ਬੀਤੇ 3 ਦਿਨਾਂ ਦੌਰਾਨ ਬਿਹਾਰ ’ਚ ਠੰਢ ਕਾਰਨ 25 ਵਿਅਕਤੀਆਂ ਦੀ ਗਈ ਜਾਨ
ਪਟਨਾ : ਬਿਹਾਰ ਇਸ ਸਮੇਂ ਕੜਾਕੇ ਦੀ ਠੰਢ ਅਤੇ ਧੁੰਦ ਦੀ ਲਪੇਟ ਵਿੱਚ ਹੈ। ਇਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਯਾਨੀ ਐਤਵਾਰ ਨੂੰ ਰਾਜ ਦੇ ਸਾਰੇ 38 ਜ਼ਿਲ੍ਹਿਆਂ ਵਿੱਚ ਧੁੰਦ ਅਤੇ ਕੋਲਡ ਡੇਅ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ।
ਪਟਨਾ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ 3.6 ਡਿਗਰੀ ਸੈਲਸੀਅਸ ਦਾ ਅੰਤਰ ਰਹਿ ਗਿਆ। ਪਟਨਾ ਰਾਜ ਵਿੱਚ ਸਭ ਤੋਂ ਠੰਡਾ ਰਿਹਾ। ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਡੇਹਰੀ ਅਤੇ ਬਾਂਕਾ ਵਿੱਚ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਥੇ ਨਿਊਨਤਮ ਤਾਪਮਾਨ 11.5 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਮੁਤਾਬਕ, ਹਾਲੇ ਕੜਾਕੇ ਦੀ ਠੰਡ ਜਾਰੀ ਰਹੇਗੀ। ਹੌਲੀ-ਹੌਲੀ ਠੰਢੀ ਲਹਿਰ ਚੱਲਣੀ ਸ਼ੁਰੂ ਹੋਵੇਗੀ। ਇਸ ਨਾਲ ਠੰਢ ਹੋਰ ਵੱਧ ਜਾਵੇਗੀ। ਦਸ ਜਨਵਰੀ ਤੱਕ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ। ਜਮੁਈ ਦੇ ਖੈਰਾ ਬਾਜ਼ਾਰ ਵਿੱਚ ਐਤਵਾਰ ਸਵੇਰੇ ਇੱਕ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਇਹ ਬੱਸ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਹਾਦਸੇ ਤੋਂ ਬਾਅਦ ਸਾਰੇ ਸੁਰੱਖਿਅਤ ਹਨ। ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਮੌਸਮ ਵਿਭਾਗ ਅਨੁਸਾਰ ਉੱਪਰੀ ਹਿਮਾਲਿਆ ਖੇਤਰ ਵਿੱਚ ਹੋ ਰਹੀ ਬਰਫਬਾਰੀ ਅਤੇ ਰਾਜਸਥਾਨ ਵੱਲੋਂ ਆ ਰਹੀ ਠੰਡੀ ਪੱਛਮੀ ਹਵਾ ਦਾ ਸਿੱਧਾ ਅਸਰ ਬਿਹਾਰ ਦੇ ਮੌਸਮ ਉੱਤੇ ਪੈ ਰਿਹਾ ਹੈ। ਇਨ੍ਹਾਂ ਠੰਡੀਆਂ ਹਵਾਵਾਂ ਕਾਰਨ ਰਾਜ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਵਾ ਦੀ ਰਫ਼ਤਾਰ ਤੇਜ਼ ਹੋਣ ਨਾਲ ਠੰਡ ਵੱਧ ਗਈ ਹੈ, ਜਿਸ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿੱਚ ਕਾਫ਼ੀ ਮੁਸ਼ਕਲ ਆ ਰਹੀ ਹੈ।
