ਭਾਰਤ ਵਲੋਂ ਪਾਮ ਤੇਲ ਆਯਾਤ ਰੋਕਣ ਤੋਂ ਡਰਿਆ ਮਲੇਸ਼ੀਆ
ਨਵੀਂ ਦਿੱਲੀ : ਕਸ਼ਮੀਰ ਮਸਲੇ 'ਤੇ ਭਾਰਤ ਦੀ ਨਰਾਜ਼ਗੀ ਸਹੇੜ ਚੁੱਕੇ ਮਲੇਸ਼ੀਆ ਦੇ ਹੋਸ਼ ਹੁਣ ਟਿਕਾਣੇ ਆਉਣੇ ਸ਼ੁਰੂ ਹੋ ਗਏ ਹਨ। ਭਾਰਤ ਵਲੋਂ ਮਲੇਸ਼ੀਆ ਤੋਂ ਪਾਮ ਤੇਲ ਦਾ ਆਯਾਤ ਰੋਕਣ ਤੋਂ ਬਾਅਦ ਮਲੇਸ਼ੀਆਂ ਹੁਣ ਭਾਰਤ ਨਾਲ ਤਣਾਅ ਘੱਟ ਕਰਨ ਦੀ ਕੋਸ਼ਿਸ਼ ਵਿਚ ਹੈ ਇਸੇ ਤਹਿਤ ਮਲੇਸ਼ੀਆ ਦੇ ਸਾਬਕਾ ਚੀਨੀ ਰਿਫਾਈਨਰ ਨੇ ਕਿਹਾ ਕਿ ਉਹ ਭਾਰਤ 'ਚੋਂ ਚੀਨੀ ਦੀ ਖਰੀਦ 'ਚ ਵਾਧਾ ਕਰੇਗੀ।
ਕੰਪਨੀ ਦੇ ਇਸ ਫ਼ੈਸਲੇ ਨੂੰ ਇਸ ਮਾਮਲੇ ਨਾਲ ਜੁੜੇ ਦੋ ਸੂਤਰਾਂ ਨੇ ਪਾਮ ਤੇਲ ਆਯਾਤ 'ਤੇ ਭਾਰਤ ਦੇ ਨਾਲ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਦਾ ਹਿੱਸਾ ਦਸਿਆ ਹੈ। ਐਮ.ਐਸ.ਐਮ. ਮਲੇਸ਼ੀਆ ਹੋਲਡਿੰਗਸ ਬਰਹਾਦ ਭਾਰਤ ਤੋਂ ਪਹਿਲੀ ਤਿਮਾਹੀ 'ਚ 1,30,000 ਟਨ ਕੱਚੀ ਚੀਨੀ ਦੀ ਖਰੀਦ ਕਰੇਗਾ ਜਿਸ ਦੀ ਲਾਗਤ 20 ਕਰੋੜ ਰਿੰਗਿਟ (4.920 ਕਰੋੜ ਡਾਲਰ) ਆਵੇਗੀ।
ਕੰਪਨੀ ਨੇ ਰਾਇਟਰਸ ਨੂੰ ਇਸ ਦੀ ਜਾਣਕਾਰੀ ਦਿਤੀ ਹੈ। 2019 'ਚ ਕੰਪਨੀ ਨੇ ਭਾਰਤ ਤੋਂ 88,000 ਟਨ ਕੱਚੀ ਚੀਨੀ ਦੀ ਖਰੀਦ ਕੀਤੀ ਸੀ। ਐਮ.ਐਸ.ਐਮ. ਦੁਨੀਆ ਦੀ ਸਭ ਤੋਂ ਵੱਡੀ ਪਾਮ ਤੇਲ ਉਤਪਾਦਨ ਐਫ.ਜੀ.ਵੀ. ਹੋਲਡਿੰਗਸ ਦੀ ਚੀਨੀ ਰਿਫਾਈਨਿੰਗ ਬ੍ਰਾਂਚ ਹੈ।
ਐਫ.ਜੀ.ਵੀ. ਮਲੇਸ਼ੀਆ ਦੀ ਸਰਕਾਰੀ ਸੰਸਥਾ ਫੈਂਡਰਲ ਲੈਂਡ ਡਿਵੈਲਪਮੈਂਟ ਅਥਾਰਿਟੀ ਜਾਂ ਫੇਲਦਾ ਦੀ ਇਕ ਇਕਾਈ ਹੈ। ਕੰਪਨੀ ਨੇ ਚੀਨੀ ਖਰੀਦ 'ਚ ਵਾਧੇ ਦੇ ਫ਼ੈਸਲੇ ਨੂੰ ਪਾਮ ਤੇਲ ਵਿਵਾਦ ਨਾਲ ਸਬੰਧਤ ਹੋਣ ਦੀ ਗੱਲ ਨਹੀਂ ਕਹੀ ਹੈ।
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੀਨੀ ਉਤਪਾਦਕ ਦੇਸ਼ ਹੈ ਅਤੇ ਦੇਸ਼ 'ਚ ਇਸ ਦਾ ਜ਼ਿਆਦਾ ਭੰਡਾਰ ਹੋਣ ਕਾਰਨ ਚੀਨੀ ਦੇ ਨਿਰਯਾਤ 'ਚ ਉਛਾਲ ਆਇਆ ਹੈ। 2019-20 'ਚ ਸੀਜ਼ਨ 'ਚ ਨਿਰਯਾਤ 50 ਲੱਖ ਟਨ ਦੇ ਰਿਕਾਰਡ ਪੱਧਰ 'ਤੇ ਪਹੁੰਚਣ ਦੀ ਉਮੀਦ ਹੈ।