
2020 ਤੋਂ ਲੈ ਕੇ 2024 ਤੱਕ 5541 ਭਾਰਤੀਆਂ ਨੂੰ ਅਮਰੀਕਾ ਤੋਂ ਭੇਜਿਆ ਜਾ ਚੁੱਕਿਆ ਵਾਪਸ
US deports more than 1700 Indians in 7 months : ਅਮਰੀਕਾ ਨੇ ਹੁਣ ਤਕ ਸਾਲ 2025 ਯਾਨੀ 7 ਮਹੀਨਿਆਂ ਵਿਚ ਕੁੱਲ 1,703 ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਕੱਢਿਆ ਹੈ, ਜਿਨ੍ਹਾਂ ਵਿਚ 141 ਔਰਤਾਂ ਵੀ ਸ਼ਾਮਲ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਬੀਤੇ ਦਿਨ ਲੋਕ ਸਭਾ ਵਿਚ ਇਹ ਜਾਣਕਾਰੀ ਦਿੱਤੀ।
ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ 2020 ਤੋਂ 2024 ਦੇ ਵਿਚਕਾਰ, 5,541 ਭਾਰਤੀਆਂ ਨੂੰ ਅਮਰੀਕਾ ਤੋਂ ਭਾਰਤ ਵਾਪਸ ਭੇਜਿਆ ਗਿਆ। ਇਸ ਸਾਲ 22 ਜੁਲਾਈ (2025) ਤੱਕ, ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਦੀ ਗਿਣਤੀ 1,703 ਹੈ। ਇਸ ਦੇ ਨਾਲ ਹੀ, ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਪੰਜ ਸਾਲਾਂ (2020-2024) ਵਿਚ ਬ੍ਰਿਟੇਨ ਤੋਂ 311 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ, ਜਦੋਂ ਕਿ 2025 ਵਿਚ ਹੁੱਣ ਤਕ ਇਹ ਗਿਣਤੀ 131 ਹੈ।
ਨਿਊਜ਼ ਏਜੰਸੀ ਦੇ ਅਨੁਸਾਰ, ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਬ੍ਰਿਟੇਨ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੀ ਗਿਣਤੀ ਵਿਚ ਕੁੱਝ ਭਿੰਨਤਾ ਹੋ ਸਕਦੀ ਹੈ ਕਿਉਂਕਿ ਕੁੱਝ ਮਾਮਲਿਆਂ ਵਿਚ ਜਾਇਜ਼ ਦਸਤਾਵੇਜ਼ਾਂ ਵਾਲੇ ਲੋਕਾਂ ਨੂੰ ਸਿੱਧੇ ਕੱਢਿਆ ਗਿਆ ਹੈ ਅਤੇ ਜਿਨ੍ਹਾਂ ਨੂੰ ਐਮਰਜੈਂਸੀ ਯਾਤਰਾ ਦਸਤਾਵੇਜ਼ (5“4) ਜਾਰੀ ਕੀਤੇ ਗਏ ਸਨ, ਉਨ੍ਹਾਂ ਸਾਰਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿਉਂਕਿ ਕਈ ਵਾਰ ਵਿਅਕਤੀ ਅਪੀਲ ਦਾਇਰ ਕਰਦੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ, ਅਮਰੀਕਾ ਤੋਂ ਕੱਢੇ ਗਏ 1,703 ਭਾਰਤੀਆਂ ਵਿਚੋਂ, ਸੱਭ ਤੋਂ ਵੱਧ 620 ਲੋਕ ਪੰਜਾਬ ਤੋਂ ਹਨ। ਇਸ ਤੋਂ ਬਾਅਦ, ਹਰਿਆਣਾ ਤੋਂ 604, ਗੁਜਰਾਤ ਤੋਂ 245 ਅਤੇ ਜੰਮੂ-ਕਸ਼ਮੀਰ ਤੋਂ 10 ਲੋਕਾਂ ਨੂੰ ਅਮਰੀਕਾ ਵਲੋਂ ਕੱਢਿਆ ਗਿਆ ਸੀ। 6 ਲੋਕਾਂ ਦੇ ਰਾਜਾਂ ਦੀ ਸਪੱਸ਼ਟ ਪਛਾਣ ਨਹੀਂ ਹੋ ਸਕੀ।
ਦੱਸ ਦਈਏ ਕਿ ਕੇਂਦਰੀ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਦੇ ਅਨੁਸਾਰ, 20 ਜਨਵਰੀ ਤੋਂ 22 ਜੁਲਾਈ, 2025 ਦੇ ਵਿਚਕਾਰ ਅਮਰੀਕਾ ਤੋਂ ਦੇਸ਼ ਨਿਕਾਲਾ ਦਿਤੇ ਗਏ 1,703 ਭਾਰਤੀਆਂ ਵਿਚੋਂ 1,562 ਪੁਰਸ਼ ਅਤੇ 141 ਔਰਤਾਂ ਸਨ।
ਡੀ.ਐਮ.ਕੇ. ਸੰਸਦ ਮੈਂਬਰ ਕਨੀਮੋਝੀ ਨੇ ਵਿਦੇਸ਼ ਮੰਤਰਾਲੇ ਨੂੰ ਇਹ ਵੀ ਪੁੱਛਿਆ ਕਿ ਕੀ ਭਾਰਤ ਸਰਕਾਰ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਨਾਗਰਿਕਾਂ ਨਾਲ ਬਿਹਤਰ ਤਾਲਮੇਲ ਅਤੇ ਮਨੁੱਖੀ ਵਿਵਹਾਰ ਲਈ ਕੋਈ ਕੂਟਨੀਤਕ ਕਦਮ ਚੁੱਕੇ ਹਨ। ਇਸ ’ਤੇ, ਮੰਤਰੀ ਨੇ ਜਵਾਬ ਦਿਤਾ ਕਿ ਭਾਰਤ ਸਰਕਾਰ ਇਸ ਮੁੱਦੇ ’ਤੇ ਅਮਰੀਕਾ ਨਾਲ ਲਗਾਤਾਰ ਸੰਪਰਕ ਵਿਚ ਹੈ।