਖਕਾਰਾਂ ਨੂੰ ਸੌਂਪੇਗਾ। ਉਨ੍ਹਾਂ ਕਿਹਾ, ‘‘ਕੱਲ ਤੋਂ 6 ਮਹੀਨੇ ਬਾਅਦ ਅਮਰੀਕਾ ਇਸ ਸਮਝੌਤੇ ਦਾ ਹਿੱਸਾ ਨਹੀਂ ਰਹੇਗਾ।’’ਅਮਰੀਕਾ ਨੇ ਕਿਹਾ ਕਿ ਜੇਕਰ ਰੂਸ ਇਸ ਸਮਝੌਤੇ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ ਤਾਂ ਉਹ ਇਸ ਤੋਂ ਵੱਖ ਹੋਣੇ ਦੇ ਅਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰ ਸਕਦੇ ਹਨ।
File photo
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਇਸ ਫ਼ੈਸਲੇ ਲਈ ਰੂਸ ਵਲੋਂ ਇਸ ਸਮਝੌਤੇ ਦਾ ਪਾਲਣ ਨਾ ਕੀਤੇ ਜਾਣ ਨੂੰ ਜ਼ਿੰਮੇਦਾਰ ਮੰਨਿਆ ਹੈ। ਟਰੰਪ ਨੇ ਵਾਈਟ ਹਾਊਸ ’ਚ ਕਿਹਾ, ‘‘ਰੂਸ ਇਸ ਸਮਝੌਤੇ ਦਾ ਪਾਲਣ ਨਹੀਂ ਕਰਦਾ ਹੈ। ਇਸ ਲਈ ਜਦੋਂ ਤਕ ਇਸ ਦਾ ਪਾਲਣ ਨਹੀਂ ਹੁੰਦਾ ਤਦ ਤਕ ਅਸੀਂ ਇਸ ਤੋਂ ਬਾਹਰ ਰਹਾਂਗੇ। ਪਰ ਇਸ ਦੀ ਸੰਭਾਵਨਾ ਹੈ ਕਿ ਅਸੀਂ ਨਵਾਂ ਸਮਝੌਤਾ ਕਰਾਂਗੇ ਜਾਂ ਇਸ ਸਮਝੋਤੇ ’ਚ ਵਾਪਸ ਆਉਣ ਲਈ ਕੁੱਝ ਕਰਾਂਗੇ।’’ ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਹਥਿਆਰ ਸਮਝੌਤੇ ਵਲ ਵੇਖੋਗੇ ਤਾਂ ਅਸੀਂ ਯਕੀਨੀ ਤੌਰ ’ਤੇ ਹਥਿਆਰ ਸਮਝੌਤੇ ’ਤੇ ਰੂਸ ਨਾਲ ਸਮਝੌਤਾ ਕਰਨ ਜਾ ਰਹੇ ਹਾਂ ਅਤੇ ਇਸ ਵਿਚ ਚੀਨ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।’’
(ਪੀਟੀਆਈ)