ਪੁਲਿਸ ਨੇ ਤਿੰਨ ਆਰੋਪੀਆਂ ਖ਼ਿਲਾਫ਼ ਮਾਮਲਾ ਕੀਤਾ ਦਰਜ, ਦੋ ਆਰੋਪੀ ਗ੍ਰਿਫ਼ਤਾਰ
ਲਖਨਊ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਇਕ ਨਾਬਾਲਗ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪੀ ਅਤੇ ਉਸ ਦੇ ਸਾਥੀਆਂ ਵੱਲੋਂ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ। ਆਰੋਪੀਆਂ ਨੇ ਇਥੇ ਹੀ ਬੱਸ ਨਹੀਂ ਕੀਤੀ ਸਗੋਂ ਨਾਬਾਲਗ ਦਾ ਅਸ਼ਲੀਲ ਵੀਡੀਓ ਬਣਾਇਆ ਅਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ ਉਸ ਨਾਲ ਦੋ ਦਿਨਾਂ ਤੱਕ ਦਰਿੰਦਗੀ ਕੀਤੀ। ਪੀੜਤਾ ਕਿਸੇ ਤਰ੍ਹਾਂ ਆਰੋਪੀਆਂ ਦੇ ਚੁੰਗਲ ’ਚੋਂ ਭੱਜ ਕੇ ਸਰੋਜਨੀ ਨਗਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ।
ਜ਼ਿਕਰਯੋਗ ਹੈ ਕਿ 15 ਸਾਲਾ ਪੀੜਤਾ ਨੇ ਡੇਢ ਮਹੀਨੇ ਪਹਿਲਾਂ ਇੰਸਟਾਗ੍ਰਾਮ ’ਤੇ ਵਿਮਲ ਯਾਦਵ ਨਾਮੀ ਸਖਸ਼ ਤੇ ਨਾਲ ਦੋਸਤੀ ਹੋਈ ਸੀ। ਦੋਸਤੀ ਹੋਣ ਤੋਂ ਬਾਅਦ ਦੋਵਾਂ ਦਰਮਿਆਨ ਗੱਲਬਾਤ ਸ਼ੁਰੂ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਵਿਮਲ ਦੇ ਕਹਿਣ ’ਤੇ ਪੀੜਤਾ 2 ਨਵੰਬਰ ਨੂੰ ਰਾਤੀਂ 10 ਵਜੇ ਘਰ ਤੋਂ ਚਲੀ ਗਈ। ਮੰਗਲਵਾਰ ਨੂੰ ਜਦੋਂ ਉਹ ਘਰ ਵਾਪਸ ਪਰਤੀ ਤਾਂ ਉਸ ਨੇ ਆਪਬੀਤੀ ਘਰ ਵਾਲਿਆਂ ਨੂੰ ਦੱਸੀ। ਜਿਸ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੇ ਸਰੋਜਨੀ ਨਗਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਪੀੜਤਾ ਦੇ ਘਰ ਵਾਲਿਆਂ ਨੇ ਦੱਸਿਆ ਕਿ ਵਿਮਲ ਦੇ ਨਾਲ ਦੋ ਹੋਰ ਲੜਕੇ ਵੀ ਸਨ।
ਸਰੋਜਨੀ ਨਗਰ ਥਾਣੇ ਦੇ ਐਸ.ਐਚ.ਓ. ਨੇ ਦੱਸਿਆ ਕਿ ਇਸ ਮਾਮਲੇ ’ਚ ਵਿਮਲ ਸਮੇਤ ਤਿੰਨ ਆਰੋਪੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਜਦਕਿ ਦੋ ਆਰੋਪੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
