ਰੰਜਨ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਲੱਗਿਆ ਆਰੋਪ
ਪਟਨਾ : ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਰਾਜੀਵ ਰੰਜਨ ਉਰਫ਼ ਲਲਨ ਸਿੰਘ ਖਿਲਾਫ਼ ਮੰਗਲਵਾਰ ਨੂੰ ਪਟਨਾ ’ਚ ਐਫ.ਆਈ.ਆਰ. ਦਰਜ ਕਰਵਾਈ ਹੈ। ਉਨ੍ਹਾਂ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਆਰੋਪ ਹੈ। ਦਰਅਸਲ ਲਲਨ ਸਿੰਘ ਨੇ ਸੋਮਵਾਰ ਨੂੰ ਜਨਤਾ ਦਲ ਯੂਨਾਈਟਿਡ ਦੇ ਉਮੀਦਵਾਰ ਅਤੇ ਬਾਹੂਬਲੀ ਆਗੂ ਅਨੰਤ ਸਿੰਘ ਦੇ ਲਈ ਪ੍ਰਚਾਰ ਕੀਤਾ ਸੀ।
ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ। ਇਸ ’ਚ ਉਨ੍ਹਾਂ ਨੂੰ ਕਹਿੰਦੇ ਹੋਏ ਸੁਣਿਆ ਗਿਆ ਕਿ ਇਥੇ ਕੁੱਝ ਆਗੂ ਹਨ, ਜਿਨ੍ਹਾਂ ਨੂੰ ਵੋਟਿੰਗ ਵਾਲੇ ਦਿਨ ਨਿਕਲਣ ਨਾ ਦਿਓ ਅਤੇ ਘਰ ’ਚ ਹੀ ਬੰਦ ਕਰ ਦਿਓ। ਜੇਕਰ ਉਹ ਹੱਥ-ਪੈਰ ਜੋੜੇ ਤਾਂ ਕਹੋ ਕਿ ਸਾਡੇ ਨਾਲ ਚੱਲ ਕੇ ਵੋਟ ਦਿਓ ਅਤੇ ਘਰ ਬੈਠ ਜਾਓ।
ਰਾਸ਼ਟਰੀ ਜਨਤਾ ਦਲ ਨੇ ਸ਼ੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਲਲਨ ਸਿੰਘ ਗਰੀਬਾਂ ਨੂੰ ਵੋਟ ਪਾਉਣ ਤੋਂ ਰੋਕ ਰਹੇ ਹਨ। ਇਸ ’ਤੇ ਚੋਣ ਕਮਿਸ਼ਨ ਨੇ ਲਲਨ ਸਿੰਘ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਹਾਲਾਂਕਿ ਜਨਤਾ ਦਲ ਯੂਨਾਈਟਿਡ ਨੇ ਇਸ ਆਰੋਪ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਅਨੰਤ ਸਿੰਘ ਦਾ ਇਹ ਐਡੀਟਿਡ ਵੀਡੀਓ ਹੈ।
ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਦੇ ਆਗੂ ਅਤੇ ਮਹਾਂਗੱਠਜੋੜ ਦੇ ਮੁੱਖ ਮੰਤਰੀ ਚਿਹਰਾ ਤੇਜਸਵੀ ਯਾਦਵ ਨੇ ਮੰਗਲਵਾਰ ਨੂੰ ਪਟਨਾ ’ਚ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣੀ ਤਾਂ 14 ਜਨਵਰੀ ਨੂੰ ਮਾਈ ਭੈਣ ਮਾਨ ਯੋਜਨਾ ਦੇ ਤਹਿਤ ਮਹਿਲਾਵਾਂ ਦੇ ਖਾਤੇ ’ਚ 30 ਹਜ਼ਾਰ ਰੁਪਏ ਪਾਉਣਗੇ। ਤੇਜਸਵੀ ਯਾਦਵ ਨੇ ਕਿਹਾ ਕਿ ਮਕਰ ਸੰਕਰਾਂਤੀ ਦੇ ਦਿਨ 14 ਜਨਵਰੀ ਨੂੰ ਪੂਰੇ ਸਾਲ ਭਰ ਦਾ 30 ਹਜ਼ਾਰ ਰੁਪਇਆ ਮਹਿਲਾਵਾਂ ਦੇ ਖਾਤਿਆਂ ’ਚ ਟਰਾਂਸਫਰ ਕਰਨਗੇ ਅਤੇ 5 ਸਾਲ ਦੇ ਕਾਰਜਕਾਲ ਦੌਰਾਨ ਮਹਿਲਾਵਾਂ ਨੂੰ ਕੁੱਲ ਡੇਢ ਲੱਖ ਰੁਪਏ ਮਿਲਣਗੇ।
 
                    
                